For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਚੋਣਾਂ: ‘ਆਪ’ ਤੇ ਕਾਂਗਰਸ ਵਿਚਾਲੇ ਸੀਟ ਵੰਡ ’ਤੇ ਪੇਚ ਫਸਿਆ

06:59 AM Sep 05, 2024 IST
ਹਰਿਆਣਾ ਚੋਣਾਂ  ‘ਆਪ’ ਤੇ ਕਾਂਗਰਸ ਵਿਚਾਲੇ ਸੀਟ ਵੰਡ ’ਤੇ ਪੇਚ ਫਸਿਆ
Advertisement

ਦਿਨੇਸ਼ ਭਾਰਦਵਾਜ
ਚੰਡੀਗੜ੍ਹ, 4 ਸਤੰਬਰ
ਹਰਿਆਣਾ ’ਚ ਆਮ ਆਦਮੀ ਪਾਰਟੀ ਤੇ ਸਮਾਜਵਾਦੀ ਪਾਰਟੀ ਵਿਚਾਲੇ ਗੱਠਜੋੜ ਨੂੰ ਲੈ ਕੇ ਅੱਜ ਨਵੀਂ ਦਿੱਲੀ ’ਚ ਸਾਰਾ ਦਿਨ ਮੀਟਿੰਗਾਂ ਦਾ ਦੌਰ ਚੱਲਿਆ। ਕਾਂਗਰਸ ਤੇ ‘ਆਪ’ ਵਿਚਾਲੇ ਸੀਟ ਵੰਡ ’ਤੇ ਹਾਲੇ ਸਹਿਮਤੀ ਨਹੀਂ ਬਣੀ ਹੈ। ਕਾਂਗਰਸ ਵੱਲੋਂ ਗਠਿਤ ਕਮੇਟੀ 5 ਸਤੰਬਰ ਨੂੰ ਮੁੜ ‘ਆਪ’ ਆਗੂਆਂ ਨਾਲ ਮੀਟਿੰਗ ਕਰਕੇ ਗੱਲਬਾਤ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਭਲਕੇ ਗੱਠਜੋੜ ਸਬੰਧੀ ਕੋਈ ਆਖਰੀ ਫ਼ੈਸਲਾ ਹੋ ਸਕਦਾ ਹੈ।
ਕਾਂਗਰਸ ਦੇ ਕੌਮੀ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੀ ਪ੍ਰਧਾਨਗੀ ਹੇਠ ਗੱਠਜੋੜ ਬਾਰੇ ਗੱਲਬਾਤ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ’ਚ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੈ ਮਾਕਨ, ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਬਰੀਆ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸ਼ਾਮਲ ਹਨ। ਲੰਘੀ ਰਾਤ ਵੀ ‘ਆਪ’ ਆਗੂਆਂ ਨਾਲ ਗੱਲਬਾਤ ਹੋਈ ਸੀ। ਇਸ ਮਗਰੋਂ ਅੱਜ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਸੀਟ ਵੰਡ ਨੂੰ ਲੈ ਕੇ ਗੱਲਬਾਤ ਹੋਈ ਹੈ। ਕੇਸੀ ਵੇਣੂਗੋਪਾਲ ਤੋਂ ਬਾਅਦ ਬਾਬਰੀਆ ਦੀ ਵੱਖਰੇ ਤੌਰ ’ਤੇ ਰਾਘਵ ਚੱਢਾ ਨਾਲ ਗੱਲਬਾਤ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ‘ਆਪ’ ਹਰਿਆਣਾ ’ਚ ਵਿਧਾਨ ਸਭਾ ਦੀਆਂ 90 ’ਚੋਂ 10 ਸੀਟਾਂ ਦੀ ਮੰਗ ਕਰ ਰਹੀ ਹੈ, ਜਦਕਿ ਕਾਂਗਰਸ ਵੱਲੋਂ ਪੰਜ ਸੀਟਾਂ ਦੀ ਪੇਸ਼ਕਸ਼ ਕੀਤੇ ਜਾਣ ਦੀ ਸੂਚਨਾ ਹੈ। ਸਮਾਜਵਾਦੀ ਪਾਰਟੀ ਵੱਲੋਂ ਜੁਲਾਨਾ ਸੀਟ ਦੀ ਮੰਗ ਕੀਤੇ ਜਾਣ ਦੀ ਖ਼ਬਰ ਹੈ। ਐੱਨਸੀਪੀ ਨੇ ਹਰਿਆਣਾ ’ਚ ਕਾਂਗਰਸ ਨਾਲ ਗੱਠਜੋੜ ਤਹਿਤ ਇੱਕ ਸੀਟ ਦੀ ਮੰਗ ਕੀਤੀ ਹੈ। ਕਾਂਗਰਸ ਗੱਠਜੋੜ ਤਹਿਤ ਚੋਣ ਲੜੇਗੀ ਜਾਂ ਨਹੀਂ, ਇਸ ਦਾ ਫ਼ੈਸਲਾ ‘ਆਪ’ ਨਾਲ ਗੱਲਬਾਤ ਤੋਂ ਬਾਅਦ ਹੀ ਹੋਵੇਗਾ। ਅੱਜ ਹੋਈ ਗੱਲਬਾਤ ਬਾਰੇ ਦੀਪਕ ਬਾਬਰੀਆ ਨੇ ਸੰਕੇਤ ਦਿੱਤੇ ਕਿ 10 ਤੋਂ ਘੱਟ ਸੀਟਾਂ ’ਤੇ ਸਹਿਮਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਇਸ ’ਤੇ ਰਾਜ਼ੀ ਹੁੰਦੀ ਹੈ ਤਾਂ ਠੀਕ ਹੈ। ਨਹੀਂ ਤਾਂ ਉਹ ਗੱਲਬਾਤ ਬੰਦ ਕਰ ਦੇਣਗੇ। ਰਾਜ ਸਭਾ ਮੈਂਬਰ ਤੇ ਸੀਨੀਅਰ ‘ਆਪ’ ਆਗੂ ਸੰਜੈ ਸਿੰਘ ਵੀ ਗੱਠਜੋੜ ਨੂੰ ਸਿਰੇ ਚਾੜ੍ਹਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਬਾਬਰੀਆ ਨੇ ਕਿਹਾ ਕਿ ਗੱਲਬਾਤ ਚੱਲ ਰਹੀ ਹੈ। ਮੁੱਖ ਮਕਸਦ ਭਾਜਪਾ ਨੂੰ ਸੱਤਾ ’ਚ ਆਉਣ ਦੇਣ ਤੋਂ ਰੋਕਣਾ ਹੈ। ਮੀਟਿੰਗ ਮਗਰੋਂ ਰਾਘਵ ਚੱਢਾ ਨੇ ਮੀਡੀਆ ਸਾਹਮਣੇ ਕੋਈ ਟਿੱਪਣੀ ਨਹੀਂ ਕੀਤੀ। ਕਾਂਗਰਸ ਆਗੂ ਅਜੈ ਮਾਕਨ ਦੀ ਅਗਵਾਈ ਹੇਠ ਕੇਂਦਰੀ ਚੋਣ ਕਮੇਟੀ ਬਣਾਈ ਗਈ ਹੈ। ਮਾਕਨ ਨੇ ‘ਆਪ’ ਆਗੂਆਂ ਨਾਲ ਗੱਲਬਾਤ ਦੀ ਜ਼ਿੰਮੇਵਾਰੀ ਦੀਪਕ ਬਾਬਰੀਆ ਨੂੰ ਦਿੱਤੀ ਹੈ। ਬਾਬਰੀਆ ਅੱਜ ਦੀ ਗੱਲਬਾਤ ਦੀ ਰਿਪੋਰਟ ਵੇਣੂਗੋਪਾਲ ਨੂੰ ਦੇ ਚੁੱਕੇ ਹਨ। ਭਲਕੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਮਗਰੋਂ ਆਖਰੀ ਫ਼ੈਸਲਾ ਅਜੈ ਮਾਕਨ ਲੈਣਗੇ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸੂਬਾਈ ਕਾਂਗਰਸ ਦੇ ਕਈ ਆਗੂ ਬਿਨਾਂ ਗੱਠਜੋੜ ਚੋਣ ਲੜਨ ਦੇ ਹੱਕ ’ਚ ਦੱਸੇ ਜਾ ਰਹੇ ਹਨ।

Advertisement

ਜੇਜੇਪੀ ਤੇ ਏਐੱਸਪੀ ਵੱਲੋਂ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ:

Advertisement

ਜਨ ਨਾਇਕ ਜਨਤਾ ਪਾਰਟੀ (ਜੇਜੇਪੀ) ਅਤੇ ਆਜ਼ਾਦ ਸਮਾਜ ਪਾਰਟੀ (ਏਐੱਸਪੀ) ਨੇ ਕੁੱਲ 90 ਵਿੱਚੋਂ 19 ਸੀਟਾਂ ’ਤੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਜੇਜੇਪੀ ਦੇ 15 ਅਤੇ ਏਐੱਸਪੀ ਦੇ 4 ਉਮੀਦਵਾਰ ਸ਼ਾਮਲ ਹਨ। ਇਹ ਐਲਾਨ ਜੇਜੇਪੀ ਦੇ ਸੂਬਾ ਪ੍ਰਧਾਨ ਬ੍ਰਿਜ ਸ਼ਰਮਾ ਅਤੇ ਏਐੱਸਪੀ ਦੇ ਪ੍ਰਧਾਨ ਰਾਮੇ ਪ੍ਰਧਾਨ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਜੇਜੇਪੀ ਤੇ ਏਐੱਸਪੀ ਗਠਜੋੜ ਨੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਸਣੇ 2 ਵਿਧਾਇਕਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜੇਜੇਪੀ ਤੇ ਏਐੱਸਪੀ ਗਠਜੋੜ ਨੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੂੰ ਮੁੜ ਤੋਂ ਵਿਧਾਨ ਸਭਾ ਹਲਕਾ ਉਚਾਨਾ ਤੇ ਵਿਧਾਇਕ ਅਮਨਜੀਤ ਢਾਂਡਾ ਨੂੰ ਜੁਲਾਨਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਮੁਲਾਨਾ ਤੋਂ ਡਾ. ਰਾਵਿੰਦਰ ਧੀਨ, ਸਡੌਰਾ ਤੋਂ ਸੋਹੇਲ, ਜਗਾਧਰੀ ਤੋਂ ਡਾ. ਅਸ਼ੋਕ ਕਸ਼ਯਪ, ਰਾਦੌਰ ਤੋਂ ਰਾਜ ਕੁਮਾਰ ਬੁਬਕਾ, ਗੁਲਹਾ ਤੋਂ ਕ੍ਰਿਸ਼ਨ ਬਾਜ਼ੀਗਰ, ਗੋਹਾਣਾ ਤੋਂ ਕੁਲਦੀਪ ਮਲਿਕ, ਜੀਂਦ ਤੋਂ ਇੰਜ. ਧਰਮਪਾਲ ਪ੍ਰਜਾਪਤੀ ਨੂੰ ਬਤੌਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।ਗਠਜੋੜ ਨੇ ਵਿਧਾਨ ਸਭਾ ਹਲਕਾ ਡੱਬਵਾਲੀ ਤੋਂ ਦਿਗਵਿਜੈ ਚੌਟਾਲਾ, ਨਲਵਾ ਤੋਂ ਵੀਰੇਂਦਰ ਚੌਧਰੀ, ਦਾਦਰੀ ਤੋਂ ਰਾਜਦੀਪ ਫੋਗਾਟ, ਤੋਸ਼ਾਮ ਤੋਂ ਰਾਜੇਸ਼ ਭਾਰਦਵਾਜ, ਬੇਰੀ ਤੋਂ ਸੁਨੀਲ ਦੁਜਾਣਾ ਸਰਪੰਚ, ਅਟੇਲੀ ਤੋਂ ਆਯੁਸ਼ੀ ਅਭਿਮੰਨਿਊ ਰਾਓ, ਬਾਵਲ ਤੋਂ ਰਾਮੇਸ਼ਵਰ ਦਿਆਲ, ਸੋਹਨਾ ਤੋਂ ਵਿਨੇਸ਼ ਗੁੱਜਰ, ਹੋਡਲ ਤੋਂ ਸਤਵੀਰ ਤੰਵਰ ਅਤੇ ਵਿਧਾਨ ਸਭਾ ਹਲਕਾ ਪਲਵਲ ਤੋਂ ਹਰਿਤ ਬੈਂਸਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਓਮ ਪ੍ਰਕਾਸ਼ ਚੌਟਾਲਾ ਡੱਬਵਾਲੀ ਤੋਂ ਲੜ ਸਕਦੇ ਹਨ ਚੋਣ

ਡੱਬਵਾਲੀ (ਇਕਬਾਲ ਸਿੰਘ ਸ਼ਾਂਤ):

ਇੰਡੀਅਨ ਨੈਸ਼ਨਲ ਲੋਕਦਲ ਡੱਬਵਾਲੀ ਹਲਕੇ ਤੋਂ ਵੱਡਾ ਦਾਅ ਖੇਡਣ ਦੀ ਤਿਆਰੀ ਵਿੱਚ ਹੈ। ਪਾਰਟੀ ਦੇ ਉਮਰਦਰਾਜ ਅਤੇ ਚਾਰ ਵਾਰ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਇਥੋਂ ਵਿਧਾਨ ਸਭਾ ਚੋਣ ਲੜ ਸਕਦੇ ਹਨ। ਸੂਤਰਾਂ ਦੇ ਮੁਤਾਬਕ ਉਨ੍ਹਾਂ ਚੋਣ ਲੜਨ ਖਾਤਰ ਮਨਜ਼ੂਰੀ ਲਈ ਦਿੱਲੀ ਦੀ ਅਦਾਲਤ ਵਿੱਚ ਅਰਜੀ ਲਗਾਈ ਗਈ ਹੈ। ਮਨਜ਼ੂਰੀ ਲਈ ਜੇਬੀਟੀ ਭਰਤੀ ਘਪਲੇ ਵਿੱਚ ਸ੍ਰੀ ਚੌਟਾਲਾ ਦੇ ਨਾਲ ਸਜ਼ਾ ਕੱਟ ਚੁੱਕੇ ਸ਼ੇਰ ਸਿੰਘ ਬੜਸ਼ਾਮੀ ਨੂੰ ਚੋਣ ਲੜਨ ਦੀ ਮਨਜ਼ੂਰੀ ਮਿਲਣ ਦਾ ਆਧਾਰ ਬਣਾਇਆ ਗਿਆ ਹੈ।

ਭਾਜਪਾ ਨੇ 67 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ

ਨਵੀਂ ਦਿੱਲੀ:

ਭਾਜਪਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਲਾਡਵਾ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਪਾਰਟੀ ਨੇ 90 ਮੈਂਬਰੀ ਹਰਿਆਣਾ ਅਸੈਂਬਲੀ ਲਈ 67 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਹਾਲ ਹੀ ਵਿਚ ਪਾਰਟੀ ’ਚ ਸ਼ਾਮਲ ਹੋਣ ਵਾਲੇ ਕਈ ਆਗੂਆਂ ਨੂੰ ਚੋਣ ਟਿਕਟਾਂ ਨਾਲ ਨਿਵਾਜਿਆ ਹੈ। ਹਰਿਆਣਾ ਭਾਜਪਾ ਦੇ ਸਾਬਕਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੂੰ ਬਾਦਲੀ ਤੇ ਸੀਨੀਅਰ ਪਾਰਟੀ ਆਗੂ ਅਨਿਲ ਵਿਜ ਨੂੰ ਅੰਬਾਲਾ ਛਾਉਣੀ ਤੋਂ ਟਿਕਟ ਦਿੱਤੀ ਹੈ। ਦੇਵੇਂਦਰ ਸਿੰਘ ਬਬਲੀ, ਸੰਜੇ ਕਬਲਾਨਾ ਤੇ ਸ਼ਰੂਤੀ ਚੌਧਰੀ, ਜੋ ਪਿਛਲੇ ਦਿਨਾਂ ਵਿਚ ਭਾਜਪਾ ’ਚ ਸ਼ਾਮਲ ਹੋਏ ਹਨ, ਨੂੰ ਕ੍ਰਮਵਾਰ ਟੋਹਾਣਾ, ਬੇਰੀ ਤੇ ਤੋਸ਼ਾਮ ਸੀਟਾਂ ਤੋਂ ਉਮੀਦਵਾਰ ਬਣਾਇਆ ਹੈ। ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਦੀ ਧੀ ਆਰਤੀ ਸਿੰਘ ਰਾਓ ਅਟੇਲੀ ਤੋਂ ਚੋਣ ਲੜੇਗੀ। ਕੈਪਟਨ ਅਭਿਮੰਨਿਊ, ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਯਾ ਬਿਸ਼ਨੋਈ ਤੇ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਦਾ ਨਾਮ ਪਹਿਲੀ ਸੂਚੀ ਵਿਚ ਨਹੀਂ ਹੈ। ਹਰਿਆਣਾ ਅਸੈਂਬਲੀ ਲਈ ਵੋਟਾਂ 5 ਅਕਤੂੁਬਰ ਨੂੰ ਪੈਣਗੀਆਂ ਤੇ ਨਤੀਜਿਆਂ ਦਾ ਐਲਾਨ 8 ਅਕਤੂਬਰ ਨੂੰ ਹੋਵੇਗਾ। -ਪੀਟੀਆਈ

ਹਰਿਆਣਾ ਵਿੱਚ ਅੱਜ ਤੋਂ ਨਾਮਜ਼ਦਗੀ ਪੱਤਰ ਕੀਤੇ ਜਾਣਗੇ ਦਾਖਲ

ਹਰਿਆਣਾ ਵਿੱਚ 5 ਅਕਤੂਬਰ ਨੂੰ ਹੋਣ ਵਾਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ 5 ਸਤੰਬਰ ਤੋਂ ਭਰਨੇ ਸ਼ੁਰੂ ਕੀਤੇ ਜਾਣਗੇ, ਜਦੋਂਕਿ 12 ਸਤੰਬਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ ਤੈਅ ਕੀਤੀ ਗਈ ਹੈ। ਚੋਣ ਕਮਿਸ਼ਨ ਵੱਲੋਂ 13 ਸਤੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 16 ਸਤੰਬਰ ਤੱਕ ਉਮੀਦਵਾਰ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ। ਹਰਿਆਣਾ ਵਿੱਚ ਇਕੋ ਗੇੜ ਤਹਿਤ ਪੰਜ ਅਕਤੂਬਰ ਨੂੰ ਵੋਟਾਂ ਪੈਣਗੀਆਂ।

Advertisement
Tags :
Author Image

joginder kumar

View all posts

Advertisement