ਹਰਿਆਣਾ: ਜਿੱਤ ਦੇ ਬਾਵਜੂਦ ਭਾਜਪਾ ਦੇ ਪੰਜ ਜ਼ਿਲ੍ਹਿਆਂ ’ਚ ਪੈਰ ਨਾ ਲੱਗੇ
ਆਤਿਸ਼ ਗੁਪਤਾ
ਚੰਡੀਗੜ੍ਹ, 10 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 48 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ ਨੂੰ 37 ਤੇ ਇਨੈਲੋ ਨੂੰ ਦੋ ਸੀਟਾਂ ’ਤੇ ਹੀ ਸਬਰ ਕਰਨਾ ਪਿਆ ਹੈ। ਇਸ ਦੇ ਬਾਵਜੂਦ ਹਰਿਆਣਾ ਦੇ ਕੁਝ ਇਲਾਕੇ ਅਜਿਹੇ ਹਨ, ਜਿੱਥੇ ਅੱਜ ਵੀ ਕਾਂਗਰਸ ਭਾਰੂ ਹੈ। ਇਨ੍ਹਾਂ ਇਲਾਕਿਆਂ ਵਿੱਚ ਭਾਜਪਾ ਇਕ ਵੀ ਸੀਟ ਹਾਸਲ ਨਹੀਂ ਕਰ ਸਕੀ। ਹਰਿਆਣਾ ਦੇ 22 ਜ਼ਿਲ੍ਹਿਆਂ ਵਿੱਚੋਂ 5 ਜ਼ਿਲ੍ਹਿਆਂ ਵਿੱਚ ਭਾਜਪਾ ਆਪਣਾ ਖਾਤਾ ਵੀ ਨਾ ਖੋਲ੍ਹ ਸਕੀ। ਇਨ੍ਹਾਂ ਵਿੱਚ ਫਤਿਆਬਾਦ, ਸਿਰਸਾ, ਰੋਹਤਕ, ਝੱਜਰ ਅਤੇ ਨੂਹ ਸ਼ਾਮਲ ਹਨ। ਹਰਿਆਣਾ ਦੇ ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ 19 ਵਿਧਾਨ ਸਭਾ ਸੀਟਾਂ ਹਨ, ਜਿਸ ਵਿੱਚੋਂ 16 ’ਤੇ ਕਾਂਗਰਸ, ਦੋ ’ਤੇ ਇਨੈਲੋ ਅਤੇ ਇਕ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਇਸ ਵਿੱਚੋਂ ਤਿੰਨ ਵਿਧਾਨ ਸਭਾ ਹਲਕਿਆਂ ’ਤੇ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਇਸ ਵਿੱਚ ਵਿਧਾਨ ਸਭਾ ਹਲਕਾ ਡੱਬਵਾਲੀ, ਮਹਿਮ ਤੇ ਪੁਨਹਾਨਾ ਸ਼ਾਮਲ ਹਨ। ਡੱਬਵਾਲੀ ਤੋਂ ਭਾਜਪਾ ਉਮੀਦਵਾਰ ਬਲਦੇਵ ਸਿੰਘ ਨੂੰ 7139, ਮਹਿਮ ਤੋਂ ਦੀਪਕ ਹੁੱਡਾ ਨੂੰ 8929 ਅਤੇ ਪੁਨਹਾਨਾ ਤੋਂ ਮੁਹੰਮਦ ਇਜਾਜ਼ ਖਾਨ ਨੂੰ 5072 ਵੋਟਾਂ ਪਈਆਂ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਏਲਨਾਬਾਦ ਤੇ ਨੂਹ ਵਿੱਚ ਭਾਜਪਾ ਉਮੀਦਵਾਰ ਤੀਜੇ ਨੰਬਰ ’ਤੇ ਰਹੇ ਹਨ। ਵਿਧਾਨ ਸਭਾ ਹਲਕਾ ਬਹਾਦਰਗੜ੍ਹ ਤੋਂ ਆਜ਼ਾਦ ਉਮੀਦਵਾਰ ਰਾਜੇਸ਼ ਜੁਨ ਨੇ 41999 ਵੋਟਾਂ ਦੇ ਫਰਕ ਨਾਲ ਭਾਜਪਾ ਉਮੀਦਵਾਰ ਦਿਨੇਸ਼ ਕੌਸ਼ਿਕ ਤੋਂ ਹਰਾਇਆ ਹੈ। ਇੱਥੋਂ ਰਾਜੇਸ਼ ਜੁਨ ਨੂੰ 73191 ਅਤੇ ਭਾਜਪਾ ਉਮੀਦਵਾਰ ਦਿਨੇਸ਼ ਕੌਸ਼ਿਕ ਨੂੰ 31192 ਵੋਟਾ ਪਈਆਂ। ਹਾਲਾਂਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤਣ ਵਾਲੇ ਰਾਜੇਸ਼ ਜੁਨ ਨੇ ਵੀ ਭਾਜਪਾ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਵਿਧਾਨ ਸਭਾ ਹਲਕਾ ਰਾਣੀਆ ਤੋਂ ਇਨੈਲੋ ਦੇ ਅਰਜੁਨ ਚੌਟਾਲਾ ਨੇ 4191 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ ਜਦੋਂਕਿ ਭਾਜਪਾ ਉਮੀਦਵਾਰ ਚੌਥੇ ਨੰਬਰ ’ਤੇ ਰਿਹਾ ਹੈ। ਇੱਥੋਂ ਦੂਜੇ ਨੰਬਰ ’ਤੇ ਕਾਂਗਰਸ ਉਮੀਦਵਾਰ ਸਰਵ ਮਿੱਤਰ, ਤੀਜੇ ’ਤੇ ਆਜ਼ਾਦ ਉਮੀਦਵਾਰ ਰਣਜੀਤ ਚੌਟਾਲਾ ਅਤੇ ਭਾਜਪਾ ਉਮੀਦਵਾਰ ਸ਼ੀਸ਼ਪਾਲ ਕੰਬੋਜ ਚੌਥੇ ਨੰਬਰ ’ਤੇ ਰਹੇ ਹਨ। ਅਰਜੁਨ ਚੌਟਾਲਾ ਨੂੰ 43914, ਸਰਵ ਮਿੱਤਰ ਨੂੰ 39723, ਰਣਜੀਤ ਸਿੰਘ ਚੌਟਾਲਾ ਨੂੰ 36401 ਤੇ ਭਾਜਪਾ ਦੇ ਸ਼ੀਸ਼ਪਾਲ ਕੰਬੋਜ ਨੂੰ 15707 ਵੋਟਾਂ ਪਈਆਂ।
ਇਸ ਤਰ੍ਹਾਂ ਵਿਧਾਨ ਸਭਾ ਹਲਕਾ ਡੱਬਵਾਲੀ ਤੋਂ ਇਨੈਲੋ ਉਮੀਦਵਾਰ ਆਦਿੱਤਿਆ ਦੇਵੀ ਲਾਲ ਨੇ 610 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਇੱਥੋਂ ਕਾਂਗਰਸ ਦੂਜੇ, ਜੇਜਪੀ ਤੀਜੇ ਅਤੇ ਭਾਜਪਾ ਚੌਥੇ ਨੰਬਰ ’ਤੇ ਰਹੀ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਵਿਧਾਨ ਸਭਾ ਹਲਕਾ ਫਤਿਆਬਾਦ, ਟੋਹਾਣਾ, ਰਤੀਆ, ਸਿਰਸਾ, ਏਲਨਾਬਾਦ, ਕਾਲਾਂਵਲੀ, ਮਹਿਮ, ਰੋਹਤਕ, ਗੜ੍ਹੀ ਸਾਂਪਲਾ, ਕਲਾਨੌਰ, ਬਾਦਲੀ, ਬੇਰੀ, ਝੱਜਰ, ਫਿਰੋਜ਼ਪੁਰ ਝਿਰਕਾ, ਨੂਹ ਤੇ ਪੁਨਹਾਨਾ ਤੋਂ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।