ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰ ਖੋਖਰ ਦਾ ਸਨਮਾਨ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 28 ਜਨਵਰੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵਾਰਡ ਨੰਬਰ 28 ਤੋਂ ਜੇਤੂ ਉਮੀਦਵਾਰ ਇਕਬਾਲ ਸਿੰਘ ਖੋਖਰ ਦਾ ਗੁਰਦੁਆਰਾ ਪੁਰਾਣਾ ਬਾਜ਼ਾਰ ਪਹੁੰਚਣ ’ਤੇ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ। ਇਨ੍ਹਾਂ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ, ਸ੍ਰੀ ਸੁਖਮਨੀ ਸੇਵਾ ਸੁਸਾਇਟੀ, ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਗਤਕਾ ਅਕੈਡਮੀ, ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਸਣੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਸਨ। ਸ਼੍ਰੋਮਣੀ ਭਗਤ ਬਾਬਾ ਨਾਮਦੇਵ ਸਭਾ ਅਤੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਸਨਮਾਨ ਤੋਂ ਪਹਿਲਾਂ, ਸ੍ਰੀ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਗੁਰਦੁਆਰੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਮਗਰੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ’ਤੇ ਗੁਰਦੁਆਰਾ ਪ੍ਰਬੰਧਕ ਵਰਿੰਦਰ ਸਿੰਘ ਨੇ ਜੇਤੂ ਉਮੀਦਵਾਰ ਇਕਬਾਲ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਜੇਤੂ ਉਮੀਦਵਾਰ ਇਕਬਾਲ ਸਿੰਘ ਖੋਖਰ ਨੇ ਗੁਰਦੁਆਰੇ ਵਿੱਚ ਸਬੰਧਤ ਸੰਸਥਾਵਾਂ ਦੇ ਵਾਲੰਟੀਅਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਲਾਕੇ ਦੀ ਸੰਗਤ ਨੇ ਉਨ੍ਹਾਂ ਨੂੰ ਜਿਤਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਇਸ ਤਹਿਤ ਗੁਰਦੁਆਰਿਆਂ ਵਿੱਚ ਪ੍ਰਬੰਧਾਂ ਅਤੇ ਮੁਸ਼ਕਲਾਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਮੌਕੇ ਗ੍ਰੰਥੀ ਕਿਸ਼ਨ ਸਿੰਘ, ਰਣਜੀਤ ਸਿੰਘ ਭਾਨੀਖੇੜਾ, ਤੇਜਿੰਦਰ ਸਿੰਘ ਔਜਲਾ, ਮਨਜੀਤ ਸਿੰਘ ਰਤੀਆ, ਅਮਰੀਕ ਸਿੰਘ ਪੱਕੀ, ਜਗਸੀਰ ਸਿੰਘ, ਅਜਾਇਬ ਸਿੰਘ ਮੰਡੇਰ, ਬਲਵਿੰਦਰ ਸਿੰਘ, ਬਾਬੂ ਸਿੰਘ, ਚਰਨਜੀਤ ਸਿੰਘ, ਕਮਲਜੀਤ ਸਿੰਘ ਮਾਨ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਰੁਪੇਸ਼ ਸਿੰਘ ਮੌਜੂਦ ਸਨ।