For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਚੋਣਾਂ: ਅੰਬਾਲਾ ’ਚ ਚਾਰ ਵਿਧਾਨ ਸਭਾ ਹਲਕਿਆਂ ’ਚ ਵੋਟਿੰਗ ਅੱਜ

08:28 AM Oct 05, 2024 IST
ਹਰਿਆਣਾ ਚੋਣਾਂ  ਅੰਬਾਲਾ ’ਚ ਚਾਰ ਵਿਧਾਨ ਸਭਾ ਹਲਕਿਆਂ ’ਚ ਵੋਟਿੰਗ ਅੱਜ
ਅੰਬਾਲਾ ’ਚ ਸਾਮਾਨ ਲੈਣ ਤੋਂ ਬਾਅਦ ਕਾਗਜ਼ਾਂ ਦੀ ਜਾਂਚ ਕਰਦੀਆਂ ਹੋਈਆਂ ਪੋਲਿੰਗ ਪਾਰਟੀਆਂ।
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 4 ਅਕਤੂਬਰ
ਭਲਕੇ 5 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਇਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਦੱਸਿਆ ਕਿ ਸਵੇਰੇ 5: 30 ਵਜੇ ਮੌਕ ਪੋਲ ਹੋਵੇਗਾ ਅਤੇ ਇਸ ਦੌਰਾਨ ਚੋਣ ਏਜੰਟ ਮੌਕੇ ’ਤੇ ਮੌਜੂਦ ਰਹਿਣਗੇ। ਈਵੀਐੱਮ ਮਸ਼ੀਨਾਂ ਨੂੰ ਸਾਫ਼ ਕਰਨ ਤੋਂ ਬਾਅਦ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਊ ਐਪ ਮੈਨੇਜਮੈਂਟ ਰਾਹੀਂ ਵੋਟਰ ਦੇਖ ਸਕਣਗੇ ਕਿ ਪੋਲਿੰਗ ਸਟੇਸ਼ਨ ’ਤੇ ਕਿੰਨੇ ਵੋਟਰ ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਅੰਬਾਲਾ ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾਵਾਂ ਦੇ 968 ਬੂਥਾਂ ਦੀ ਵੈੱਬ ਕਾਸਟਿੰਗ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਸਾਰੇ ਬੂਥਾਂ ’ਤੇ ਨਜ਼ਰ ਰੱਖਣ ਲਈ ਡਿਪਟੀ ਕਮਿਸ਼ਨਰ ਕੋਰਟ ਰੂਮ ਵਿੱਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇੰਨਾ ਹੀ ਨਹੀਂ ਭਲਕੇ 5 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ਸਬੰਧੀ ਪੂਰੇ ਜ਼ਿਲ੍ਹੇ ਦੀ ਸੁਰੱਖਿਆ ਦੀ ਕਮਾਨ ਕਰੀਬ 2200 ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ 968 ਬੂਥਾਂ ’ਤੇ 4200 ਦੇ ਕਰੀਬ ਪੀਓ, ਏਪੀਓਜ਼ ਅਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡਿਊਟੀ ’ਤੇ ਲਾਇਆ ਗਿਆ ਹੈ। ਅੱਜ ਸਾਰੀਆਂ ਪੋਲਿੰਗ ਪਾਰਟੀਆਂ ਆਪਣਾ ਸਾਮਾਨ ਲੈ ਕੇ ਆਪੋ-ਆਪਣੇ ਬੂਥਾਂ ਲਈ ਰਵਾਨਾ ਹੋ ਗਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਪਾਰਥ ਗੁਪਤਾ ਨੇ ਅੱਜ ਡੀਏਵੀ ਰਿਵਰ ਸਾਈਡ ਸਕੂਲ ਅੰਬਾਲਾ ਛਾਉਣੀ, ਐੱਸਡੀ ਕਾਲਜ ਅੰਬਾਲਾ ਛਾਉਣੀ, ਬੀਪੀਐੱਸ ਪਲੈਨੇਟੇਰੀਅਮ ਅੰਬਾਲਾ ਛਾਉਣੀ ਅਤੇ ਓਪੀਐੱਸ ਵਿੱਦਿਆ ਮੰਦਰ ਅੰਬਾਲਾ ਸ਼ਹਿਰ ਵਿਚ ਬਣਾਏ ਗਏ ਗਿਣਤੀ ਕੇਂਦਰਾਂ ਵਿੱਚ ਪੋਲਿੰਗ ਪਾਰਟੀਆਂ ਨੂੰ ਦਿੱਤੀ ਜਾ ਰਹੀ ਸਿਖਲਾਈ, ਈਵੀਐਮ ਅਤੇ ਹੋਰ ਸਾਮਾਨ ਦੀ ਵੰਡ ਦੇ ਅੰਤਿਮ ਪੜਾਅ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਟਰਾਂਗ ਰੂਮ, ਸੁਵਿਧਾ ਕੇਂਦਰ ਤੇ ਗਤੀਵਿਧੀ ਕੇਂਦਰ ਦਾ ਨਿਰੀਖਣ ਕੀਤਾ। ਐੱਸਡੀ ਕਾਲਜ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 14 ਨਾਕੇ ਲਾਏ ਗਏ ਹਨ ਅਤੇ 24 ਐੱਸਐੱਫਟੀ ਅਤੇ 24 ਐੱਸਐਸਟੀ ਟੀਮਾਂ ਚਾਰੇ ਵਿਧਾਨ ਸਭਾਵਾਂ ’ਚ ਨਜ਼ਰ ਰੱਖਣਗੀਆਂ। 96 ਮਾਈਕਰੋ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ।

Advertisement

ਪੰਚਕੂਲਾ ’ਚ 455 ਪੋਲਿੰਗ ਸਟੇਸ਼ਨ ਬਣਾਏ

ਪੰਚਕੂਲਾ (ਪੀ.ਪੀ. ਵਰਮਾ): ਜ਼ਿਲ੍ਹੇ ਵਿੱਚ ਕੁੱਲ 455 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਕਾਲਕਾ ਵਿਧਾਨ ਸਭਾ ਵਿੱਚ 225 ਅਤੇ ਪੰਚਕੂਲਾ ਵਿਧਾਨ ਸਭਾ ਹਲਕੇ ਵਿੱਚ 230 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਦੋਵਾਂ ਵਿਧਾਨ ਸਭਾ ਹਲਕਿਆਂ ਵਿੱਚ ਦੋ ਸਖੀ ਪੋਲਿੰਗ ਕੇਂਦਰ, ਦਿਵਿਆਂਗ ਪੋਲਿੰਗ ਕੇਂਦਰ ਅਤੇ ਦੋ-ਦੋ ਮਾਡਲ ਪੋਲਿੰਗ ਕੇਂਦਰ ਵੀ ਬਣਾਏ ਗਏ ਹਨ। ਅੱਜ ਪੰਚਕੂਲਾ ’ਚ ਸਰਕਾਰੀ ਮੁਲਾਜ਼ਮ ਈਵੀਐੱਮ ਮਸ਼ੀਨਾ ਲੈ ਕੇ ਪੋਲਿੰਗ ਸਟੇਸ਼ਨਾਂ ਵੱਲ ਰਵਾਨਾ ਹੋਏ ਜਦਕਿ ਵੱਖ ਵੱਖ ਪਾਰਟੀਆਂ ਦੇ ਵਰਕਰ ਪ੍ਰਚਾਰ ਦਫਤਰਾਂ ਤੋਂ ਬਸਤੇ ਲੈ ਕੇ ਤੁਰੇ।

Advertisement

Advertisement
Author Image

sukhwinder singh

View all posts

Advertisement