ਹਰਿਆਣਾ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਯਤਨ ਜਾਰੀ: ਨਾਇਬ ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਜੁਲਾਈ
ਲੋਕ ਸਭਾ ਹਲਕਾ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਅੱਜ ਪਿੰਡ ਰਾਮ ਸਰਨ ਮਾਜਰਾ ਵਿਚ ਹੜ੍ਹ ਕਾਰਨ ਮੌਤ ਦਾ ਸ਼ਿਕਾਰ ਹੋਏ ਦੋ ਵਿਅਕਤੀਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਟ ਕੀਤੇ। ਜਾਣਕਾਰੀ ਅਨੁਸਾਰ ਹੜ੍ਹ ਦੇ ਪਾਣੀ ਵਿੱਚ ਡੁੱਬਣ ਕਾਰਨ ਪਿੰਡ ਰਾਮ ਸਰਨ ਦੇ ਕਮਲ ਫੂਲ ਪੁੱਤਰ ਰੋਣਕੀ ਰਾਮ ਅਤੇ ਮਹੂਆ ਖੇੜੀ ਕਲੋਨੀ ਦੇ ਵਾਸੀ ਆਰੀਅਨ ਪੁੱਤਰ ਬਿਟੂ ਰਾਜ ਦੀ ਮੌਤ ਹੋ ਗਈ ਸੀ, ਜਨਿ੍ਹਾਂ ਦੇ ਵਾਰਸਾਂ ਨੂੰ ਲੋਕ ਸਭਾ ਮੈਂਬਰ ਨੇ ਘਰ ਪੁੱਜ ਕੇ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਨੂੰ ਫਸਲਾਂ, ਮਕਾਨਾਂ ਤੇ ਪਸ਼ੂਆਂ ਦੇ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੀੜਤ ਲੋਕਾਂ ਲਈ ਹਰ ਸੰਭਵ ਕਦਮ ਚੁੱਕ ਰਹੇ ਹਨ। ਨਾਇਬ ਸੈਣੀ ਨੇ ਕਿਹਾ ਕਿ ਹੜ੍ਹ ਕਾਰਨ ਮੌਤ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਵਾਰਸਾਂ ਨੂੰ 4 ਲੱਖ ਰੁਪਏ ਤੇ ਕਿਸਾਨਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਏਕੜ ਖਰਾਬੇ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਿ੍ਹਾਂ ਲੋਕਾਂ ਦੇ ਮਕਾਨਾਂ ਤੇ ਪਸ਼ੂਆਂ ਦਾ ਵੀ ਹੜ ਦੇ ਪਾਣੀ ਨਾਲ ਨੁਕਸਾਨ ਹੋਇਆ ਹੈ ਉਸ ਦਾ ਸਰਵੇਅ ਕਰਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਜੀਰੀ ਤੇ ਹੋਰ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਚਾਰੇ ਦੀ ਫਸਲ ਵੀ ਖਰਾਬ ਹੋ ਗਈ ਹੈ। ਮੁੱਖ ਮੰਤਰੀ ਨੇ ਪੀੜਤ ਲੋਕਾਂ ਦੀ ਮਦਦ ਲਈ ਪੋਰਟਲ ਖੋਲ ਦਿੱਤਾ ਹੈ, ਜਿਸ ’ਤੇ ਕਾਰਨ ਖਰਾਬੇ ਸਬੰਧੀ ਸ਼ਿਕਾਇਤ ਦੇ ਸਕਦੇ ਹਨ। ਇਸ ਮੌਕੇ ਸਾਬਕਾ ਵਿਧਾਇਕ ਡਾ. ਪਵਨ ਸੈਣੀ, ਐੱਸਡੀਐੱਮ ਨਸੀਬ ਕੁਮਾਰ, ਭਾਜਪਾ ਜ਼ਿਲ੍ਹਾ ਪ੍ਰਧਾਨ ਰਵੀ ਬਤਾਨ, ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਤੇ ਬਾਬੈਨ ਦੇ ਸਰਪੰਚ ਸੰਜੀਵ ਸਿੰਗਲਾ ਆਦਿ ਹਾਜ਼ਰ ਸਨ।
ਯਮੁਨਾਨਗਰ: ਸਿੱਖਿਆ ਮੰਤਰੀ ਨੇ ਦੋ ਪਰਿਵਾਰਾਂ ਨੂੰ ਚੈੱਕ ਵੰਡੇ
ਯਮੁਨਾਨਗਰ (ਦਵਿੰਦਰ ਸਿੰਘ): ਸਿੱਖਿਆ ਮੰਤਰੀ ਕੰਵਰਪਾਲ ਨੇ ਜਗਾਧਰੀ ਦੇ ਪਿੰਡ ਕੋਟ ਬਸਾਵਾ ਵਾਸੀ ਟਵਿੰਕਲ ਸੁਸ਼ੀਲ ਕੁਮਾਰ ਦੇ ਵਾਰਸਾਂ ਨੂੰ 4 ਲੱਖ ਰੁਪਏ ਦਾ ਚੈੱਕ ਦਿੱਤਾ। ਟਵਿੰਕਲ ਦੀ ਹੜ੍ਹ ਵਿੱਚ ਡੁੱਬਣ ਕਾਰਨ ਮੌਤ ਹੋਈ ਸੀ। ਇਸੇ ਤਰ੍ਹਾਂ ਸਾਬਕਾ ਵਿਧਾਇਕ ਬਲਵੰਤ ਸਿੰਘ ਸਢੌਰਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਨੇ ਹਲਕਾ ਸਢੌਰਾ ਵਿੱਚ ਮ੍ਰਿਤਕ ਸਾਬਿਜ ਦੇ ਪਿਤਾ ਰਕੀਬ ਪਿੰਡ ਪਿਲਖਨਵਾਲਾ ਨੂੰ ਮੁਆਵਜ਼ੇ ਵਜੋਂ 4 ਲੱਖ ਰੁਪਏ ਦਾ ਚੈੱਕ ਦਿੱਤਾ।