ਹਰਿਆਣਾ ਸਰਕਾਰ ਵੱਲੋਂ ਅੰਬਾਲਾ ਦੇ ਡੀਸੀ ਸਣੇ ਅੱਠ ਅਧਿਕਾਰੀਆਂ ਦੇ ਤਬਾਦਲੇ
ਸਰਬਜੀਤ ਸਿੰਘ ਭੱਟੀ
ਅੰਬਾਲਾ, 2 ਫਰਵਰੀ
ਹਰਿਆਣਾ ਸਰਕਾਰ ਨੇ ਅੰਬਾਲਾ ਦੇ ਡੀਸੀ ਸਣੇ ਅੱਠ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਂਦਿਆਂ ਮੁੱਖ ਮੰਤਰੀ ਨਾਇਬ ਸੈਣੀ ਨੂੰ ਸਿੱਧੇ ਤੌਰ ’ਤੇ ਘੇਰਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਚੋਣਾਂ ਦੌਰਾਨ ਕਿਸੇ ਵੱਡੇ ਨੇਤਾ ਨੇ ਉਨ੍ਹਾਂ ਨੂੰ ਹਰਾਉਣ ਅਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਸ੍ਰੀ ਵਿੱਜ ਦੇ ਰਵੱਈਏ ਤੋਂ ਬਾਅਦ ਇਹ ਤਬਾਦਲੇ ਕੀਤੇ ਗਏ ਹਨ। ਸਰਕਾਰ ਨੇ ਅੰਬਾਲਾ ਦੇ ਡੀਸੀ ਪਾਰਥ ਗੁਪਤਾ ਨੂੰ ਬਦਲ ਕੇ ਅਨਿਲ ਵਿੱਜ ਦਾ ਗੁੱਸਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ।ਆਈਏਐੱਸ ਆਰਐੱਸ ਢਿੱਲੋਂ ਨੂੰ ਨੈਸ਼ਨਲ ਹੈਲਥ ਮਿਸ਼ਨ ਦਾ ਮਿਸ਼ਨ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਸਿਹਤ ਵਿਭਾਗ ਦੇ ਸਕੱਤਰ ਦੀ ਜ਼ਿੰਮੇਵਾਰੀ ਵੀ ਹੋਵੇਗੀ। ਆਈਏਐੱਸ ਅਜੈ ਸਿੰਘ ਤੋਮਰ ਹੁਣ ਅੰਬਾਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣਗੇ। ਯਮੁਨਾਨਗਰ ਦੇ ਜ਼ਿਲ੍ਹਾ ਡੀਸੀ ਨ ਮਨੋਜ ਕੁਮਾਰ ਨੂੰ ਹੁਨਰ ਵਿਕਾਸ ਮਿਸ਼ਨ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਅੰਬਾਲਾ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੂੰ ਯਮੁਨਾਨਗਰ ਦਾ ਡੀਸੀ ਨਿਯੁਕਤ ਕੀਤਾ ਗਿਆ ਹੈ। ਪ੍ਰਸ਼ਾਂਤ ਪਵਾਰ ਨੂੰ ਮੁੱਖ ਮੰਤਰੀ ਅੰਤੋਦਿਆ ਪਰਿਵਰਤਨ ਉਤਥਾਨ ਯੋਜਨਾ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਰਾਹੁਲ ਨਰਵਾਲ ਹੁਣ ਡਾਇਰੈਕਟਰ ਆਈਟੀ ਅਤੇ ਡਾਇਰੈਕਟਰ ਕਨਫੈੱਡ ਦੀ ਜ਼ਿੰਮੇਵਾਰੀ ਸੰਭਾਲਣਗੇ। ਵਿਵੇਕ ਅਗਰਵਾਲ ਨੂੰ ਡਾਇਰੈਕਟਰ ਐਲੀਮੈਂਟਰੀ ਐਜੂਕੇਸ਼ਨ ਅਤੇ ਆਈਏਐੱਸ ਆਨੰਦ ਕੁਮਾਰ ਸ਼ਰਮਾ ਨੂੰ ਮਹਿੰਦਰਗੜ੍ਹ ਦਾ ਮਿਉਂਸੀਪਲ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।