ਹਰਿਆਣਾ ਚੋਣਾਂ: ਮੁੱਖ ਮੰਤਰੀ ਸੈਣੀ ਨੇ ਪਰਿਵਾਰ ਸਣੇ ਵੋਟ ਪਾਈ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 5 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਨਰਾਇਣਗੜ੍ਹ ਦੇ ਪਿੰਡ ਮਿਰਜ਼ਾਪੁਰ ਵਿੱਚ ਆਪਣੀ ਪਤਨੀ ਸੁਮਨ ਸੈਣੀ ਅਤੇ ਪੁੱਤਰ ਨਾਲ ਵੋਟ ਪਾਈ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਪਰਿਵਾਰ ਦੇ ਨਾਲ ਪਿੰਡ ਦੇ ਗੁਰੂ ਰਵਿਦਾਸ ਮੰਦਰ ਅਤੇ ਉਸ ਮਗਰੋਂ ਪਿੰਡ ਮਿਰਜ਼ਾਪੁਰ ਦੇ ਗੁਰਦੁਆਰੇ ਵਿੱਚ ਜਾ ਕੇ ਮੱਥਾ ਟੇਕਿਆ ਅਤੇ ਅਰਦਾਸ ਕਰਵਾਈ।
ਵੋਟ ਪਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਜਦੋਂ ਉਹ ਸੂਬੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਸਾਫ਼ ਪਤਾ ਲੱਗ ਰਿਹਾ ਸੀ ਕਿ ਲੋਕ ਤੀਜੀ ਵਾਰ ਵੀ ਭਾਜਪਾ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਹਰਿਆਣਾ ਵਿੱਚ ਰਿਕਾਰਡ ਤੋੜ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਝੂਠ ਦੀ ਰਾਜਨੀਤੀ ਕਰਦੀ ਹੈ ਅਤੇ ਹਰਿਆਣਾ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਹਨ। ਹਰਿਆਣਾ ਨੇ ਭਾਜਪਾ ਨੂੰ ਤੀਜੀ ਵਾਰ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਲਿਆ ਹੈ।
ਜੇਜੇਪੀ ਦੇ ਕੌਮੀ ਪ੍ਰਧਾਨ ਅਜੈ ਚੌਟਾਲਾ ਨੇ ਪਰਿਵਾਰਕ ਮੈਂਬਰਾਂ ਸਣੇ ਵੋਟ ਪਾਈ
ਸਿਰਸਾ (ਪ੍ਰਭੂ ਦਿਆਲ): ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਕੌਮੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਅੱਜ ਸਥਾਨਕ ਬਾਲ ਭਵਨ ਸਥਿਤ ਪੋਲਿੰਗ ਕੇਂਦਰ ਵਿੱਚ ਵੋਟ ਪਾਈ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵਿਧਾਇਕ ਨੈਨਾ ਸਿੰਘ ਚੌਟਾਲਾ, ਵੱਡੇ ਪੁੱਤਰ ਅਤੇ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਸਿੰਘ ਚੌਟਾਲਾ, ਜੇਜੇਪੀ ਦੇ ਸੂਬਾ ਪ੍ਰਧਾਨ ਜਨਰਲ ਸਕੱਤਰ ਦਿਗਵਿਜੈ ਸਿੰਘ ਚੌਟਾਲਾ ਦੀ ਪਤਨੀ ਲਗਨਾ ਚੌਟਾਲਾ ਵੀ ਮੌਜੂਦ ਸਨ। ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਸਿੰਘ ਚੌਟਾਲਾ ਨੇ ਕਿਹਾ ਕਿ ਲੋਕਾਂ ਦੀ ਹਰੇਕ ਵੋਟ ਹਰਿਆਣਾ ਦੇ ਅਗਲੇ ਪੰਜ ਸਾਲਾਂ ਦੇ ਭਵਿੱਖ ਦਾ ਫੈਸਲਾ ਕਰੇਗੀ ਅਤੇ ਵੋਟਰਾਂ ਦੀਆਂ ਭਾਵਨਾਵਾਂ ਸਮੁੱਚੇ ਜੇਜੇਪੀ-ਏਐੱਸਪੀ ਗੱਠਜੋੜ ਨੂੰ ਨਵੀਂ ਤਾਕਤ ਦੇਣਗੀਆਂ।
ਕਾਂਗਰਸ ’ਚ ਮੁੱਖ ਮੰਤਰੀ ਦਾ ਫ਼ੈਸਲਾ ਹਾਈਕਮਾਨ ਹੱਥ: ਸ਼ੈਲਜਾ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਸਿਰਸਾ ਤੋਂ ਲੋਕ ਸਭਾ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਦੇ 10 ਸਾਲਾਂ ਦੇ ਸ਼ਾਸਨ ਤੋਂ ਦੁਖੀ ਹਰਿਆਣਾ ਦੇ ਲੋਕਾਂ ਨੇ ਪਹਿਲਾਂ ਹੀ ਹਰਿਆਣਾ ਦੀ ਕਿਸਮਤ ਲਿਖ ਦਿੱਤੀ ਸੀ। ਲੋਕਾਂ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਜਾ ਰਹੀ ਹੈ ਅਤੇ ਕਾਂਗਰਸ ਦੀ ਸਰਕਾਰ ਆ ਰਹੀ ਹੈ। ਜਨਤਾ ਨੇ ਭਾਜਪਾ ਲਈ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਸਨ। ਉਹ ਅੱਜ ਇੱਥੇ ਆਪਣਾ ਵੋਟ ਪਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ਼ੈਲਜਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੀ ਦਾਅਵੇਦਾਰੀ ਨੂੰ ਲੈ ਕੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਸਭ ਜਾਣਦੇ ਹਨ ਕਿ ਕਾਂਗਰਸ ਵਿੱਚ ਮੁੱਖ ਮੰਤਰੀ ਦਾ ਫੈਸਲਾ ਹਾਈਕਮਾਨ ਵੱਲੋਂ ਲਿਆ ਜਾਂਦਾ ਹੈ। ਉਨ੍ਹਾਂ ਕਿਹਾ, ‘ਅਸੀਂ ਸਾਰੀਆਂ 90 ਸੀਟਾਂ ਜਿੱਤਣ ਲਈ ਲੜ ਰਹੇ ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰਿਆਣਾ ਵਿੱਚ ਕਾਂਗਰਸ ਦੀ ਬਹੁਮਤ ਨਾਲ ਸਰਕਾਰ ਬਣ ਰਹੀ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਦੇ 10 ਸਾਲਾਂ ਦੇ ਰਾਜ ਤੋਂ ਲੋਕ ਪ੍ਰੇਸ਼ਾਨ ਹਨ। ਜਨਤਾ ਭਾਜਪਾ ਸਰਕਾਰ ਤੋਂ ਆਜ਼ਾਦੀ ਚਾਹੁੰਦੀ ਹੈ। ਲੋਕਾਂ ਕੋਲ ਕਾਂਗਰਸ ਦੇ ਰੂਪ ਵਿੱਚ ਬਦਲ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜਨਤਾ ਜਾਣਦੀ ਹੈ ਕਿ ਕਾਂਗਰਸ ਜੋ ਵੀ ਵਾਅਦੇ ਕਰਦੀ ਹੈ, ਉਨ੍ਹਾਂ ਨੂੰ ਪੂਰਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਇਕ ਝੂਠ ਨੂੰ ਲੁਕਾਉਣ ਲਈ ਕਈ ਝੂਠ ਬੋਲ ਰਹੀ ਹੈ ਪਰ ਜਨਤਾ ਹੁਣ ਇਸ ਤੋਂ ਗੁੰਮਰਾਹ ਹੋਣ ਵਾਲੀ ਨਹੀਂ ਹੈ।