For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਪ੍ਰਬੰਧਕੀ ਮੀਟਿੰਗਾਂ ਤੋਂ ਰੋਕ ਹਟਾਈ

08:04 AM Oct 06, 2023 IST
ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਪ੍ਰਬੰਧਕੀ ਮੀਟਿੰਗਾਂ ਤੋਂ ਰੋਕ ਹਟਾਈ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਅਕਤੂਬਰ
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹਰਿਆਣਾ ਵਿੱਚ ਬਣੀ ਨਵੀਂ ਗੁਰਦੁਆਰਾ ਕਮੇਟੀ ਦੀਆਂ ਪ੍ਰਬੰਧਕੀ ਮੀਟਿੰਗਾਂ ’ਤੇ ਲਾਈ ਗਈ ਰੋਕ ਹਟਾ ਦਿੱਤੀ ਹੈ। ਇਹ ਖੁਲਾਸਾ ਸ੍ਰੀ ਅਕਾਲ ਤਖਤ ਵੱਲੋਂ ਹਰਿਆਣਾ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਨੂੰ ਭੇਜੇ ਗਏ ਪੱਤਰ ਤੋਂ ਹੋਇਆ।
ਇਹ ਪੱਤਰ 4 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਤੋਂ ਜਥੇਦਾਰ ਦੇ ਨਿੱਜੀ ਸਹਾਇਕ ਵੱਲੋਂ ਜਾਰੀ ਕੀਤਾ ਗਿਆ, ਜਿਸ ਦੀ ਪੁਸ਼ਟੀ ਅਕਾਲ ਤਖਤ ਦੇ ਸਕੱਤਰੇਤ ਵੱਲੋਂ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਪੱਤਰ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ 14 ਅਗਸਤ ਨੂੰ ਗੁਰਦੁਆਰਾ ਪਾਤਸ਼ਾਹੀ ਅੱਠਵੀਂ, ਪੰਜੋਖਰਾ ਸਾਹਿਬ ਵਿਖੇ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਇਸ ਘਟਨਾ ਸਬੰਧੀ ਪੜਤਾਲ ਕਮੇਟੀ ਦੀ ਰਿਪੋਰਟ ਪੁੱਜੀ ਹੈ। ਰਿਪੋਰਟ ਨੂੰ ਵਾਚਣ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਹਰਿਆਣਾ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਭਵਿੱਖ ਵਿੱਚ ਸਿੱਖ ਰਹਿਤ ਮਰਿਆਦਾ ਦਾ, ਆਪਣੀ ਬੋਲ ਚਾਲ ਦੀ ਭਾਸ਼ਾ ਆਦਿ ਦਾ ਧਿਆਨ ਰੱਖਣ ਅਤੇ ਅਜਿਹਾ ਕੋਈ ਕਾਰਜ ਨਾ ਕੀਤਾ ਜਾਵੇ ਜਿਸ ਨਾਲ ਸੰਗਤ ਵਿੱਚ ਗਲਤ ਸੁਨੇਹਾ ਜਾਵੇ। ਪੱਤਰ ਵਿੱਚ ਨਿੱਜੀ ਸਹਾਇਕ ਨੇ ਲਿਖਿਆ ਕਿ ਜਥੇਦਾਰ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਕੱਤਰਤਾਵਾਂ ਅਤੇ ਕੰਮਕਾਜ ’ਤੇ ਲਾਈ ਗਈ ਰੋਕ ਹਟਾ ਦਿੱਤੀ ਗਈ। ਦੱਸਣਯੋਗ ਹੈ ਕਿ 14 ਅਗਸਤ ਨੂੰ ਹੋਈ ਮੀਟਿੰਗ ਦੌਰਾਨ ਹਰਿਆਣਾ ਕਮੇਟੀ ਦੇ ਮੈਂਬਰਾਂ ਵਿਚਾਲੇ ਤਕਰਾਰ ਅਤੇ ਝਗੜਾ ਹੋਇਆ ਸੀ, ਜਿਸ ਦੌਰਾਨ ਇੱਕ ਦੂਜੇ ਖਿਲਾਫ਼ ਗਲਤ ਸ਼ਬਦਾਵਲੀ ਵੀ ਵਰਤੀ ਗਈ ਸੀ। ਇਸ ਦੀ ਸ਼ਿਕਾਇਤ ਅਕਾਲ ਤਖ਼ਤ ’ਤੇ ਕੀਤੇ ਜਾਣ ਮਗਰੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਾਂਚ ਕਮੇਟੀ ਕਾਇਮ ਕਰਦਿਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਬੰਧਕੀ ਮੀਟਿੰਗਾਂ ’ਤੇ ਰੋਕ ਲਾ ਦਿੱਤੀ ਸੀ। ਅਕਾਲ ਤਖ਼ਤ ਦੇ ਸੂਤਰਾਂ ਮੁਤਾਬਕ ਇਸ ਮਾਮਲੇ ’ਚ ਜਾਂਚ ਕਮੇਟੀ ਵੱਲੋਂ ਦੋ ਵਾਰ ਪੜਤਾਲੀਆ ਦੌਰਾ ਕੀਤਾ ਹੈ ਪਰ ਇਸ ਦੌਰਾਨ ਸ਼ਿਕਾਇਤਕਰਤਾ ਧਿਰ ਦੇ ਮੈਂਬਰ ਜਾਂਚ ਕਮੇਟੀ ਨੂੰ ਨਹੀਂ ਮਿਲੇ। ਜਾਂਚ ਕਮੇਟੀ ਨੇ ਇਸ ਮਗਰੋਂ ਆਪਣੀ ਰਿਪੋਰਟ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪ ਦਿੱਤੀ ਸੀ, ਜਿਸ ਦੇ ਆਧਾਰ ’ਤੇ ਹਰਿਆਣਾ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਮੈਂਬਰਾਂ ਨੂੰ ਮਰਿਆਦਾ ਨੂੰ ਕਾਇਮ ਰੱਖਣ ਹੁਕਮ ਦਿੰਦਿਆਂ ਰੋਕ ਹਟਾ ਦਿੱਤੀ ਗਈ ਹੈ।

Advertisement

Advertisement
Author Image

Advertisement
Advertisement
×