ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ’ਤੇ ਚਾਰ ਫੁੱਟ ਰਾਹ ਖੋਲ੍ਹਣ ਦੇ ਆਸਾਰ
ਖੇਤਰੀ ਪ੍ਰਤੀਨਿਧ
ਸ਼ੰਭੂ ਬਾਰਡਰ (ਪਟਿਆਲਾ), 27 ਨਵੰਬਰ
ਕਿਸਾਨ ਮੋਰਚੇ ਕਾਰਨ ਸਾਢੇ ਨੌਂ ਮਹੀਨਿਆਂ ਤੋਂ ਬੰਦ ਸ਼ੰਭੂ ਬਾਰਡਰ ’ਤੇ ਪੈਦਲ ਚੱਲਣ ਲਈ ਚਾਰ ਫੁੱਟ ਰਾਹ ਖੁੱਲ੍ਹਣ ਦੇ ਆਸਾਰ ਹਨ। ਭਾਵੇਂ ਇਸ ਸਬੰਧੀ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋਈ ਪਰ ਇਸ ਗੱਲ ਦੀ ਚਰਚਾ ਜ਼ੋਰਾਂ ’ਤੇ ਹੈ ਕਿ ਹਰਿਆਣਾ ਸਰਕਾਰ ਛੇਤੀ ਹੀ ਸ਼ੰਭੂ ਬਾਰਡਰ ’ਤੇ ਚਾਰ ਫੁੱਟ ਰਾਹ ਖੋਲ੍ਹਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਰਸਤਾ ਫਰਵਰੀ ਦੇ ਸ਼ੁਰੂਆਤੀ ਦਿਨਾਂ ਤੋਂ ਬੰਦ ਹੈ। ਦਿੱਲੀ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਫਰਵਰੀ ’ਚ ਜਦੋਂ ਹਜ਼ਾਰਾਂ ਕਿਸਾਨ ਦਿੱਲੀ ਵੱਲ ਕੂਚ ਕਰਦੇ ਸ਼ੰਭੂ ਬਾਰਡਰ ’ਤੇ ਪਹੁੰਚੇ ਸਨ ਤਾਂ ਅੱਗੇ ਹਰਿਆਣਾਂ ਸਰਕਾਰ ਨੇ ਇਥੇ ਰੋਕਾਂ ਲਾ ਕੇ ਬਾਰਡਰ ਬੰਦ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਕਿਸਾਨ ਆਗੂਆਂ ਨੇ 6 ਜਨਵਰੀ ਨੂੰ ਪੈਦਲ ਹੀ ਦਿੱਲੀ ਜਾਣ ਦਾ ਐਲਾਨ ਕੀਤਾ ਹੈ ਜਿਸ ਮਗਰੋਂ ਸ਼ੰਭੂ ਬਾਰਡਰ ’ਤੇ ਭੰਨਤੋੜ ਦੀ ਹੱਲ ਚੱਲ ਸ਼ੁਰੂ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਹਰਿਆਣਾ ਸਰਕਾਰ ਪੈਦਲ ਚੱਲਣ ਲਈ ਚਾਰ ਫੁੱਟ ਰਾਹ ਖੋਲ੍ਹਣ ਦੇ ਰੌਂਅ ’ਚ ਹੈ। ਇਸੇ ਦੌਰਾਨ ਤਿੰਨ ਦਿਨ ਪਹਿਲਾਂ ਹੀ ਸਾਬਕਾ ਮੰਤਰੀ ਪਰਨੀਤ ਕੌਰ ਦੇ ਯਤਨਾਂ ਸਦਕਾ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਹੇਠਾਂ ਇਲਾਕੇ ਦੇ ਇੱਕ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਮੁਲਾਕਾਤ ਕਰਕੇ ਸ਼ੰਭੂ ਬਾਰਡਰ ਖੋਲ੍ਹਣ ਦੀ ਬੇਨਤੀ ਵੀ ਕੀਤੀ ਸੀ।
ਰਾਹ ਖੁੱਲ੍ਹੇ ਜਾਂ ਨਾ ਅਸੀਂ ਦਿੱਲੀ ਜਾਵਾਂਗੇ: ਪੰਧੇਰ
ਦਿੱਲੀ ਜਾਣ ਦਾ ਐਲਾਨ ਕਰਨ ਵਾਲੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਛੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਉਨ੍ਹਾਂ ਕਿਹਾ ਕਿ ਇਹ ਰਾਹ ਖੁੱਲ੍ਹੇ ਜਾਂ ਨਾ ਉਹ ਦਿੱਲੀ ਜ਼ਰੂਰ ਜਾਣਗੇ।