ਹਰਿਆਣਾ: ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦੀਵਾਲੀ ਦਾ ਤੋਹਫ਼ਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਕਤੂਬਰ
ਹਰਿਆਣਾ ਸਰਕਾਰ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਹਲਫ਼ ਲੈਣ ਤੋਂ ਪਹਿਲਾਂ ਹੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦੀਵਾਲੀ ਦਾ ਤੋਹਫ਼ਾ ਦੇ ਦਿੱਤਾ ਹੈ। ਅੱਜ ਹਰਿਆਣਾ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦਿੱਤੇ ਜਾਣ ਵਾਲੇ ਭੱਤੇ ਵਿੱਚ 400 ਤੋਂ 750 ਰੁਪਏ ਮਹੀਨੇ ਦਾ ਵਾਧਾ ਕਰ ਦਿੱਤਾ ਹੈ। ਇਹ ਆਦੇਸ਼ 16 ਅਗਸਤ 2024 ਤੋਂ ਲਾਗੂ ਕੀਤੇ ਜਾਣਗੇ। ਇਸ ਤਰ੍ਹਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦੋ ਮਹੀਨੇ ਦਾ ਬਕਾਇਆ ਵੀ ਦਿੱਤਾ ਜਾਵੇਗਾ।
ਵਿਭਾਗ ਵੱਲੋਂ ਜਾਰੀ ਆਦੇਸ਼ ਅਨੁਸਾਰ 10 ਸਾਲਾਂ ਦਾ ਤਜਰਬਾ ਰੱਖਣ ਵਾਲੀਆਂ ਆਂਗਣਵਾੜੀ ਵਰਕਰਾਂ ਦੇ ਭੱਤੇ ਵਿੱਚ 750 ਰੁਪਏ ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਆਂਗਣਵਾੜੀ ਵਰਕਰਾਂ ਨੂੰ 14,000 ਰੁਪਏ ਮਹੀਨੇ ਤੋਂ ਵਧਾ ਕੇ 14,750 ਰੁਪਏ ਮਹੀਨਾ ਦਿੱਤੇ ਜਾਣਗੇ, ਜਦੋਂਕਿ 10 ਸਾਲ ਤੋਂ ਘੱਟ ਦਾ ਤਜਰਬਾ ਰੱਖਣ ਵਾਲੀਆਂ ਆਂਗਣਵਾੜੀ ਵਰਕਰਾਂ ਤੇ ਮਿੰਨੀ ਆਂਗਣਵਾੜੀ ਵਰਕਰ ਦੇ ਭੱਤੇ ਵਿੱਚ ਵੀ 750 ਰੁਪਏ ਮਹੀਨੇ ਦਾ ਵਾਧਾ ਕੀਤਾ ਹੈ। ਉਸ ਨੂੰ 12,500 ਰੁਪਏ ਮਹੀਨੇ ਤੋਂ ਵਧਾ ਕੇ 13,250 ਰੁਪਏ ਮਹੀਨਾ ਦਿੱਤਾ ਜਾਵੇਗਾ। ਮਿੰਨੀ ਆਂਗਣਵਾੜੀ ਵਰਕਰ ਦੇ ਭੱਤੇ ਵਿੱਚ ਵੀ 750 ਰੁਪਏ ਮਹੀਨੇ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਆਂਗਣਵਾੜੀ ਹੈਲਪਰ ਦੇ ਭੱਤੇ ਵਿੱਚ 400 ਰੁਪਏ ਦਾ ਵਾਧਾ ਕੀਤਾ ਹੈ। ਉਸ ਨੂੰ 7500 ਰੁਪਏ ਤੋਂ ਵਧਾ 7900 ਰੁਪਏ ਮਹੀਨਾ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ 17 ਅਕਤੂਬਰ ਨੂੰ ਹਲਫ ਲਿਆ ਜਾਵੇਗਾ, ਜਦੋਂਕਿ ਵਿਭਾਗ ਨੇ ਤਿੰਨ ਦਿਨ ਪਹਿਲਾਂ ਹੀ ਔਰਤਾਂ ਨੂੰ ਵੱਡਾ ਤੋਹਫਾ ਦੇ ਦਿੱਤਾ ਹੈ।