ਸ਼ੰਭੂ ਮੋਰਚੇ ’ਤੇ ਸੜਕਾਂ ਹਰਿਆਣਾ ਸਰਕਾਰ ਨੇ ਬੰਦ ਕੀਤੀਆਂ: ਔਲਖ
ਪ੍ਰਭੂ ਦਿਆਲ
ਸਿਰਸਾ, 4 ਜੁਲਾਈ
ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਸ਼ੰੰਭੂ ਬਾਰਡਰ ’ਤੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਦਾ ਰਾਹ ਸਰਕਾਰ ਨੇ ਰੋਕਿਆ ਹੋਇਆ ਹੈ ਨਾ ਕਿ ਕਿਸਾਨਾਂ ਨੇ। ਹਰਿਆਣਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਵੱਲੋਂ ਸ਼ੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ ਸੜਕਾਂ ਰੋਕੀਆਂ ਜਾਣ ਬਾਰੇ ਦਿੱਤਾ ਗਿਆ ਬਿਆਨ ਬੇਬੁਨਿਆਦ ਹੈ। ਉਹ ਅੱਜ ਇਥੇ ਕਿਸਾਨਾਂ ਦੀਆਂ ਮੰਗਾਂ ਬਾਰੇ ਕਿਸਾਨ ਆਗੂਆਂ ਨਾਲ ਮੀਟਿੰਗ ਕਰ ਰਹੇ ਸਨ। ਔਲਖ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਹਰਿਆਣਾ ਦੀਆਂ ਸੜਕਾਂ ਉਨ੍ਹਾਂ ਦੀ ਸਰਕਾਰ ਨੇ ਬੰਦ ਕੀਤੀਆਂ ਹਨ, ਕਿਸਾਨਾਂ ਨੇ ਨਹੀਂ। ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਜਾ ਰਹੇ ਸਨ। 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਦਾ ਐਲਾਨ ਕੀਤਾ ਗਿਆ ਸੀ ਪਰ ਸਰਕਾਰ ਨੇ 6 ਫਰਵਰੀ ਤੋਂ ਹੀ ਪੂਰੇ ਹਰਿਆਣਾ ਦੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਅਤੇ ਉਨ੍ਹਾਂ ’ਤੇ ਵੱਡੇ ਕਿੱਲ ਗੱਡ ਦਿੱਤੇ ਸਨ। ਸੜਕਾਂ ’ਤੇ ਕੰਧਾਂ ਉਸਾਰ ਦਿੱਤੀਆਂ ਗਈਆਂ ਅਤੇ ਨਹਿਰਾਂ ’ਤੇ ਪੁਲ ਬੰਦ ਕਰਵਾ ਦਿੱਤੇ। ਕਿਸਾਨਾਂ ਨੂੰ ਰੋਕਣ ਲਈ ਜ਼ਹਿਰੀਲੀ ਅੱਥਰੂ ਗੈਸ, ਇੰਜੈਕਟਰ ਮੋਰਟਾਰ ਅਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਨੌਜਵਾਨ ਕਿਸਾਨ ਸ਼ੁਭਕਰਨ ਸ਼ਹੀਦ ਹੋ ਗਿਆ। 5 ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ, 433 ਕਿਸਾਨ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਕ ਨੌਜਵਾਨ ਕਿਸਾਨ ਨਵਦੀਪ ਨੂੰ ਬਿਨਾਂ ਕਿਸੇ ਕਸੂਰ ਦੇ ਅੰਬਾਲਾ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਔਲਖ ਨੇ ਕਿਹਾ ਕਿ ਹੁਣ ਅਸੀਮ ਗੋਇਲ ਵਪਾਰੀਆਂ ਲਈ ਚਿੰਤਾ ਕਰ ਰਹੇ ਹਨ ਪਰ ਭਾਜਪਾ ਸਰਕਾਰ ਨੇ ਨੋਟਬੰਦੀ ਅਤੇ ਜੀਐਸਟੀ ਲਾਗੂ ਕਰ ਕੇ ਵਪਾਰੀਆਂ ਨੂੰ ਬਰਬਾਦ ਕਰ ਦਿੱਤਾ ਹੈ। ਕਰੋਨਾ ਦੇ ਦੌਰ ’ਚ ਭਾਜਪਾ ਨੇ ਕਿਸੇ ਵੀ ਕਾਰੋਬਾਰੀ ਦਾ ਧਿਆਨ ਨਹੀਂ ਰੱਖਿਆ।