For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਸਰਕਾਰ ਨੇ ਹਥਨੀਕੁੰਡ ਬੈਰਾਜ ਦੇ ਗੇਟ ਬੰਦ ਕੀਤੇ: ਆਤਿਸ਼ੀ

07:33 AM Jun 24, 2024 IST
ਹਰਿਆਣਾ ਸਰਕਾਰ ਨੇ ਹਥਨੀਕੁੰਡ ਬੈਰਾਜ ਦੇ ਗੇਟ ਬੰਦ ਕੀਤੇ  ਆਤਿਸ਼ੀ
ਆਤਿਸ਼ੀ ਦੀ ਸਿਹਤ ਦੀ ਜਾਂਚ ਕਰਦੇ ਹੋਏ ਡਾਕਟਰ।
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜੂਨ
‘ਆਪ’ ਸਰਕਾਰ ਦੀ ਜਲ ਮੰਤਰੀ ਆਤਿਸ਼ੀ ਵੱਲੋਂ ਦਿੱਲੀ ਦੇ ਪਾਣੀ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰੱਖੀ। ਇਸ ਮੌਕੇ ਉਨ੍ਹਾਂ ਨੇ ਹਰਿਆਣਾ ਸਰਕਾਰ ’ਤੇ ਦਿੱਲੀ ਲਈ ਪਾਣੀ ਭੇਜਣ ਵਾਲੇ ਹਥਨੀਕੁੰਡ ਬੈਰਾਜ ਦੇ ਗੇਟ ਬੰਦ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਾ ਪਾਣੀ ਨਹੀਂ ਮਿਲ ਜਾਂਦਾ ਉਹ ਆਪਣੀ ਭੁੱਖ ਹੜਤਾਲ ਜਾਰੀ ਰੱਖਣਗੇ।
ਜਲ ਮੰਤਰੀ ਆਤਿਸ਼ੀ ਨੇ ਕਿਹਾ, ‘‘ਅੱਜ ਮੇਰੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਤੀਜਾ ਦਿਨ ਹੈ। ਮੈਂ ਇਸ ਵਰਤ ’ਤੇ ਇਸ ਲਈ ਬੈਠੀ ਹਾਂ ਕਿਉਂਕਿ ਦਿੱਲੀ ’ਚ ਪਾਣੀ ਦਾ ਬਹੁਤ ਵੱਡਾ ਸੰਕਟ ਹੈ। ਦਿੱਲੀ ਕੋਲ ਆਪਣਾ ਪਾਣੀ ਨਹੀਂ ਹੈ, ਇੱਥੇ ਸਾਰਾ ਪਾਣੀ ਗੁਆਂਢੀ ਰਾਜਾਂ ਤੋਂ ਆਉਂਦਾ ਹੈ। ਦਿੱਲੀ ਨੂੰ ਕੁੱਲ 1005 ਐੱਮਜੀਡੀ ਪਾਣੀ ਦੀ ਲੋੜ ਹੈ, ਜਿਸ ਵਿੱਚੋਂ 613 ਮਿਲੀਅਨ ਗੈਲਨ ਪਾਣੀ ਹਰ ਰੋਜ਼ ਹਰਿਆਣਾ ਤੋਂ ਆਉਂਦਾ ਹੈ ਪਰ ਪਿਛਲੇ 3 ਹਫਤਿਆਂ ਤੋਂ ਹਰਿਆਣਾ ਦਿੱਲੀ ਨੂੰ ਘੱਟ ਪਾਣੀ ਛੱਡ ਰਿਹਾ ਹੈ। ਹਰਿਆਣਾ ਸਿਰਫ਼ 513 ਐੱਮਜੀਡੀ ਪਾਣੀ ਦੇ ਰਿਹਾ ਹੈ ਭਾਵ ਰੋਜ਼ਾਨਾ 100 ਮਿਲੀਅਨ ਗੈਲਨ ਘੱਟ ਪਾਣੀ ਛੱਡਿਆ ਜਾ ਰਿਹਾ ਹੈ। ਇੱਕ ਐੱਮਜੀਡੀ ਨਾਲ 28,500 ਲੋਕਾਂ ਨੂੰ ਪਾਣੀ ਮੁਹੱਈਆ ਹੁੰਦਾ ਹੈ। ਹਰਿਆਣਾ ਵੱਲੋਂ 100 ਐੱਮਜੀਡੀ ਘੱਟ ਪਾਣੀ ਛੱਡਣ ਨਾਲ ਦਿੱਲੀ ਦੇ 28 ਲੱਖ ਲੋਕ ਪ੍ਰਭਾਵਿਤ ਹੋ ਰਹੇ ਹਨ।’’
ਆਤਿਸ਼ੀ ਨੇ ਕਿਹਾ, ‘‘ਹਰਿਆਣਾ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਕੋਲ ਪਾਣੀ ਨਹੀਂ ਹੈ ਤੇ ਉਹ ਦਿੱਲੀ ਨੂੰ ਪਾਣੀ ਕਿਵੇਂ ਦੇ ਸਕਦੀ ਹੈ ਪਰ ਕੱਲ੍ਹ ਜਦੋਂ ਕਈ ਪੱਤਰਕਾਰ ਹਥਨੀਕੁੰਡ ਬੈਰਾਜ ਗਏ, ਜਿੱਥੋਂ ਦਿੱਲੀ ਲਈ ਪਾਣੀ ਛੱਡਿਆ ਜਾਂਦਾ ਹੈ।
ਉੱਥੇ ਹਰ ਕਿਸੇ ਨੇ ਫੋਟੋ ਖਿੱਚੀ ਅਤੇ ਵੀਡੀਓ ਬਣਾਈ, ਜਿਸ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਹਥਨੀਕੁੰਡ ਬੈਰਾਜ ’ਚ ਪਾਣੀ ਭਰਿਆ ਹੋਇਆ ਹੈ ਪਰ ਦਿੱਲੀ ਲਈ ਪਾਣੀ ਛੱਡਣ ਵਾਲੇ ਗੇਟ ਬੰਦ ਕੀਤੇ ਹੋਏ ਹਨ। ਮੈਂ ਹੱਥ ਜੋੜ ਕੇ ਹਰਿਆਣਾ ਸਰਕਾਰ ਨੂੰ ਹਥਨੀਕੁੰਡ ਬੈਰਾਜ ਦੇ ਦਰਵਾਜ਼ੇ ਖੋਲ੍ਹਣ ਦੀ ਬੇਨਤੀ ਕਰਦੀ ਹਾਂ।’’

Advertisement

ਡਾਕਟਰਾਂ ਨੂੰ ਆਤਿਸ਼ੀ ਦੀ ਸਿਹਤ ਵਿਗੜਨ ਦਾ ਖਦਸ਼ਾ

ਡਾਕਟਰਾਂ ਦੀ ਇੱਕ ਟੀਮ ਨੇ ਭੁੱਖ ਹੜਤਾਲ ਦੇ ਤੀਜੇ ਦਿਨ ਆਤਿਸ਼ੀ ਦੀ ਸਿਹਤ ਜਾਂਚ ਕੀਤੀ। ਜਾਂਚ ਦੌਰਾਨ ਡਾਕਟਰਾਂ ਨੇ ਜਲ ਮੰਤਰੀ ਦੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਪੱਧਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਭਾਰ ਵੀ ਘਟਿਆ ਹੈ। ਪਹਿਲੇ ਦਿਨ ਦੇ ਮੁਕਾਬਲੇ ਤੀਜੇ ਦਿਨ ਜਲ ਮੰਤਰੀ ਆਤਿਸ਼ੀ ਦਾ ਬਲੱਡ ਸ਼ੂਗਰ ਪੱਧਰ 26 ਯੂਨਿਟ ਘੱਟ ਗਿਆ ਹੈ। ਆਤਿਸ਼ੀ ਦਾ ਡਾਇਸਟੋਲਿਕ (ਲੋਅਰ) ਬਲੱਡ ਪ੍ਰੈਸ਼ਰ ਵੀ 56 ਐੱਮਐੱਮਐੱਚਜੀ ਤੱਕ ਪਹੁੰਚ ਗਿਆ ਹੈ। ਡਾਕਟਰਾਂ ਮੁਤਾਬਕ ਜਿਸ ਰਫ਼ਤਾਰ ਨਾਲ ਜਲ ਮੰਤਰੀ ਆਤਿਸ਼ੀ ਦਾ ਬਲੱਡ ਸ਼ੂਗਰ ਪੱਧਰ ਅਤੇ ਬਲੱਡ ਪ੍ਰੈਸ਼ਰ ਘਟਿਆ ਹੈ, ਉਹ ਖ਼ਤਰਨਾਕ ਹੈ। ਹੁਣ ਜਲ ਮੰਤਰੀ ਆਤਿਸ਼ੀ ਦਾ ਯੂਰਿਨ ਕੀਟੋਨ ਲੈਵਲ ਵੀ ਪਾਜ਼ੇਟਿਵ ਆਇਆ ਹੈ। ਡਾਕਟਰਾਂ ਮੁਤਾਬਕ ਜੇਕਰ ਵਰਤ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਉਸ ਦੇ ਸਰੀਰ ’ਚ ਕੀਟੋਨਸ ਦੀ ਮਾਤਰਾ ਵਧ ਸਕਦੀ ਹੈ, ਜੋ ਕਿ ਜਲ ਮੰਤਰੀ ਆਤਿਸ਼ੀ ਦੀ ਸਿਹਤ ਲਈ ਖਤਰਨਾਕ ਹੋਵੇਗਾ।

Advertisement

Advertisement
Author Image

sukhwinder singh

View all posts

Advertisement