ਹਰਿਆਣਾ ਚੋਣਾਂ: ਅੰਬਾਲਾ ’ਚ 67.4 ਤੇ ਪੰਚਕੂਲਾ ’ਚ 65 ਫੀਸਦੀ ਵੋਟਿੰਗ
ਪੀਪੀ ਵਰਮਾ/ਰਤਨ ਸਿੰਘ ਢਿੱਲੋਂ
ਪੰਚਕੂਲਾ/ਅੰਬਾਲਾ, 5 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਪੰਚਕੂਲਾ ਜ਼ਿਲ੍ਹੇ ਵਿੱਚ ਲਗਪਗ 65 ਅਤੇ ਅੰਬਾਲਾ ਜ਼ਿਲ੍ਹੇ ਵਿੱਚ 67.5 ਫੀਸਦੀ ਵੋਟਿੰਗ ਹੋਈ। ਪੰਚਕੂਲਾ ਦੇ ਡੀਸੀ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ. ਯਸ਼ ਗਰਗ ਨੇ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਜ਼ਿਲ੍ਹੇ ਵਿੱਚ ਲਗਪਗ 65 ਫ਼ੀਸਦੀ ਵੋਟਿੰਗ ਹੋਈ। ਪੰਚਕੂਲਾ ਜ਼ਿਲ੍ਹੇ ਵਿੱਚ 4,38,245 ਵੋਟਰਾਂ ਲਈ 455 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਦੇ 17 ਉਮੀਦਵਾਰਾਂ ਲਈ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਈਆਂ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 01-ਕਾਲਕਾ ਵਿਧਾਨ ਸਭਾ ਵਿੱਚ ਵਿੱਚ ਕਰੀਬ 71 ਫੀਸਦੀ ਵੋਟਿੰਗ ਹੋਈ। ਉਨ੍ਹਾਂ ਦੱਸਿਆ ਕਿ 02-ਪੰਚਕੂਲਾ ਹਲਕੇ ਵਿੱਚ 59 ਫੀਸਦੀ ਵੋਟਿੰਗ ਹੋਈ।
ਡੀਸੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 6 ਦੇ ਦਿਵਿਆਂਗ ਬੂਥ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਵੋਟਿੰਗ ਨਿਰਵਿਘਨ ਚੱਲਦੀ ਰਹੀ। ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰਥਕ ਸਕੂਲ ਸੈਕਟਰ 12ਏ ਵਿੱਚ ਬਣਾਏ ਗਏ ਗੁਲਾਬੀ ਬੂਥ ਅਤੇ ਮਹਿਲਾ ਬੂਥ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਇਸ ਬੂਥ ’ਤੇ ਬਣੇ ਸੈਲਫੀ ਪੁਆਇੰਟ ’ਤੇ ਸੈਲਫੀ ਲਈ। ਅੰਬਾਲਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਦੱਸਿਆ ਕਿ ਅੰਬਾਲਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਵਿਧਾਨ ਸਭਾ ਦੀਆਂ ਆਮ ਚੋਣਾਂ ਸਖ਼ਤ ਸੁਰੱਖਿਆ ਅਤੇ ਵਿਵਸਥਾ ਵਿਚਕਾਰ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ ਹਨ। ਚਾਰ ਵਿਧਾਨ ਸਭਾ ਹਲਕਿਆਂ ਅੰਬਾਲਾ ਕੈਂਟ, ਅੰਬਾਲਾ ਸ਼ਹਿਰ, ਮੁਲਾਣਾ ਅਤੇ ਨਰਾਇਣਗੜ੍ਹ ਦੇ ਵੋਟਰਾਂ ਖ਼ਾਸਕਰ ਨੌਜਵਾਨ ਵੋਟਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬਜ਼ੁਰਗਾਂ, ਨੌਜਵਾਨਾਂ ਅਤੇ ਔਰਤਾਂ ਨੇ ਪ੍ਰਸ਼ਾਸਨ ਦੇ ਪੂਰੇ ਸਹਿਯੋਗ ਨਾਲ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਵੋਟਾਂ ਪਾਈਆਂ। ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਦੱਸਿਆ ਕਿ ਚਾਰ ਵਿਧਾਨ ਸਭਾ ਹਲਕਿਆਂ ਵਿੱਚ 67.4 ਫ਼ੀਸਦੀ ਵੋਟਿੰਗ ਹੋਈ ਹੈ। ਸ਼ਾਮ 6 ਵਜੇ ਤੱਕ ਅੰਬਾਲਾ ਕੈਂਟ ਵਿੱਚ ਕਰੀਬ 64.3 ਫ਼ੀਸਦੀ, ਅੰਬਾਲਾ ਸਿਟੀ ਵਿੱਚ 62.9 ਫ਼ੀਸਦੀ, ਮੁਲਾਣਾ ਵਿੱਚ ਕਰੀਬ 70.7 ਫ਼ੀਸਦੀ ਅਤੇ ਨਰਾਇਣਗੜ੍ਹ ਹਲਕੇ ਵਿਚ ਸਭ ਤੋਂ ਵੱਧ 73.1 ਫ਼ੀਸਦੀ ਵੋਟਾਂ ਪਈਆਂ ਹਨ।
ਚੰਦਰ ਮੋਹਨ ਨੇ ਪਰਿਵਾਰ ਸਣੇ ਵੋਟ ਪਾਈ
ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਚਕੂਲਾ ਵਿੱਚ ਸੈਕਟਰ-8 ਦੇ ਪੋਲਿੰਗ ਸਟੇਸ਼ਨ ’ਤੇ ਆਪਣੇ ਪਰਿਵਾਰ ਨਾਲ ਜਾ ਕੇ ਵੋਟ ਪਾਈ। ਚੰਦਰ ਮੋਹਨ ਨੇ ਕਿਹਾ ਕਿ ਉਹ 109 ਮੁੱਦਿਆਂ ’ਤੇ ਚੋਣ ਲੜ ਰਹੇ ਹਨ। 102 ਮੁੱਦੇ ਉਨ੍ਹਾਂ ਦੇ ਹਨ ਅਤੇ ਸੱਤ ਮੁੱਦੇ ਕਾਂਗਰਸ ਦੇ ਵੱਖਰੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਿੱਧਾ ਮੁਕਾਬਲਾ ਭਾਜਪਾ ਦੇ ਗਿਆਨ ਚੰਦ ਗੁਪਤਾ ਨਾਲ ਹੈ।