ਹਰਿਆਣਾ ਚੋਣਾਂ: ਸ਼ਾਮ ਸੱਤ ਵਜੇ ਤੱਕ 61 ਫ਼ੀਸਦ ਤੋਂ ਵੱਧ ਵੋਟਾਂ ਪਈਆਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਕਤੂਬਰ
Haryana Elections: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸੂਬੇ ਦੇ ਵੋਟਰਾਂ ਵੱਲੋਂ ਉਤਸ਼ਾਹ ਨਾਲ ਵੋਟਾਂ ਪਾਈਆਂ ਅਤੇ ਸ਼ਾਮ 7 ਵਜੇ ਤੱਕ 61.19 ਫ਼ੀਸਦ ਤੋਂ ਵੱਧ ਪੋਲਿੰਗ ਦਰਜ ਹੋਈ। ਸੂਬੇ ਦੇ ਬਹੁਤੇ ਪੋਲਿੰਗ ਬੂਥਾਂ ਉਤੇ ਵੋਟਰਾਂ ਦੀਆਂ ਆਪਣੀ ਵਾਰੀ ਦੀ ਉਡੀਕ ਵਿਚ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਚੋਣ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਸ਼ਾਮ 7 ਵਜੇ ਤੱਕ 61.19 ਫ਼ੀਸਦ ਮਤਦਾਨ ਹੋਇਆ ਹਾਲਾਂਕਿ ਸਾਰੀ ਸੂਚਨਾ ਮਿਲਣ ਮਗਰੋਂ ਇਹ ਅੰਕੜਾ ਵਧਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੀ 90 ਮੈਂਬਰੀ ਅਸੰਬਲੀ ਲਈ ਅੱਜ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋਈ । ਸੂਬੇ ਦੇ 2.03 ਕਰੋੜ ਵੋਟਰਾਂ ਨੇ ਮੁਕਾਬਲੇ ਵਿਚ ਡਟੇ ਹੋਏ 1031 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਵੋਟਿੰਗ ਮਸ਼ੀਨਾਂ ’ਚ ਬੰਦ ਕੀਤਾ। ਵੋਟਾਂ ਪਾਉਣ ਲਈ ਕੁੱਲ 20532 ਪੋਲਿੰਗ ਬੂਥ ਬਣਾਏ ਗਏ ਤੇ ਰਾਜ ਭਰ ਵਿਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਚੋਣ ਕਮਿਸ਼ਨ ਮੁਤਾਬਕ 90 ਅਸੈਂਬਲੀ ਸੀਟਾਂ ਲਈ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ਾਂਤੀਪੂਰਨ ਮਤਦਾਨ ਹੋਇਆ। ਹਾਲਾਂਕਿ ਕੁਝ ਥਾਈਂ ਝਗੜੇ ਦੀਆਂ ਇੱਕ ਦੁੱਕਾ ਘਟਨਾਵਾਂ ਵਾਪਰੀਆਂ। ਪੇਂਡੂ ਇਲਾਕਿਆਂ ਵਿਚ ਤਾਂ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੋਟਰ ਵੱਡੀ ਗਿਣਤੀ ਵਿਚ ਪੁੱਜਣ ਲੱਗੇ ਸਨ। ਇਸ ਦੌਰਾਨ ਮੁਕਾਬਲਾ ਬਹੁਕੋਣਾ ਹੋਣ ਦੇ ਆਸਾਰ ਹਨ। ਹਾਕਮ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ, ਜਦੋਂਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੇ ਇਨੈਲੋ-ਬਸਪਾ ਗੱਠਜੋੜ ਵੀ ਆਪੋ-ਆਪਣੀਆਂ ਸਰਕਾਰਾਂ ਬਣਨ ਦੇ ਦਾਅਵੇ ਕਰ ਰਹੇ ਹਨ। -ਏਜੰਸੀਆਂ