ਈਡੀ ਦਫ਼ਤਰ ਦਾ ਘਿਰਾਓ ਕਰਨ ਜਾਂਦੇ ਹਰਿਆਣਾ ਕਾਂਗਰਸ ਦੇ ਆਗੂ ਹਿਰਾਸਤ ’ਚ ਲਏ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਹਰਿਆਣਾ ਕਾਂਗਰਸ ਨੇ ਹਿੰਡਨਬਰਗ ਦੀ ਰਿਪੋਰਟ ਵਿੱਚ ਸੇਬੀ ਦੀ ਮੁਖੀ ਮਾਧਵੀ ਪੁਰੀ ਬੁਚ ਬਾਰੇ ਹੋਏ ਖੁਲਾਸੇ ਤੋਂ ਬਾਅਦ ਕਾਰਵਾਈ ਦੀ ਮੰਗ ਲਈ ਅੱਜ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਖਿੱਚ-ਧੂਹ ਵੀ ਹੋਈ। ਹਰਿਆਣਾ ਕਾਂਗਰਸ ਦੇ ਪ੍ਰਧਾਨ ਚੌਧਰੀ ਉਦੈ ਭਾਨ ਦੀ ਅਗਵਾਈ ਹੇਠ ਵੱਡੀ ਗਿਣਤੀ ਕਾਂਗਰਸੀ ਆਗੂ ਸੈਕਟਰ-9 ਵਿੱਚ ਸਥਿਤ ਹਰਿਆਣਾ ਕਾਂਗਰਸ ਦੇ ਦਫ਼ਤਰ ਵਿੱਚ ਇਕੱਠੇ ਹੋਏ। ਉਨ੍ਹਾਂ ਸੈਕਟਰ-18 ਵਿੱਚ ਈਡੀ ਦਫ਼ਤਰ ਦੇ ਘਿਰਾਓ ਲਈ ਮਾਰਚ ਸ਼ੁਰੂ ਕੀਤਾ।
ਚੰਡੀਗੜ੍ਹ ਪੁਲੀਸ ਨੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਚੌਧਰੀ ਉਦੈ ਭਾਨ, ਸੰਸਦ ਮੈਂਬਰ ਜੈ ਪ੍ਰਕਾਸ਼ ਜੇਪੀ, ਚੌਧਰੀ ਵਰੁਣ ਮੁਲਾਣਾ ਸਣੇ ਸੈਂਕੜੇ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹਰਿਆਣਾ ਕਾਂਗਰਸ ਦੇ ਪ੍ਰਧਾਨ ਚੌਧਰੀ ਉਦੈ ਭਾਨ ਨੇ ਸੇਬੀ ਦੀ ਮੁਖੀ ਮਾਧਵੀ ਪੁਰੀ ਬੁਚ ਦੇ ਅਸਤੀਫ਼ੇ ਦੇ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਕਾਂਗਰਸੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਿੰਡਨਬਰਗ ਦੀ ਰਿਪੋਰਟ ਦਾ ਮਾਮਲਾ ਮੋਦੀ ਦੇ ਦੋਸਤ ਅਡਾਨੀ ਨਾਲ ਜੁੜਿਆ ਹੋਇਆ ਹੈ, ਜਿਸ ਕਰ ਕੇ ਪ੍ਰਧਾਨ ਮੰਤਰੀ ਨੇ ਉਕਤ ਮਾਮਲੇ ’ਤੇ ਚੁੱਪ ਵੱਟੀ ਹੋਈ ਹੈ। ਪ੍ਰਧਾਨ ਮੰਤਰੀ ਦੀ ਇਹ ਚੁੱਪ ਸ਼ੇਅਰ ਮਾਰਕੀਟ ਨਾਲ ਜੁੜੇ ਕਰੋੜਾਂ ਲੋਕਾਂ ਦਾ ਭਰੋਸਾ ਤੋੜ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਤੋਂ ਕਰਵਾਈ ਜਾਣੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਈਡੀ ਵੱਲੋਂ ਵਿਰੋਧੀਆਂ ’ਤੇ ਝੂਠੇ ਕੇਸ ਦਰਜ ਕੀਤੇ ਜਾਂਦੇ ਹਨ ਪਰ ਹਿੰਡਨਬਰਗ ਦੀ ਰਿਪੋਰਟ ਵਿੱਚ ਇੰਨਾ ਵੱਡਾ ਖੁਲਾਸਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਹਰਿਆਣਾ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਦਿਨੀਂ ਸ਼ੇਅਰ ਮਾਰਕੀਟ ਵਿੱਚ ਵੱਡੀ ਗਿਰਾਵਟ ਸਬੰਧੀ ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਸੇਬੀ ਨੂੰ ਸੌਂਪ ਦਿੱਤੀ ਸੀ ਜਦੋਂ ਕਿ ਸੇਬੀ ਦੀ ਮੁਖੀ ਦੇ ਪਤੀ ਨੇ ਖੁਦ ਵੱਡੀ ਰਕਮ ਅਡਾਨੀ ਸਮੂਹ ਵਿੱਚ ਨਿਵੇਸ਼ ਕੀਤੀ ਹੋਈ ਸੀ। ਇਸ ਦੇ ਬਾਵਜੂਦ ਸੇਬੀ ਦੀ ਮੁਖੀ ਨੇ ਇਹ ਗੱਲ ਸੁਪਰੀਮ ਕੋਰਟ ਤੋਂ ਛੁਪਾਈ ਹੈ। ਉਨ੍ਹਾਂ ਮੰਗ ਕੀਤੀ ਕਿ ਸੇਬੀ ਦੀ ਮੁਖੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਜੇਪੀਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਬੇਰੁਜ਼ਗਾਰੀ, ਮਹਿੰਗਾਈ ਤੇ ਅਪਰਾਧ ਵਧ ਗਏ ਹਨ। ਭਾਜਪਾ ਸਰਕਾਰ ਇਨ੍ਹਾਂ ’ਤੇ ਨੱਥ ਪਾਉਣ ਵਿੱਚ ਨਾਕਾਮ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰ ਵੱਲੋਂ ਇਨ੍ਹਾਂ ਮੁੱਦਿਆ ਨੂੰ ਚੁੱਕਿਆ ਜਾਂਦਾ ਹੈ ਤਾਂ ਕੇਂਦਰ ਸਰਕਾਰ ਵੱਲੋਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਈਡੀ, ਸੀਬੀਆਈ ਤੇ ਆਮਦਨ ਕਰ ਵਿਭਾਗ ਦੀ ਵਰਤੋਂ ਕੀਤੀ ਜਾਂਦੀ ਹੈ।