ਹਰਿਆਣਾ ਚੋਣਾਂ: ਰਣਜੀਤ ਚੌਟਾਲਾ ਵੱਲੋਂ ਦਿੱਗਵਿਜੈ ਦੇ ਹੱਕ ਵਿੱਚ ਰੈਲੀ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 27 ਸਤੰਬਰ
ਪਿੰਡ ਜਗਮਾਲਵਾਲੀ ’ਚ ਹਲਕਾ ਡੱਬਵਾਲੀ ਤੋਂ ਚੋਣ ਲੜ ਰਹੇ ਜੇਜੇਪੀ ਅਤੇ ਏਐੱਸਪੀ ਦੇ ਸਾਂਝੇ ਉਮੀਦਵਾਰ ਦਿੱਗਵਿਜੈ ਸਿੰਘ ਚੌਟਾਲਾ ਦੇ ਹੱਕ ਵਿੱਚ ਸਾਬਕਾ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਵੱਲੋਂ ਚੋਣ ਰੈਲੀ ਕੀਤੀ ਗਈ ਅਤੇ ਖੇਤਰ ਦੇ ਵਿਕਾਸ ਲਈ ਦਿੱਗਵਿਜੈ ਸਿੰਘ ਚੌਟਾਲਾ ਦੇ ਹੱਕ ਵਿਚ ਸਮਰਥਨ ਕਰਨ ਦੀ ਅਪੀਲ ਕੀਤੀ ਗਈ। ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਉਨ੍ਹਾਂ ਦਾ ਪਰਿਵਾਰ ਇਕ ਮੰਚ ’ਤੇ ਇਕੱਠਾ ਹੈ ਅਤੇ ਇਕੱਠੇ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਚੌਧਰੀ ਦੇਵੀ ਲਾਲ ਨੇ ਹਮੇਸ਼ਾ ਹੀ ਕਿਸਾਨਾਂ ਅਤੇ ਕਿਸਾਨਾਂ ਦੇ ਹਿੱਤਾਂ ਲਈ ਲੜਾਈ ਲੜੀ। ਹੁਣ ਉਹ ਅਤੇ ਦਿੱਗਵਿਜੈ ਮਿਲ ਕੇ ਇਹੀ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਿਰਫ਼ ਦਿੱਗਵਿਜੈ ਸਿੰਘ ਚੌਟਾਲਾ ਹੀ ਲੜ ਸਕਦੇ ਹਨ। ਉਨ੍ਹਾਂ ਕਿਹਾ ਕਿ ਡੱਬਵਾਲੀ ਇਲਾਕੇ ਨੂੰ ਘੱਗਰ ਦਾ ਪਾਣੀ ਮੁਹੱਈਆ ਕਰਵਾਉਣ ਲਈ ਉਹ ਦਿਗਵਿਜੇ ਦਾ ਪੂਰਾ ਸਹਿਯੋਗ ਕਰਨਗੇ। ਦਿਗਵਿਜੈ ਨੇ ਕਿਹਾ ਕਿ ਅੱਜ ਡੱਬਵਾਲੀ ਇਲਾਕੇ ਵਿੱਚ ਪਾਣੀ ਦੀ ਮੁੱਖ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਬਣਦਿਆਂ ਹੀ ਡੱਬਵਾਲੀ ਹਲਕੇ ਦੇ ਹਰ ਖੇਤ ਤੱਕ ਘੱਗਰ ਦਾ ਪਾਣੀ ਪਹੁੰਚਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਉਨ੍ਹਾਂ ਕਿਹਾ ਕਿ ਮੌਜੂਦਾ ਵਿਧਾਇਕ ਨੇ ਪਿਛਲੇ ਪੰਜ ਸਾਲਾਂ ਵਿੱਚ ਡੱਬਵਾਲੀ ਨਾਲ ਸਬੰਧਤ ਇੱਕ ਵੀ ਸਮੱਸਿਆ ਹਰਿਆਣਾ ਵਿਧਾਨ ਸਭਾ ਵਿੱਚ ਨਹੀਂ ਉਠਾਈ ਅਤੇ ਉਹ ਇੱਥੋਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਡੱਬਵਾਲੀ ਵਿੱਚ ਸਾਰੀਆਂ ਸਹੂਲਤਾਂ ਵਾਲਾ ਸ਼ਾਨਦਾਰ ਸਟੇਡੀਅਮ ਬਣਾਇਆ ਜਾਵੇਗਾ। ਬਠਿੰਡਾ ਰਿਫਾਈਨਰੀ ਰਾਹੀਂ ਪਿੰਡ ਪਾਨਾ ’ਚ 50 ਬਿਸਤਰਿਆਂ ਦਾ ਹਸਪਤਾਲ ਬਣਾਇਆ ਜਾਵੇਗਾ।
ਹੈਲੀਕਾਪਟਰ ਦਾ ਖਰਚਾ ਉਮੀਦਵਾਰ ਦੇ ਖਰਚਿਆਂ ਵਿੱਚ ਜੋੜਿਆ ਜਾਵੇਗਾ: ਵਿਜੈ ਸਿੰਘ
ਸਿਰਸਾ (ਪ੍ਰਭੂ ਦਿਆਲ): ਖਰਚਾ ਨਿਗਰਾਨ ਵਿਜੈ ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਉਮੀਦਵਾਰ ਆਪਣੇ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਲਈ ਹੈਲੀਕਾਪਟਰ ਦੀ ਵਰਤੋਂ ਕਰਦਾ ਹੈ ਤਾਂ ਹੈਲੀਕਾਪਟਰ ਦੀ ਆਵਾਜਾਈ ਦਾ ਖਰਚਾ ਉਸ ਉਮੀਦਵਾਰ ਦੇ ਚੋਣ ਖਰਚੇ ਵਿੱਚ ਜੋੜਿਆ ਜਾਵੇਗਾ। ਖਰਚਾ ਨਿਗਰਾਨ ਨੇ ਕਿਹਾ ਕਿ ਉਮੀਦਵਾਰ ਵੱਲੋਂ 10 ਹਜ਼ਾਰ ਰੁਪਏ ਤੋਂ ਵੱਧ ਨਕਦ ਖਰਚ ਨਹੀਂ ਕੀਤੇ ਜਾ ਸਕਦੇ ਹਨ। ਕੁੱਲ ਚੋਣ ਖਰਚੇ ਦੀ ਸੀਮਾ 40 ਲੱਖ ਰੁਪਏ ਹੈ। ਜੇ ਇਸ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਉਮੀਦਵਾਰ ਨੂੰ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 10 (ਏ) ਤਹਿਤ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।