ਹਰਿਆਣਾ: ਵਿਧਾਨ ਸਭਾ ਚੋਣਾਂ ’ਚ ਹਾਰ ਦਾ ਮੰਥਨ ਕਰਨ ਲੱਗੀ ਕਾਂਗਰਸ
ਆਤਿਸ਼ ਗੁਪਤਾ
ਚੰਡੀਗੜ੍ਹ, 4 ਨਵੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਲਗਪਗ 25 ਦਿਨਾਂ ਬਾਅਦ ਪਾਰਟੀ ਹਾਰ ਦੇ ਅਸਲ ਕਾਰਨ ਲੱਭਣ ਵਿੱਚ ਅਸਮਰੱਥ ਰਹੀ ਹੈ। ਇਸੇ ਕਰਕੇ ਹੁਣ ਕਾਂਗਰਸ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣ ਵਿੱਚ ਹਾਰ ਬਾਰੇ ਮੰਥਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਹਰਿਆਣਾ ਕਾਂਗਰਸ ਦੇ ਪ੍ਰਧਾਨ ਚੌਧਰੀ ਉਦੈ ਭਾਨ ਨੇ 8 ਮੈਂਬਰੀ ਕਮੇਟੀ ਬਣਾਈ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਨੇ ਹਾਰ ਦਾ ਮੰਥਨ ਕਰਨ ਲਈ ਬਣਾਈ ਕਮੇਟੀ ਤੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸਾਬਕਾ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਨੂੰ ਵੀ ਬਾਹਰ ਰੱਖਿਆ ਹੈ।
ਪ੍ਰਧਾਨ ਚੌਧਰੀ ਉਦੈ ਭਾਨ ਨੇ ਹਾਰ ਦਾ ਮੰਥਨ ਕਰਨ ਲਈ ਬਣਾਈ 8 ਮੈਂਬਰੀ ਕਮੇਟੀ ਦਾ ਚੇਅਰਮੈਨ ਸਾਬਕਾ ਮੰਤਰੀ ਕਰਨ ਸਿੰਘ ਦਲਾਲ ਅਤੇ ਕਨਵੀਨਰ ਕੇਸੀ ਭਾਟੀਆ ਨੂੰ ਬਣਾਇਆ ਹੈ। ਇਸ ਤੋਂ ਇਲਾਵਾ ਕਮੇਟੀ ਵਿੱਚ ਵਿਧਾਇਕ ਅਫਤਾਬ ਅਹਿਮਦ, ਵਰਿੰਦਰ ਰਾਠੌਰ, ਸਾਬਕਾ ਵਿਧਾਇਕ ਜੈਵੀਰ ਸਿੰਘ ਵਾਲਮੀਕੀ, ਵਿਜੈ ਪ੍ਰਤਾਪ ਸਿੰਘ, ਵਰਿੰਦਰ ਤੇ ਮਨੀਸ਼ਾ ਸਾਂਗਵਾਨ ਨੂੰ ਮੈਂਬਰ ਬਣਾਇਆ ਗਿਆ ਹੈ। ਇਹ ਕਮੇਟੀ ਸੂਬੇ ਦੇ ਸਾਰੇ ਉਮੀਦਵਾਰਾਂ ਤੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਕੇ ਹਫ਼ਤੇ ਵਿੱਚ ਰਿਪੋਰਟ ਤਿਆਰ ਕਰੇਗੀ। ਉਸ ਤੋਂ ਬਾਅਦ ਇਹ ਰਿਪੋਰਟ ਪਾਰਟੀ ਹਾਈਕਮਾਂਡ ਕੋਲ ਭੇਜੀ ਜਾਵੇਗੀ। ਕਾਂਗਰਸ ਦੀ ਹਾਰ ਲਈ ਪਾਰਟੀ ਦੀ ਅੰਦਰੁਨੀ ਫੁੱਟ ਨੂੰ ਹੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਚੋਣਾਂ ਵੇਲੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸਾਬਕਾ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਵਿਚਕਾਰ ਟਿਕਟਾਂ ਦੀ ਵੰਡ ਤੋਂ ਹੀ ਤਕਰਾਰ ਸ਼ੁਰੂ ਹੋ ਗਈ ਸੀ।