ਹਰਿਆਣਾ: ਜੇਜੇਪੀ ਆਗੂ ਅਨੂਪ ਧਾਨਕ, ਰਾਮ ਕੁਮਾਰ ਗੌਤਮ ਤੇ ਜੋਗੀ ਰਾਮ ਸਿਹਾਗ ਭਾਜਪਾ ’ਚ ਸ਼ਾਮਲ
06:55 PM Sep 01, 2024 IST
ਚੰਡੀਗੜ੍ਹ, 1 ਸਤੰਬਰ
ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਸਾਬਕਾ ਆਗੂ ਅਨੂਪ ਧਾਨਕ, ਰਾਮ ਕੁਮਾਰ ਗੌਤਮ ਅਤੇ ਜੋਗੀ ਰਾਮ ਸਿਹਾਗ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਆਗੂਆਂ ਨੇ ਹਾਲ ਹੀ ਵਿੱਚ ਜੇਜੇਪੀ ਛੱਡੀ ਸੀ। ਇਨ੍ਹਾਂ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਹਰਿਆਣਾ ’ਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਧਿਰ ਨੂੰ ਮਜ਼ਬੂਤੀ ਮਿਲੇਗੀ।
ਅੰਬਾਲਾ ਦੀ ਮੇਅਰ ਸ਼ਕਤੀ ਰਾਣੀ ਸ਼ਰਮਾ ਸਣੇ ਤਿੰਨੋਂ ਆਗੂਆਂ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਮੋਹਨ ਲਾਲ ਬਡੋਲੀ ਅਤੇ ਪਾਰਟੀ ਦੇ ਪ੍ਰਦੇਸ਼ ਮਾਮਲਿਆਂ ਦੇ ਸਹਿ-ਇੰਚਾਰਜ ਬਿਪਲਬ ਕੁਮਾਰ ਦੇਬ ਨੇ ਜੀਂਦ ਵਿੱਚ ਇਕ ਰੈਲੀ ’ਚ ਭਾਜਪਾ ਵਿੱਚ ਸਵਾਗਤ ਕੀਤਾ। ਸ਼ਕਤੀ ਰਾਣੀ ਸ਼ਰਮਾ ਹਰਿਆਣਾ ਜਨਚੇਤਨਾ ਪਾਰਟੀ ਦੇ ਮੁਖੀ ਅਤੇ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੀ ਪਤਨੀ ਹੈ। ਜੀਂਦ ਵਿੱਚ ਹੋਏ ਇਸ ਸਮਾਰੋਹ ਵਿੱਚ ਉਨ੍ਹਾਂ ਦੇ ਪੁੱਤਰ ਅਤੇ ਆਜ਼ਾਦ ਰਾਜ ਸਭਾ ਮੈਂਬਰ ਕਾਰਤਿਕੇ ਸ਼ਰਮਾ ਵੀ ਹਾਜ਼ਰ ਸਨ। -ਪੀਟੀਆਈ
Advertisement
Advertisement