ਹਰਿਆਣਾ ਦੇ ਕਿਸਾਨਾਂ ਵੱਲੋਂ ਚੰਡੀਗੜ੍ਹ ਵੱਲ ਕੂਚ
ਰਤਨ ਸਿੰਘ ਢਿੱਲੋਂ
ਅੰਬਾਲਾ, 2 ਅਕਤੂਬਰ
ਫਸਲਾਂ ਦੇ ਖ਼ਰਾਬੇ ਦਾ ਢੁਕਵਾਂ ਮੁਆਵਜ਼ਾ ਅਤੇ ਬੀਮਾ ਕੰਪਨੀਆਂ ਵੱਲੋਂ ਕਲੇਮ ਨਾ ਦਿੱਤੇ ਜਾਣ ਖ਼ਿਲਾਫ਼ ਪੱਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਨਾਲ ਜੁੜੇ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਉਣ ਲਈ ਫਤਿਹਾਬਾਦ ਤੋਂ ਪੈਦਲ ਕੂਚ ਕੀਤਾ ਹੈ। ਕਿਸਾਨਾਂ ਦਾ ਇਹ ਕਾਫ਼ਲਾ ਦੇਰ ਰਾਤ ਅੰਬਾਲਾ ਪਹੁੰਚਿਆ। ਇੱਥੇ ਪਗੜੀ ਸੰਭਾਲ ਜੱਟਾ ਹਰਿਆਣਾ ਸੰਘਰਸ਼ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਨਥਵਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹਿਸਾਰ ਅਤੇ ਫਿਰ ਫਤਿਹਾਬਾਦ ਵਿਚ ਫਸਲ ਬੀਮਾ ਯੋਜਨਾ ਨੂੰ ਲੈ ਕੇ ਪੱਕਾ ਮੋਰਚਾ ਲਾਇਆ ਸੀ ਪਰ ਸਰਕਾਰ ਨੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਅਤੇ ਹੁਣ ਉਹ ਟਿਕਰੀ ਬਾਰਡਰ ਵਾਂਗ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਾਉਣ ਲਈ ਨਿਕਲੇ ਹਨ।
ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੀਮਾ ਕਲੇਮ ਨੂੰ ਲੈ ਕੇ ਹਿਸਾਰ ਅੰਦਰ 117 ਦਨਿ ਪੱਕਾ ਮੋਰਚਾ ਲਾਇਆ ਸੀ ਅਤੇ ਹੁਣ ਫਤਿਹਾਬਾਦ ਵਿਚ ਪੱਕਾ ਮੋਰਚਾ ਚੱਲ ਰਿਹਾ ਹੈ। 26 ਸਤੰਬਰ ਤੋਂ ਉਨ੍ਹਾਂ ਨੇ ਫਤਿਹਾਬਾਦ ਦੇ ਪੱਕੇ ਮੋਰਚੇ ਤੋਂ ਵਿਧਾਨ ਸਭਾ ਲਈ ਪੈਦਲ ਕੂਚ ਕੀਤਾ ਹੈ ਕਿਉਂਕਿ ਹਰਿਆਣਾ ਦੀ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣਦੀ। ਬੀਮਾ ਕੰਪਨੀਆਂ ਬੀਮਾ ਕਲੇਮ ਨਹੀਂ ਦੇ ਰਹੀਆਂ। ਹੜ੍ਹਾਂ ਨਾਲ ਜੋ ਫਸਲਾਂ ਦਾ ਖ਼ਰਾਬਾ ਹੋਇਆ ਹੈ ਉਸ ਦਾ ਮੁਆਵਜ਼ਾ ਵੀ ਸਰਕਾਰ ਨੇ ਅਜੇ ਤੱਕ ਨਹੀਂ ਦਿੱਤਾ। ਇਸ ਬਾਰੇ ਸਰਕਾਰ ਕੋਈ ਐਲਾਨ ਵੀ ਨਹੀਂ ਕਰ ਰਹੀ। ਫ਼ਸਲਾਂ ਬਰਬਾਦ ਹੋ ਗਈਆਂ ਹਨ, ਗੁਲਾਬੀ ਸੁੰਡੀ ਨੇ ਨਰਮਾ ਖ਼ਤਮ ਕਰ ਦਿੱਤਾ ਹੈ। ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਅਪਣਾ ਰਹੀ ਹੈ। ਕਿਸਾਨਾਂ ਨੂੰ ਕੋਈ ਰਾਹਤ ਦੇਣ ਦਾ ਕੰਮ ਨਹੀਂ ਕਰ ਰਹੀ। ਇਸ ਲਈ ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਹਜ਼ਾਰਾਂ ਕਿਸਾਨ ਪੈਦਲ ਚੱਲ ਕੇ 200 ਕਿੱਲੋਮੀਟਰ ਦਾ ਸਫਰ ਤੈਅ ਕਰਕੇ ਚੰਡੀਗੜ੍ਹ ਵਿਧਾਨ ਸਭਾ ਵੱਲ ਵੱਧ ਰਹੇ ਹਨ।