ਹਰਿਆਣਾ ਦੇ ਚੋਣ ਨਤੀਜੇ
ਹਰਿਆਣਾ ਵਿਧਾਨ ਸਭਾ ਦੇ ਬਹੁਤ ਹੀ ਹੈਰਾਨੀਜਨਕ ਚੋਣ ਨਤੀਜੇ ਆਏ ਹਨ। ਸਾਰੀਆਂ ਚੋਣ ਭਵਿੱਖਬਾਣੀਆਂ ਨੂੰ ਝੂਠਾ ਸਾਬਿਤ ਕਰ ਕੇ ਭਾਰਤੀ ਜਨਤਾ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲ ਰਿਹਾ ਹੈ ਜਿਸ ਸਦਕਾ ਪਾਰਟੀ ਲਗਾਤਾਰ ਤੀਜੀ ਵਾਰ ਸੂਬੇ ਵਿਚ ਆਪਣੀ ਸਰਕਾਰ ਬਣਾਏਗੀ। ਐਗਜਿ਼ਟ ਪੋਲ ਸਰਵੇਖਣਾਂ ਵਿਚ ਕਾਂਗਰਸ ਨੂੰ ਵੱਡੀ ਜਿੱਤ ਮਿਲਦੀ ਦਿਖਾਈ ਗਈ ਸੀ ਅਤੇ ਕੁਝ ਕੁ ਸਰਵੇਖਣਾਂ ਵਿਚ ਤਾਂ ਕਾਂਗਰਸ ਨੂੰ 64 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਸਨ ਪਰ ਭਾਜਪਾ ਦੀ ਰਣਨੀਤਕ ਮੁਹਿੰਮ ਆਖਿ਼ਰ ਨੂੰ ਭਾਰੂ ਸਾਬਿਤ ਹੋਈ ਅਤੇ ਪਾਰਟੀ ਨੇ 50 ਸੀਟਾਂ ’ਤੇ ਜਿੱਤ ਦਰਜ ਕਰ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੇ ਬੱਝਵੀਂ ਅਤੇ ਢੁਕਵੀਂ ਚੋਣ ਮੁਹਿੰਮ ਤਿਆਰ ਕਰ ਕੇ ਅਮਲ ਵਿਚ ਲਿਆਂਦੀ ਜਿਸ ਨਾਲ ਉਹ ਕਾਂਗਰਸ ਨੂੰ ਮਿਲ ਰਹੀ ਸ਼ੁਰੂਆਤੀ ਲੀਡ ਨੂੰ ਠੱਲ੍ਹ ਪਾਉਣ ਵਿਚ ਕਾਮਯਾਬ ਹੋ ਗਈ। ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ ਦੇ ਹੱਕ ਵਿਚ ਲਹਿਰ ਨਜ਼ਰ ਆ ਰਹੀ ਸੀ ਪਰ ਭਾਜਪਾ ਨੇ ਜਲਦੀ ਹੀ ਪੈਰ ਜਮਾ ਲਏ ਅਤੇ ਆਪਣੇ ਜਨਤਕ ਆਧਾਰ, ਖ਼ਾਸਕਰ ਗ਼ੈਰ-ਜਾਟ ਜਾਤੀਆਂ ਅੰਦਰਲੇ ਆਪਣਾ ਆਧਾਰ ਮਜ਼ਬੂਤ ਬਣਾ ਕੇ ਰੱਖਿਆ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਇਸ ਸਾਲ ਦੇ ਸ਼ੁਰੂ ਵਿਚ ਮਨੋਹਰ ਲਾਲ ਖੱਟਰ ਨੂੰ ਹਟਾ ਕੇ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਥਾਪਿਆ ਸੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਨੇ ਵੱਖ-ਵੱਖ ਜਾਤੀਆਂ ਤੇ ਭਾਈਚਾਰਿਆਂ ਅੰਦਰ ਭਰੋਸਾ ਜਗਾਇਆ; ਇਸ ਦੇ ਨਾਲ ਹੀ ਆਰਐੱਸਐੱਸ ਦੀ ਭਰਵੀਂ ਹਮਾਇਤ ਮਿਲਣ ਨਾਲ ਭਾਜਪਾ ਨੂੰ ਲਾਹਾ ਮਿਲਿਆ।
ਦੂਜੇ ਬੰਨੇ ਕਾਂਗਰਸ ਦੀ ਚੋਣ ਮੁਹਿੰਮ ਉਮੀਦਾਂ ’ਤੇ ਪੂਰੀ ਨਹੀਂ ਉੱਤਰ ਸਕੀ। ਕਾਂਗਰਸ ਲੀਡਰਸ਼ਿਪ ਨੂੰ ਪਾਰਟੀ ਦੀ ਵੱਡੀ ਜਿੱਤ ਹੋਣ ਦੀ ਆਸ ਸੀ ਅਤੇ ਇਹੋ ਜਿਹੇ ਹੀ ਕਿਆਸ ਚੋਣ ਸਰਵੇਖਣਕਾਰਾਂ ਨੇ ਲਗਾਏ ਸਨ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਉਪਰ ਪਾਰਟੀ ਦੀ ਲੋੜੋਂ ਵੱਧ ਨਿਰਭਰਤਾ ਅਤੇ ਮੋਹਰੀ ਸਫ਼ਾਂ ਵਿਚ ਗੁੱਟਬਾਜ਼ੀ ਕਰ ਕੇ ਪਾਰਟੀ ਆਪਣਾ ਸੰਦੇਸ਼ ਦੂਰ ਤੱਕ ਲਿਜਾਣ ਵਿਚ ਕਾਮਯਾਬ ਨਹੀਂ ਹੋ ਸਕੀ। ਹੁੱਡਾ ਦੀ ਅਗਵਾਈ ਹੇਠਲੀ ਪਿਛਲੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਬਣੇ ਸੰਸੇ ਅਤੇ ਸਵਾਲ ਅਜੇ ਤੱਕ ਲੋਕਾਂ ਦੇ ਮਨਾਂ ’ਚੋਂ ਦੂਰ ਨਹੀਂ ਹੋ ਸਕੇ ਸਨ। ਚੋਣ ਪ੍ਰਚਾਰ ਦੌਰਾਨ ਭਾਜਪਾ ਲੀਡਰਸ਼ਿਪ ਨੇ ਇਨ੍ਹਾਂ ਸਵਾਲਾਂ ਨੂੰ ਜ਼ੋਰ ਸ਼ੋਰ ਨਾਲ ਉਭਾਰ ਕੇ ਵੋਟਰਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਕਾਂਗਰਸ ਸਰਕਾਰ ਦੀ ਵਾਪਸੀ ਹੁੰਦੀ ਹੈ ਤਾਂ ਇਸ ਨਾਲ ਇਕ ਪਰਿਵਾਰ ਦਾ ਸ਼ਾਸਨ ਵਾਪਸ ਆ ਜਾਵੇਗਾ। ਇਸ ਦੇ ਨਾਲ ਹੀ ਚੋਣ ਨਤੀਜਿਆਂ ਦੀ ਜਾਣਕਾਰੀ ਅਪਡੇਟ ਕਰਨ ਨੂੰ ਲੈ ਕੇ ਕਾਂਗਰਸ ਵਿਚ ਮਾਯੂਸੀ ਬਣੀ ਹੋਈ ਸੀ ਅਤੇ ਪਾਰਟੀ ਦੇ ਆਗੂਆਂ ਵਲੋਂ ਇਸ ਪ੍ਰਕਿਰਿਆ ਵਿਚ ਪਾਰਦਰਸ਼ਤਾ ਦੀ ਘਾਟ ਦੇ ਸਵਾਲ ਉਠਾਏ ਜਾ ਰਹੇ ਹਨ।
ਇਸ ਦੇ ਨਾਲ ਹੀ ਦੂਜੀਆਂ ਪਾਰਟੀਆਂ ਹਾਸ਼ੀਏ ’ਤੇ ਚਲੀਆਂ ਗਈਆਂ ਹਨ। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੀ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਵਿਚ ਉੱਤਰੀ ਸੀ ਪਰ ਪਾਰਟੀ ਨੂੰ ਦੋ ਫ਼ੀਸਦ ਤੋਂ ਵੀ ਘੱਟ ਵੋਟਾਂ ਮਿਲੀਆਂ ਅਤੇ ਇਹ ਵਿਧਾਨ ਸਭਾ ਵਿਚ ਆਪਣਾ ਖਾਤਾ ਵੀ ਨਾ ਖੋਲ੍ਹ ਸਕੀ। ਇਸੇ ਤਰ੍ਹਾਂ ਦੁਸ਼ਿਅੰਤ ਚੌਟਾਲਾ ਦੀ ਜੇਜੇਪੀ ਨੂੰ ਵੀ ਕੋਈ ਸੀਟ ਨਾ ਮਿਲ ਸਕੀ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ‘ਕਿੰਗਮੇਕਰ’ ਬਣ ਕੇ ਉੱਭਰੀ ਸੀ। ਇਨੈਲੋ ਅਤੇ ਆਜ਼ਾਦ ਉਮੀਦਵਾਰਾਂ ਨੂੰ ਕੁਝ ਸੀਟਾਂ ’ਤੇ ਸਫਲਤਾ ਹਾਸਲ ਹੋਈ ਹੈ ਪਰ ਇਨ੍ਹਾਂ ਦਾ ਪ੍ਰਭਾਵ ਵੀ ਘਟ ਰਿਹਾ ਹੈ। ਹਰਿਆਣਾ ਵਿਚ ਭਾਜਪਾ ਦੀ ਜਿੱਤ ਇਸ ਵਰਤਾਰੇ ਦੀ ਸ਼ਾਹਦੀ ਭਰਦੀ ਹੈ ਕਿ ਰਾਸ਼ਟਰੀ ਪਾਰਟੀਆਂ ਕੋਲ ਮੁਕਾਮੀ ਸਿਆਸੀ ਮਾਹੌਲ ਮੁਤਾਬਕ ਢਲਣ ਦੀਆਂ ਰਣਨੀਤੀਆਂ ਮੌਜੂਦ ਹਨ। ਲੋਕ ਸਭਾ ਚੋਣਾਂ ਵਿਚ ਲੱਗੇ ਝਟਕੇ ਤੋਂ ਬਾਅਦ ਭਾਜਪਾ ਨੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ ਜਦਕਿ ਕਾਂਗਰਸ ਨੂੰ ਅਗਲੇ ਕੁਝ ਮਹੀਨੇ ਵਿਚ ਹੋਣ ਵਾਲੀਆਂ ਸੂਬਾਈ ਅਸੈਂਬਲੀ ਚੋਣਾਂ ਵਿਚ ਆਪਣੀ ਕਾਰਗੁਜ਼ਾਰੀ ਬਿਹਤਰ ਕਰਨ ਲਈ ਆਪਣੀ ਰਣਨੀਤੀ ਨੂੰ ਜਿ਼ਆਦਾ ਕਾਰਗਰ ਬਣਾਉਣ ਵੱਲ ਖਾਸਾ ਧਿਆਨ ਦੇਣਾ ਪਵੇਗਾ।