ਹਰਿਆਣਾ ਚੋਣਾਂ: ਪੰਜਾਬ ਵਿੱਚ ਕਿਤੇ ਖੁਸ਼ੀ, ਕਿਤੇ ਗ਼ਮ
ਪੱਤਰ ਪ੍ਰੇਰਕ
ਮਾਨਸਾ, 8 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀਆਂ ਖੁਸ਼ੀਆਂ ਅਤੇ ਗ਼ਮੀਆਂ ਪੰਜਾਬ ਤੱਕ ਪੁੱਜ ਗਈਆਂ ਹਨ। ਪੰਜਾਬ ਦੇ ਜਿਹੜੇ ਕਾਂਗਰਸੀ ਆਗੂ ਐਗਜ਼ਿਟ ਪੋਲ ਦੇ ਦਾਅਵਿਆਂ ਨੂੰ ਲੈ ਕੇ ਬਾਗੋ-ਬਾਗ ਸਨ, ਉਨ੍ਹਾਂ ਦੇ ਘਰਾਂ ਵਿੱਚ ਅੱਜ ਸ਼ਾਮ ਨੂੰ ਘੌਰ ਉਦਾਸੀ ਛਾਈ ਹੋਈ ਸੀ ਜਦੋਂ ਕਿ ਭਾਜਪਾ ਨੇਤਾਵਾਂ ਦੇ ਘਰਾਂ ਵਿੱਚ ਤੀਜੀ ਵਾਰ ਸਰਕਾਰ ਬਣਨ ਦੇ ਚਾਅ ਨਹੀਂ ਚੁੱਕੇ ਜਾ ਰਹੇ ਸਨ। ਭਾਜਪਾ ਨੇਤਾਵਾਂ ਦੇ ਘਰਾਂ ਅਤੇ ਕਾਰੋਬਾਰੀ ਸਥਾਨ ਸਮੇਤ ਬਾਜ਼ਾਰ ਵਿੱਚ ਚਾਵਾਂ ਨਾਲ ਭੰਗੜੇ ਪਾਏ ਜਾ ਰਹੇ ਸਨ ਤੇ ਲੱਡੂ ਵੰਡੇ ਜਾ ਰਹੇ ਸਨ। ਭਾਜਪਾ ਨੇਤਾਵਾਂ ਨੇ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਚੋਣ ਜਿੱਤ ਤੋਂ ਬਾਅਦ ਹੁਣ ਉਹ ਪੰਜਾਬ ਵਿੱਚ ਵੀ ਤਕੜਾ ਮੁਕਾਬਲਾ ਕਰਕੇ ਸਰਕਾਰ ਬਣਾਉਣ ਵਾਲੇ ਪਾਸੇ ਵੱਧਣਗੇ। ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ, ਗਿੱਦੜਬਾਹਾ ਜ਼ਿਮਨੀ ਚੋਣ ਲਈ ਪਾਰਟੀ ਵੱਲੋਂ ਲਾਏ ਸਹਿ-ਇੰਚਾਰਜ ਦਿਆਲ ਸਿੰਘ ਸੋਢੀ ਨੇ ਦੱਸਿਆ ਕਿ ਜਿਹੜੇ ਲੋਕ ਹਰਿਆਣੇ ਵਿੱਚ ਭਾਜਪਾ ਦੇ ਦਿਨ ਪੁੱਗਣ ਦੀਆਂ ਗੱਲਾਂ ਕਰਦੇ ਸਨ, ਉਨ੍ਹਾਂ ਨੂੰ ਅੱਜ ਹਰਿਆਣਾ ਦੇ ਲੋਕਾਂ ਨੇ ਕਰਾਰੀ ਹਾਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵਰਕਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ ਅਤੇ ਹੁਣ ਪੰਜਾਬ ਵਿੱਚ ਪਾਰਟੀ ਦੇ ਸ੍ਰੋਮਣੀ ਅਕਾਲੀ ਦਲ ਨਾਲ ਕੋਈ ਸਮਝੌਤਾ ਕਰਨ ਦੀ ਉਮੀਦ ਵੀ ਬਿਲਕੁਲ ਨਹੀਂ ਜਾਪਦੀ ਹੈ।
ਭਾਜਪਾ ਦੇ ਸਥਾਨਕ ਨੇਤਾਵਾਂ ਨੇ ਅੱਜ ਹਰਿਆਣਾ ਵਿੱਚ ਨਿਰੋਲ ਸਰਕਾਰ ਬਣਨ ਤੋਂ ਬਾਅਦ ਅੱਜ ਇਥੇ ਲੱਡੂ ਵੰਡੇ ਗਏ। ਲੱਡੂ ਵੰਡਣ ਵਾਲਿਆਂ ਵਿੱਚ ਗੁਰਮੇਲ ਸਿੰਘ ਠੇਕੇਦਾਰ, ਸਤੀਸ਼ ਗੋਇਲ, ਮੱਖਣ ਲਾਲ, ਸੂਰਜ ਛਾਬੜਾ, ਰਾਕੇਸ਼ ਜੈਨ, ਵਿਨੋਦ ਕਾਲੀ, ਅਮਰਜੀਤ ਕਟੌਦੀਆਂ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਸ਼ਾਮਲ ਸਨ। ਦੂਜੇ ਪਾਸੇ ਕਾਂਗਰਸ ਦੇ ਜਿਹੜੇ ਨੇਤਾ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਪ੍ਰਚਾਰ ਕਰਕੇ ਆਏ ਸਨ, ਉਹ ਪਾਰਟੀ ਦੀ ਹਾਰ ਕਾਰਨ ਤਾਂ ਬਹੁਤ ਔਖ ਮਹਿਸੂਸ ਕਰ ਰਹੇ ਸਨ, ਪਰ ਉਨ੍ਹਾਂ ਨੂੰ ਪੰਜਾਬੀ ਬੋਲਦੇ ਇਲਾਕਿਆਂ ਵਿਚੋਂ ਭਾਜਪਾ ਦੀ ਹੋਈ ਹਾਰ ਸਦਕਾ ਖੁਸ਼ੀ ਮਹਿਸੂਸ ਹੋ ਰਹੀ ਸੀ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ, ਬਿਕਰਮ ਸਿੰਘ ਮੋਫ਼ਰ, ਬਲਵਿੰਦਰ ਨਾਰੰਗ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਨੇ ਕਾਂਗਰਸ ਵਿੱਚ ਭਰੋਸਾ ਪ੍ਰਗਟ ਕਰਦਿਆਂ ਭਾਜਪਾ ਨੂੰ ਵੱਡੀ ਪੱਧਰ ’ਤੇ ਹਾਰ ਬਖਸ਼ਿਸ ਕੀਤੀ ਹੈ।