ਹਰਿਆਣਾ ਚੋਣਾਂ: ਰਾਣੀਆਂ ਹਲਕੇ ਵਿੱਚ ਕਾਂਗਰਸ ਦੇ ਦਾਅਵੇਦਾਰਾਂ ਦੀ ਸੂਚੀ ਲੰਮੀ ਹੋਈ
ਜਗਤਾਰ ਸਮਾਲਸਰ
ਏਲਨਾਬਾਦ, 27 ਜੁਲਾਈ
ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣਾ ਬਾਕੀ ਹੈ ਪਰ ਸਿਰਸਾ ਜ਼ਿਲ੍ਹੇ ਦੇ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ਦੀ ਸੂਚੀ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। ਕਾਂਗਰਸ ਦੇ ਛੇ ਦਾਅਵੇਦਾਰ ਮੈਦਾਨ ਵਿਚ ਨਿੱਤਰ ਆਏ ਹਨ। ਜਾਣਕਾਰੀ ਅਨੁਸਾਰ ਆਪਣੀ ਟਿਕਟ ਨੂੰ ਪੱਕੀ ਮੰਨਦਿਆਂ ਟੀਸ਼ੂ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਨਹਿਰਾ ਦੇ ਪੁੱਤਰ ਸੰਦੀਪ ਨਹਿਰਾ ਨੇ ਤਾਂ ਪਿੰਡਾਂ ਵਿੱਚ ਲੋਕਾਂ ਨਾਲ ਮਿਲਣ ਲਈ ਆਪਣੀਆਂ ਯਾਤਰਾਵਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਤੋਂ ਇਲਾਵਾ ਭਾਰਤੀ ਯੁਵਾ ਕਾਂਗਰਸ ਦੇ ਕੌਮੀ ਮਹਾਂ ਸਕੱਤਰ ਵਿਨੀਤ ਕੰਬੋਜ, ਵਿਸ਼ਾਲ ਵਰਮਾ ਅਤੇ ਕੁਝ ਦਿਨ ਪਹਿਲਾਂ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਿਰਸਾ ਦੇ ਸੀਨੀਅਰ ਪੱਤਰਕਾਰ ਸਰਵਮਿੱਤਰ ਕੰਬੋਜ ਨੇ ਵੀ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਵਾਈਕੇ ਚੌਧਰੀ ਨੇ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਇਨ੍ਹਾਂ ਦਾਅਵੇਦਾਰਾਂ ਵਿੱਚੋਂ ਬਹੁਤੇ ਦਾਅਵੇਦਾਰ ਕੁਮਾਰੀ ਸ਼ੈਲਜਾ ਧੜੇ ਨਾਲ ਸਬੰਧਤ ਹਨ। ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸਿਰਸਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਕੁਮਾਰੀ ਸ਼ੈਲਜਾ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ ਇਸ ਲਈ ਸਿਆਸੀ ਲੋਕਾਂ ਦਾ ਮੰਨਣਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਸਮੇਂ ਸਿਰਸਾ ਜ਼ਿਲ੍ਹੇ ਵਿੱਚ ਸ਼ੈਲਜਾ ਦਾ ਹੀ ਦਬਦਬਾ ਰਹੇਗਾ। ਰਾਣੀਆਂ ਵਿਧਾਨ ਸਭਾ ਸੀਟ ’ਤੇ ਕੰਬੋਜ ਭਾਈਚਾਰੇ ਦਾ ਕਾਫ਼ੀ ਵੱਡਾ ਵੋਟ ਬੈਂਕ ਹੋਣ ਕਾਰਨ ਹਰੇਕ ਪਾਰਟੀ ਨੂੰ ਇੱਥੇ ਵੋਟ ਬੈਂਕ ਦਾ ਖਿਆਲ ਵੀ ਰੱਖਣਾ ਪੈਂਦਾ ਹੈ। ਸਾਲ 2009 ਵਿੱਚ ਇੱਥੋਂ ਇਨੈਲੋ ਦੇ ਕ੍ਰਿਸ਼ਨ ਕੰਬੋਜ ਨੇ ਕਾਂਗਰਸ ਪਾਰਟੀ ਦੇ ਚੌਧਰੀ ਰਣਜੀਤ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਫਿਰ 2014 ਦੀਆਂ ਚੋਣਾਂ ਦੌਰਾਨ ਇੱਥੋਂ ਇਨੈਲੋ ਦੇ ਰਾਮ ਚੰਦਰ ਕੰਬੋਜ ਜਿੱਤੇ ਸਨ। ਸਾਲ 2019 ਦੀਆਂ ਚੋਣਾਂ ਵਿੱਚ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਚੌਧਰੀ ਰਣਜੀਤ ਸਿੰਘ ਨੇ ਜਿੱਤ ਹਾਸਲ ਕੀਤੀ ਸੀ ਜੋ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਚੌਧਰੀ ਰਣਜੀਤ ਸਿੰਘ ਹੁਣ ਇੱਕ ਵਾਰ ਫਿਰ ਭਾਜਪਾ ਦੀ ਟਿਕਟ ਦੇ ਵੱਡੇ ਦਾਅਵੇਦਾਰ ਹਨ।