ਡੱਲੇਵਾਲ ਲਈ 50 ਪਿੰਡਾਂ ਦੇ ਟਿਊਬਵੈੱਲਾਂ ਦਾ ਪਾਣੀ ਲੈ ਕੇ ਪੁੱਜੇ ਹਰਿਆਣਾ ਦੇ ਕਿਸਾਨ
ਸਰਬਜੀਤ ਸਿੰਘ ਭੰਗੂ /ਗੁਰਨਾਮ ਸਿੰਘ ਚੌਹਾਨ
ਪਟਿਆਲਾ /ਪਾਤੜਾਂ, 4 ਫਰਵਰੀ
ਕਿਸਾਨ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠਾਂ ਜਾਰੀ ਕਿਸਾਨ ਅੰਦੋਲਨ-2 ਦੌਰਾਨ ਹੀ ਢਾਬੀਗੁੱਜਰਾਂ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 71ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਲਈ ਅੱਜ ਹਰਿਆਣਾ ਦੇ 50 ਤੋਂ ਵੀ ਵੱਧ ਪਿੰਡਾਂ ਦੇ ਕਿਸਾਨ ਆਪੋ ਆਪਣੇ ਟਿਊਬਵੈੱਲਾਂ ਦਾ ਪਵਿੱਤਰ ਜਲ ਲੈ ਕੇ ਢਾਬੀਗੁੱਜਰਾਂ ਮੋਰਚੇ ’ਤੇ ਪੁੱਜੇ।
ਇਨ੍ਹਾਂ ਕਿਸਾਨਾ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਹਨ ਕਿ ਜਿਨ੍ਹਾਂ ਖੇਤੀ ਵਾਲੀਆਂ ਜ਼ਮੀਨਾਂ ਅਤੇ ਕਿਸਾਨਾਂ ਦੀਆਂ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਡੱਲੇਵਾਲ ਦੁੱਖ ਝੱਲ ਰਹੇ ਹਨ, ਉਹ ਉਨ੍ਹ੍ਵਾਂ ਹੀ ਖੇਤਾਂ ਦਾ ਪਵਿੱਤਰ ਪਾਣੀ ਪੀਣ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਪਾਣੀ ਨਹੀਂ ਸਗੋਂ ਹਜ਼ਾਰਾਂ ਕਿਸਾਨਾਂ ਦੀਆਂ ਭਾਵਨਾਵਾਂ ਦਾ ਮਿਸ਼ਰਣ ਹੈ। ਇਸੇ ਦੌਰਾਨ ਅਭਿਮੰਨਿਊ ਕੋਹਾੜ, ਸੁਰਜੀਤ ਫੂਲ, ਸੁਖਜੀਤ ਹਰਦੋਝੰਡੇ ਤੇ ਹੋਰਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ 6, 8 ਅਤੇ 10 ਫਰਵਰੀ ਨੂੰ ਵੀ ਹਰਿਆਣਾ ਦੇ ਕਿਸਾਨਾਂ ਦੇ ਵੱਡੇ ਜਥੇ ਪਾਣੀ ਲੈ ਕੇ ਢਾਬੀਗੁੱਜਰਾਂ ਮੋਰਚੇ ’ਤੇ ਪਹੁੰਚਣਗੇ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੋਰਚੇ ਨੂੰ ਇੱਕ ਸਾਲ ਪੂਰੇ ਹੋਣ ’ਤੇ 11 ਫਰਵਰੀ ਨੂੰ ਰਤਨਾਪੁਰਾ,12 ਨੂੰ ਢਾਬੀਗੁੱਜਰਾਂ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ਉੱਪਰ ਹੋਣ ਵਾਲੀਆ ਮਹਾਂਪੰਚਾਇਤਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ।
ਕਰਜ਼ੇ ਬਾਰੇ ਕੇਂਦਰ ਵੱਲੋਂ ਸੰਸਦ ’ਚ ਦਿੱਤਾ ਬਿਆਨ ਨਿਰਾਸ਼ਾਜਨਕ ਕਰਾਰ
ਪਟਿਆਲਾ (ਖੇਤਰੀ ਪ੍ਰਤੀਨਿਧ):
ਲੋਕ ਸਭਾ ’ਚ ਜਾਰੀ ਬਜਟ ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨ ਕਰਜ਼ਾ ਮੁਆਫੀ ਦੀ ਕਿਸੇ ਵੀ ਯੋਜਨਾ ਤੋਂ ਇਨਕਾਰੀ ਹੁੰਦਿਆਂ ਪੱਲਾ ਝਾੜ ਲੈਣ ਦੀ ਸਾਹਮਣੇ ਆਈ ਕਾਰਵਾਈ ਤੋਂ ਕਿਸਾਨਾਂ ’ਚ ਨਿਰਾਸ਼ਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਆਪਣੇ 2014 ਦੇ ਚੋਣ ਵਾਅਦੇ ਤੋਂ ਭਗੌੜਾ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਜਿਹੀ ਕਾਰਵਾਈ ਨੇ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨਾਲ ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਕੀਤੀ ਜਾਣ ਵਾਲ਼ੀ ਮੀਟਿੰਗ ’ਤੇ ਵੀ ਸਵਾਲੀਆ ਨਿਸ਼ਾਨ ਲਾਇਆ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਵੱਲੋਂ ਇਸ ਬਜਟ ਸੈਸ਼ਨ ਦੌਰਾਨ ਕਿਸਾਨ ਕਰਜ਼ਾ ਮੁਆਫ ਕਰਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੇਂਦਰ ਵੱਲੋਂ ਇਹ ਕਹਿ ਕੇ ਸਾਫ ਪੱਲਾ ਝਾੜ ਲਿਆ ਗਿਆ ਕਿ ਕੇਂਦਰ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ।