ਹਰਿਆਣਾ ਗੁਰਦੁਆਰਾ ਕਮੇਟੀ ਦੇ ਉਮੀਦਵਾਰ ਸਬੰਧੀ ਮੀਟਿੰਗ ਬੇਸਿੱਟਾ
ਪੱਤਰ ਪ੍ਰੇਰਕ
ਫਰੀਦਾਬਾਦ, 25 ਦਸੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਫਰੀਦਾਬਾਦ ਦੇ ਸੈਂਟਰਲ ਗਰੀਨ ਦੇ ਦਰਬਾਰ ਸਾਹਿਬ ਗੁਰਦੁਆਰੇ ਵਿੱਚ ਅੱਜ ਵੱਖ-ਵੱਖ ਸਥਾਨਕ ਸਿੱਖ ਆਗੂਆਂ ਦੀ ਦਿੱਲੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨਾਲ ਉਹ ਮੀਟਿੰਗ ਬੇਸਿੱਟਾ ਰਹੀ ਜਿਸ ਵਿੱਚ ਇੱਕ ਉਮੀਦਵਾਰ ’ਤੇ ਸਹਿਮਤੀ ਬਣਾਉਣ ਦੀ ਕਥਿਤ ਕੋਸ਼ਿਸ਼ ਕੀਤੀ ਜਾ ਰਹੀ ਸੀ।
ਸਿੱਖ ਆਗੂਆਂ ਵੱਲੋਂ ਇੱਕ ਉਮੀਦਵਾਰ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਇਤਰਾਜ਼ ਉਠਾਇਆ ਗਿਆ ਅਤੇ ਹੋਰ ਸੰਭਾਵੀ ਉਮੀਦਵਾਰਾਂ ਨੂੰ ਇਸ ਮੀਟਿੰਗ ਵਿੱਚ ਬੁਲਾਉਣ ਜਾਂ ਸੰਭਾਵੀ ਉਮੀਦਵਾਰਾਂ ਵੱਲੋਂ ਹਾਜ਼ਰ ਨਾ ਹੋਣ ਦਾ ਮੁੱਦਾ ਉਭਰਨ ਕਰਕੇ ਇਹ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਦੌਰਾਨ ਸੈਕਟਰ 15 ਸਿੰਘ ਸਭਾ ਦੇ ਅਮਰਜੀਤ ਸਿੰਘ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਰੀਦਾਬਾਦ ਤੋਂ ਮੌਜੂਦਾ ਮੈਂਬਰ ਸ੍ਰੀਮਤੀ ਰਾਣਾ ਕੌਰ ਭੱਟੀ ਸਣੇ ਹੋਰ ਆਗੂਆਂ ਨੇ ਮੀਟਿੰਗ ਦੇ ਏਜੰਡੇ ਨੂੰ ਲੈ ਕੇ ਹੀ ਸਵਾਲ ਉਠਾ ਦਿੱਤੇ। ਇਸ ਦੌਰਾਨ ਅਮਰਜੀਤ ਸਿੰਘ ਨੇ ਕਿਹਾ ਇੱਕ ਉਮੀਦਵਾਰ ਖ਼ੁਦ ਨੂੰ ਸਾਂਝਾ ਉਮੀਦਵਾਰ ਐਲਾਨ ਕਰਵਾਉਣਾ ਚਾਹੁੰਦਾ ਹੈ ਅਤੇ ਇਹ ਇਕੱਠ ਇਕ ਪਾਸੜ ਹੋਣ ਤੋਂ ਰੋਕਿਆ ਗਿਆ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਪੰਚਾਇਣ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਖ਼ਾਲਸਾ ਦੇ ਸਮਰਥਕਾਂ ਨੇ ਵੀ ਇਸ ਮੀਟਿੰਗ ’ਤੇ ਇਤਰਾਜ਼ ਪ੍ਰਗਟਾਇਆ। ਉਧਰ, ਸੰਭਾਵੀ ਉਮੀਦਵਾਰ ਰਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਅਗਲੀ ਮੀਟਿੰਗ ਫਿਰ ਕੀਤੀ ਜਾਵੇਗੀ। ਉਨ੍ਹਾਂ ਮੀਟਿੰਗ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰ ਸਥਾਨਕ ਆਗੂ ਵੀ ਮੀਟਿੰਗ ਵਿੱਚ ਸ਼ਾਮਲ ਹੋਏ।