ਹਰਿਆਣਾ: ਚੋਣ ਪ੍ਰਚਾਰ ਖ਼ਤਮ, ਵੋਟਾਂ ਭਲਕੇ
* ‘ਆਪ’ ਵੱਲੋਂ ਆਤਿਸ਼ੀ ਤੇ ਸੰਜੈ ਸਿੰਘ ਨੇ ਸੰਭਾਲੀ ਕਮਾਨ
ਆਤਿਸ਼ ਗੁਪਤਾ
ਚੰਡੀਗੜ੍ਹ, 3 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮੀਂ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਸੂਬੇ ਦੇ 90 ਅਸੈਂਬਲੀ ਹਲਕਿਆਂ ਲਈ 2.03 ਕਰੋੜ ਤੋਂ ਵੱਧ ਵੋਟਰਾਂ ਵੱਲੋਂ 5 ਅਕਤੂਬਰ ਨੂੰ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਵਿੱਚ ਕੁੱਲ 1031 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹੁਣ ਚੋਣਾਂ ਤੋਂ ਪਹਿਲਾਂ ਉਮਾਦਵਾਰਾਂ ਵੱਲੋਂ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਸੂਬੇ ਤੋਂ ਬਾਹਰਲੇ ਵਿਅਕਤੀਆਂ ਨੂੰ ਵਿਧਾਨ ਸਭਾ ਹਲਕਿਆਂ ਤੋਂ ਬਾਹਰ ਜਾਣ ਦੇ ਆਦੇਸ਼ ਦਿੱਤੇ ਹਨ। ਹਰਿਆਣਾ ਅਸੈਂਬਲੀ ਲਈ ਵੋਟਿੰਗ 5 ਅਕਤੂਬਰ ਨੂੰ ਹੋਵੇਗੀ, ਜਦੋਂਕਿ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।
ਚੋਣ ਪ੍ਰਚਾਰ ਦੇ ਅੰਤਿਮ ਦਿਨ ਅੱਜ ਭਾਜਪਾ, ਕਾਂਗਰਸ, ‘ਆਪ’ ਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਵੱਡੇ ਸਿਆਸੀ ਆਗੂਆਂ ਨੇ ਪਿੰਡਾਂ ਤੇ ਸ਼ਹਿਰਾਂ ਵਿੱਚ ਰੋਡ ਸ਼ੋਅ ਅਤੇ ਚੋਣ ਰੈਲੀਆਂ ਕੀਤੀਆਂ। ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵਿਧਾਨ ਸਭਾ ਹਲਕਾ ਨੂਹ ਤੇ ਮਹਿੰਦਰਗੜ੍ਹ ਵਿੱਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ ਕਾਂਗਰਸ ਦੇ ਕਈ ਹੋਰ ਸੀਨੀਅਰ ਆਗੂਆਂ ਨੇ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਰੋਡ ਸ਼ੋਅ ਕੀਤੇ। ਭਾਜਪਾ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਧਾਨ ਸਭਾ ਹਲਕਾ ਸਫੀਦੋਂ ਤੇ ਕਲਾਇਤ ਵਿੱਚ ਦੋ ਰੈਲੀਆਂ ਕੀਤੀਆਂ। ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੰਬਾਲਾ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ। ਆਮ ਆਦਮੀ ਪਾਰਟੀ (ਆਪ) ਉਮੀਦਵਾਰਾਂ ਦੇ ਹੱਕ ਵਿੱਚ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਵਿਧਾਨ ਸਭਾ ਹਲਕਾ ਬਰਵਾਲਾ ਵਿੱਚ ਰੋਡ ਸ਼ੋਅ ਕੱਢਿਆ ਅਤੇ ਵਿਧਾਨ ਸਭਾ ਹਲਕਾ ਬਾਡੜਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਵਿਧਾਨ ਸਭਾ ਹਲਕਾ ਬਵਾਨੀ ਖੇੜਾ, ਹਾਂਸੀ ਅਤੇ ਉਚਾਨਾ ਕਲਾਂ ਵਿੱਚ ਰੋਡ ਸ਼ੋਅ ਕੱਢੇ। ਆਗੂਆਂ ਨੇ ਸੂਬੇ ਦੇ ਵੋਟਰਾਂ ਨੂੰ ਖੁੱਲ੍ਹ ਕੇ ਵੋਟ ਪਾਉਣ ਦੀ ਅਪੀਲ ਕੀਤੀ।
ਹਰਿਆਣਾ ਅਸੈਂਬਲੀ ਚੋਣਾਂ ਵਿੱਚ ਭਾਜਪਾ, ਕਾਂਗਰਸ, ‘ਆਪ’, ਇਨੈਲੋ ਤੇ ਜੇਜੇਪੀ ਵਕਾਰ ਦੀ ਲੜਾਈ ਲੜ ਰਹੀਆਂ ਹਨ। ਇਸ ਦੌਰਾਨ ਭਾਜਪਾ ਵੱਲੋਂ ਕੇਂਦਰ ਦੀ ਤਰਜ਼ ’ਤੇ ਹਰਿਆਣਾ ਵਿੱਚ ਤੀਜੀ ਵਾਰ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦੋਂ ਕਿ ਕਾਂਗਰਸ ਸਣੇ ਹੋਰਨਾਂ ਪਾਰਟੀਆਂ ਭਾਜਪਾ ਦਾ ਹੰਕਾਰ ਤੋੜਨ ਵਿੱਚ ਲੱਗੀਆਂ ਹੋਈਆਂ ਹਨ। ਇਸੇ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਵਾਅਦੇ ਕੀਤੇ ਗਏ ਅਤੇ ਇਕ ਦੂਜੇ ’ਤੇ ਨਿੱਜੀ ਟਿੱਪਣੀਆਂ ਕਰਕੇ ਘੇਰਾਬੰਦੀ ਕੀਤੀ ਹੈ।
ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ 2,03,54,350 ਵੋਟਰਾਂ ਵੱਲੋਂ 1031 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ। ਇਸ ਵਿੱਚ 1,07,75,957 ਪੁਰਸ਼ ਤੇ 95,77,926 ਮਹਿਲਾਵਾਂ ਅਤੇ ਥਰਡ ਜੈਂਡਰ 467 ਵੋਟਰ ਹਨ।
ਚੋਣ ਕਮਿਸ਼ਨ ਵੱਲੋਂ ਤਿਆਰੀਆਂ ਦਾ ਜਾਇਜ਼ਾ
ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ 225 ਤੋਂ ਵੱਧ ਨੀਮ ਫ਼ੌਜੀ ਬਲਾਂ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਹਨ, ਜਿਨ੍ਹਾਂ ਨੇ ਸੂਬੇ ਭਰ ਵਿੱਚ ਆਪਣੇ ਮੋਰਚੇ ਸਾਂਭ ਲਏ ਹਨ। ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਵਧੇਰੇ ਚੌਕਸੀ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਹਨ। ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ, ਸ਼ਰਾਬ ਤੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਵਧੇਰੇ ਚੌਕਸੀ ਰੱਖੀ ਜਾ ਰਹੀ ਹੈ। ਇਸ ਲਈ ਹਰਿਆਣਾ ਦੇ ਅੰਦਰ ਤੇ ਬਾਹਰੀ ਸੜਕਾਂ ’ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਭਾਜਪਾ ਨਫ਼ਰਤ ਫੈਲਾਉਂਦੀ ਹੈ: ਰਾਹੁਲ
ਨੂਹ/ਮਹਿੰਦਰਗੜ੍ਹ:
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਭਾਜਪਾ ਨੂੰ ਧਰਮ, ਭਾਸ਼ਾ ਤੇ ਜਾਤ ਦੇ ਅਧਾਰ ’ਤੇ ‘ਨਫ਼ਰਤ’ ਫੈਲਾਉਣ ਦੀ ਖੁੱਲ੍ਹ ਨਹੀਂ ਦੇਣਗੇ। ਉਨ੍ਹਾਂ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਤਾਧਾਰੀ ਪਾਰਟੀ ਨੂੰ ਅਸੈਂਬਲੀ ਚੋਣਾਂ ਵਿਚ ਬਾਹਰ ਦਾ ਰਾਹ ਦਿਖਾਉਣ। ਗਾਂਧੀ ਚੋਣ ਪ੍ਰਚਾਰ ਦੇ ਆਖਰੀ ਦਿਨ ਨੂਹ ਤੇ ਮਹਿੰਦਰਗੜ੍ਹ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਭਾਜਪਾ ਆਗੂ ਤੇ ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ(48) ਮਹਿੰਦਰਗੜ੍ਹ ਰੈਲੀ ਦੌਰਾਨ ਕਾਂਗਰਸ ਵਿਚ ਸ਼ਾਮਲ ਹੋ ਗਏ। ਗਾਂਧੀ ਨੇ ਆਪਣਾ ਭਾਸ਼ਣ ਖ਼ਤਮ ਕਰਨ ਮਗਰੋਂ ਦਲਿਤ ਆਗੂ ਤੰਵਰ ਦੀ ਕਾਂਗਰਸ ਵਿਚ ਘਰ ਵਾਪਸੀ ਦਾ ਐਲਾਨ ਕੀਤਾ। ਤੰਵਰ ਇਸ ਸਾਲ ਜਨਵਰੀ ’ਚ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਗਾਂਧੀ ਨੇ ਕਿਹਾ ਕਿ ਲੜਾਈ ਮੁਹੱਬਤ ਤੇ ਨਫ਼ਰਤ ਦਰਮਿਆਨ ਹੈ। ਕਾਂਗਰਸ ਨੇ ਜਿੱਥੇ ਪਿਆਰ ਵੰਡਿਆ ਉਥੇ ਭਾਜਪਾ ਨੇ ਨਫ਼ਰਤ ਫੈਲਾਈ। ਉਨ੍ਹਾਂ ਕਿਹਾ, ‘ਸਭ ਤੋਂ ਅਹਿਮ ਗੱਲ ਭਾਈਚਾਰਾ ਹੈ। ਭਾਜਪਾ ਤੇ ਆਰਐੱਸਐੱਸ ਦੇ ਲੋਕ ਜਿੱਥੇ ਕਿਤੇ ਜਾਂਦੇ ਹਨ, ਉਹ ਨਫ਼ਰਤ ਫੈਲਾਉਂਦੇ ਹਨ। ਉਹ ਜਿਸ ਕਿਸੇ ਵੀ ਰਾਜ ਵਿਚ ਜਾਂਦੇ ਹਨ, ਕਿਤੇ ਉਹ ਭਾਸ਼ਾ ਦੀ, ਕਿਤੇ ਧਰਮ ਦੀ ਤੇ ਕਿਤੇ ਜਾਤ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ, ‘‘ਨਫ਼ਰਤ ਖ਼ਤਮ ਕਰਨੀ ਹੋਵੇਗੀ। ਭਾਰਤ ਨਫ਼ਰਤ ਦਾ ਦੇਸ਼ ਨਹੀਂ, ਇਹ ਮੁਹੱਬਤ ਵਾਲਾ ਮੁਲਕ ਹੈ...ਇਹ ‘ਮੁਹੱਬਤ ਕੀ ਦੁਕਾਨ ਵਾਲਾ ਦੇਸ਼ ਹੈ, ‘ਨਫ਼ਰਤ ਕਾ ਬਾਜ਼ਾਰ’ ਵਾਲਾ ਨਹੀਂ।’ ਹੱਥ ਵਿਚ ਸੰਵਿਧਾਨ ਦੀ ਕਾਪੀ ਲੈ ਕੇ ਗਾਂਧੀ ਨੇ ਕਿਹਾ, ‘‘ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਜੇ ਸੰਵਿਧਾਨ ਹੀ ਨਹੀਂ ਰਹੇਗਾ ਤਾਂ ਤੁਹਾਡੇ ਕੋਲ ਕੁਝ ਨਹੀਂ ਬਚੇਗਾ। ਤੁਹਾਡੀਆਂ ਜ਼ਮੀਨਾਂ, ਪੈਸਾ ਤੇ ਪਾਣੀ ਖੋਹ ਲਿਆ ਜਾਵੇਗਾ। ਇਹ ਕੁਝ ਚੋਣਵੇਂ 20-25 ਲੋਕਾਂ ਦੇ ਹੱਥਾਂ ਵਿਚ ਚਲੇ ਜਾਣਗੇ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਰਾਹੁਲ ਨੇ ਕਿਹਾ ਕਿ ‘ਮੋਦੀ ਜੀ ਅਰਬਪਤੀਆਂ ਦੀ ਸਰਕਾਰ ਚਲਾ ਰਹੇ ਹਨ।’ ਇਸ ਦੌਰਾਨ ਮਹਿੰਦਰਗੜ੍ਹ ਵਿਚ ਵੱਖਰੀ ਚੋਣ ਰੈਲੀ ਦੌਰਾਨ ਗਾਂਧੀ ਨੇ ਭਾਜਪਾ ਤੇ ਆਰਐੱਸਐੱਸ ਨੂੰ ਨਿਸ਼ਾਨਾ ਬਣਾਉਂਦਿਆਂ ਦੋੋੋਸ਼ ਲਾਇਆ ਕਿ ਇਹ ਸੰਵਿਧਾਨ ਵਿਚ ਵਿਸ਼ਵਾਸ ਨਹੀਂ ਰੱਖਦੇ ਤੇ ਇਸ ਨੂੰ ‘ਤਬਾਹ’ ਕਰਨਾ ਚਾਹੁੰਦੇ ਹਨ। ਪਿਛਲੇ ਸਾਲ ਜੰਤਰ ਮੰਤਰ ’ਤੇ ਹਰਿਆਣਾ ਨਾਲ ਸਬੰਧਤ ਪਹਿਲਵਾਨਾਂ ਦੇ ਪ੍ਰਰਦਸ਼ਨ ਦੇ ਹਵਾਲੇ ਨਾਲ ਗਾਂਧੀ ਨੇ ਕਿਹਾ, ‘ਸਭ ਨੇ ਦੇਖਿਆ ਕਿ ਭਾਜਪਾ ਨੇ ਉਨ੍ਹਾਂ ਨਾਲ ਕੀ ਕੀਤਾ।’ ਗਾਂਧੀ ਨੇ ਮਨੀਪੁਰ ਹਿੰਸਾ ਦੇ ਮਾਮਲੇ ’ਤੇ ਧਾਰੀ ਚੁੱਪੀ ਲਈ ਵੀ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਡੰਕੀ ਰੂਟ ਰਾਹੀਂ ਅਮਰੀਕਾ ਜਾਣ ਲਈ ਮਜਬੂਰ ਹੋਏ ਹਰਿਆਣਾ ਦੇ ਕਈ ਨੌਜਵਾਨਾਂ ਦਾ ਮੁੱਦਾ ਮੁੜ ਚੁੱਕਿਆ। -ਪੀਟੀਆਈ
ਕਾਂਗਰਸ ਭ੍ਰਿਸ਼ਟਾਚਾਰ, ਜਾਤੀਵਾਦ ਤੇ ਕੁਨਬਾਪ੍ਰਸਤੀ ਦੀ ਗਾਰੰਟੀ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ‘ਭ੍ਰਿਸ਼ਟਾਚਾਰ, ਜਾਤੀਵਾਦ, ਫ਼ਿਰਕੂਵਾਦ ਤੇ ਕੁਨਬਾਪ੍ਰਸਤੀ ਦੀ ਗਾਰੰਟੀ’ ਹੈ। ਉਨ੍ਹਾਂ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਤਾਧਾਰੀ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਸੱਤਾ ’ਚ ਲਿਆਉਣ ਲਈ ਵੋਟ ਪਾਉਣ। ਹਰਿਆਣਾ ’ਚ ਚੋਣ ਪ੍ਰਚਾਰ ਦੇ ਆਖਰੀ ਦਿਨ ਐਕਸ ’ਤੇ ਇਕ ਸੁਨੇਹੇ ਵਿਚ ਸ੍ਰੀ ਮੋਦੀ ਨੇ ਕਾਂਗਰਸ ਨੂੰ ਉਸ ਦੀ ਕਥਿਤ ਵੰਡਪਾਊ ਤੇ ਨਕਾਰਾਤਮਕ ਸਿਆਸਤ ਲਈ ਭੰਡਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਵਤਨਪ੍ਰਸਤ ਲੋਕ ਇਸ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ, ‘‘ਕਾਂਗਰਸ ਦਾ ਮਤਲਬ ਦਲਾਲਾਂ ਤੇ ਦਾਮਾਦਾਂ ਦਾ ਸਿੰਡੀਕੇਟ ਹੈ।’’ ਉਨ੍ਹਾਂ ਕਿਹਾ ਕਿ ਪਿਉ-ਪੁੱਤ ਦੀ ਸਿਆਸਤ ਦਾ ਇਕੋ ਇਕ ਟੀਚਾ ਸਵੈ-ਹਿੱਤ ਹਨ। -ਪੀਟੀਆਈ