ਹਰਿਆਣਾ ਸਰਕਾਰ ਵੱਲੋਂ ਆਯੂਸ਼ਮਾਨ ਸਕੀਮ ਦੀ ਸੀਮਾ ਤਿੰਨ ਲੱਖ ਰੁਪਏ ਕਰਨ ਦਾ ਐਲਾਨ
ਦੇਵਿੰਦਰ ਸਿੰਘ
ਯਮੁਨਾਨਗਰ, 12 ਅਗਸਤ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਕਾਨਾ ਪਿੰਡ ਦੇ ਜਨ ਸੰਵਾਦ ਪ੍ਰੋਗਰਾਮ ’ਚ ਆਯੂਸ਼ਮਾਨ ਕਾਰਡ ਸਕੀਮ ਦੀ ਸੀਮਾ 1 ਲੱਖ 80 ਹਜ਼ਾਰ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਸਾਲਾਨਾ ਕਰਨ ਦਾ ਐਲਾਨ ਕੀਤਾ ਹੈ। ਮੰਤਰੀ ਨੇ ਕਿਹਾ ਕਿ ਇਹ ਪੋਰਟਲ ਇੱਕ ਮਹੀਨੇ ਲਈ ਖੋਲ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਹਿਤ ਲਾਭਪਾਤਰੀ ਪਰਿਵਾਰ ਨੂੰ 1500 ਰੁਪਏ ਸਾਲਾਨਾ ਪ੍ਰੀਮੀਅਮ ਅਦਾ ਕਰਨਾ ਪਵੇਗਾ। ਹੁਣ ਤੱਕ ਹਰਿਆਣਾ ਸਰਕਾਰ ਆਯੁਸ਼ਮਾਨ ਯੋਜਨਾ ਤਹਿਤ 500 ਕਰੋੜ ਰੁਪਏ ਖਰਚ ਕਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪਿੰਡ ਬਕਾਨਾ ਵਿੱਚ ਹਰ ਸਾਲ ਪੰਚਾਇਤੀ ਰਾਜ ਵਿਕਾਸ ਕੰਮਾਂ ਲਈ 60 ਲੱਖ ਦਾ ਬਜਟ ਰੱਖਿਆ ਜਾਵੇਗਾ। ਹਰ ਪੰਚਾਇਤ ਦਾ ਹਿਸਾਬ ਬੀਡੀਪੀਓ ਰੱਖੇਗਾ। ਮੁੱਖ ਮੰਤਰੀ ਨੇ ਪਿੰਡ ਬਕਾਨਾ ਵਿੱਚ ਗ੍ਰਾਮ ਲਾਇਬ੍ਰੇਰੀ, ਟਿਊਬਵੈੱਲ, ਪਿੰਡ ਬਕਾਨਾ ਤੋਂ ਪਲਾਕਾ ਤੱਕ 5 ਕਿਲੋਮੀਟਰ ਸੜਕ ਨਿਰਮਾਣ ’ਤੇ 65 ਲੱਖ ਰੁਪਏ ਖਰਚ ਕਰਨ ਤੋਂ ਇਲਾਵਾ ਰਾਦੌਰ ਵਿਧਾਨ ਸਭਾ ਖੇਤਰ ਦੀਆਂ ਸੜਕਾਂ ਦੇ ਨਿਰਮਾਣ ’ਤੇ 25 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ।
ਇਸੇ ਤਰ੍ਹਾਂ ਰਾਦੌਰ ਹਲਕੇ ਦੇ ਪਿੰਡ ਅਲਾਹਰ ਦੇ ਸਰਕਾਰੀ ਸਕੂਲ ਵਿੱਚ ਜਨ ਸੰਵਾਦ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਲਕੱਤਾ ਤੋਂ ਯਮੁਨਾਨਗਰ ਤੱਕ ਮਾਲ ਕਾਰੀਡੋਰ ਦਾ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਇਸ ਗਲਿਆਰੇ ਨਾਲ ਯਮੁਨਾਨਗਰ ਦੇ ਵਪਾਰੀਆਂ ਨੂੰ ਫਾਇਦਾ ਹੋਵੇਗਾ। ਇਸ ਕੋਰੀਡੋਰ ਦੇ ਮੁਕੰਮਲ ਹੋਣ ਤੋਂ ਬਾਅਦ ਯਮੁਨਾਨਗਰ ਵਪਾਰਕ ਨਜ਼ਰੀਏ ਤੋਂ ਸਿੱਧੇ ਕਲਕੱਤਾ ਨਾਲ ਜੁੜ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਨੇ 30 ਲੱਖ ਰੁਪਏ ਦੀ ਲਾਗਤ ਨਾਲ ਬਣੇ ਗ੍ਰਾਮ ਸਕੱਤਰੇਤ ਦਾ ਉਦਘਾਟਨ ਕੀਤਾ ਅਤੇ ਰੈੱਡ ਕਰਾਸ ਦੀ ਤਰਫੋਂ ਲਾਭਪਾਤਰੀਆਂ ਨੂੰ ਟਰਾਈਸਾਈਕਲ ਅਤੇ ਸੁਣਨ ਵਾਲੀਆਂ ਮਸ਼ੀਨਾਂ ਵੀ ਵੰਡੀਆਂ ਅਤੇ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਨਾਲ ਉਨ੍ਹਾਂ ਦੇ ਉਤਪਾਦਾਂ ਬਾਰੇ ਸਿੱਧੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕਰਨਾਲ ਤੋਂ ਯਮੁਨਾਨਗਰ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਯੋਜਨਾ ਹੈ। ਇਸ ਯੋਜਨਾ ਨੂੰ ਰੇਲ ਮੰਤਰਾਲੇ ਰਾਹੀਂ ਜਲਦੀ ਹੀ ਲਾਗੂ ਕੀਤਾ ਜਾਵੇਗਾ। ਪਿੰਡ ਅਲਾਹਰ ਦੇ ਲੋਕਾਂ ਨੂੰ ਵੀ ਇਸ ਨਵੀਂ ਰੇਲਵੇ ਲਾਈਨ ਦੀ ਯੋਜਨਾ ਦਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਪਿੰਡ ਅਲਾਹਰ ਦੇ ਵਿਕਾਸ ਲਈ ਸਰਕਾਰ ਵੱਲੋਂ ਕਰੀਬ 7 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਗਿਆ ਹੈ ਤੇ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਸਰਕਾਰ ਵੱਲੋਂ ਹਰ ਸਾਲ 80 ਲੱਖ ਰੁਪਏ ਪੰਚਾਇਤੀ ਰਾਜ ਵਿਭਾਗ ਨੂੰ ਵਿਕਾਸ ਕਾਰਜਾਂ ਲਈ ਭੇਜੇ ਜਾਣਗੇ ਤੇ ਪਿੰਡ ਦੇ ਵਿਕਾਸ ’ਤੇ ਕੁੱਲ 1.25 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾਵੇਗਾ।
ਭਾਜਪਾ ਨੇ ਪਿਛਲੀਆਂ ਸਰਕਾਰਾਂ ਨਾਲੋਂ ਦੁੱਗਣੇ ਕੰਮ ਅੱਧੀ ਰਕਮ ’ਚ ਕੀਤੇ: ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇੱਥੇ ਕਿਹਾ ਕਿ ਪਿਛਲੇ 9 ਸਾਲਾਂ ’ਚ ਸੂਬੇ ਵਿੱਚ ਵੱਡੀ ਗਿਣਤੀ ਵਿਕਾਸ ਕਾਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਿਛਲੀਆਂ ਸਰਕਾਰਾਂ ਨਾਲੋਂ ਦੁੱਗਣੇ ਤੋਂ ਵੀ ਵੱਧ ਕੰਮ ਅੱਧੀ ਰਕਮ ’ਚ ਕੀਤੇ ਹਨ। ਮੁੱਖ ਮੰਤਰੀ ਅੱਜ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਦਾਮਲਾ ’ਚ ਕਰਵਾਏ ਗਏ ਜਨ ਸੰਵਾਦ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅਹਾਤੇ ਵਿੱਚ ਲਗਾਏ ਗਏ ਸਵੈ-ਸਹਾਇਤਾ ਗਰੁੱਪਾਂ ਦੇ ਸਟਾਲਾਂ ਦਾ ਦੌਰਾ ਕੀਤਾ ਅਤੇ ਪਿੰਡ ਦਾਮਲਾ ਵਿੱਚ 30 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਗ੍ਰਾਮ ਸਕੱਤਰੇਤ ਦਾ ਉਦਘਾਟਨ ਕੀਤਾ। ਉਨ੍ਹਾਂ ਰੈੱਡ ਕਰਾਸ ਸੁਸਾਇਟੀ ਵੱਲੋਂ ਤਿੰਨ ਲਾਭਪਾਤਰੀਆਂ ਨੂੰ ਵ੍ਹੀਲ ਚੇਅਰਾਂ ਵੀ ਵੰਡੀਆਂ। ਉਨ੍ਹਾਂ ਕਿਹਾ ਕਿ ਹਰਿਆਣਾ ਪਹਿਲਾ ਸੂਬਾ ਹੈ ਜਿੱਥੇ ਪਰਿਵਾਰ ਪਛਾਣ ਪੱਤਰ ਸ਼ੁਰੂ ਕੀਤਾ ਗਿਆ ਹੈ। ਪਿਹੋਵਾ ਤੋਂ ਹਰਿਦੁਆਰ ਤੱਕ ਚਹੁੰ-ਮਾਰਗੀ ਸੜਕ ਦੀ ਮੰਗ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕੇਂਦਰੀ ਸੜਕ ਤੇ ਟਰਾਂਸਪੋਰਟ ਮੰਤਰੀ ਨੂੰ ਮਿਲ ਕੇ ਖੇਤਰ ਦੇ ਲੋਕਾਂ ਦੀ ਸਮੱਸਿਆ ਹੱਲ ਕਰਵਾਉਣਗੇ