ਹਰਿਆਣਾ: ਕਾਂਗਰਸ ਵੱਲੋਂ ਨੌਂ ਸੰਸਦੀ ਸੀਟਾਂ ’ਤੇ ਉਮੀਦਵਾਰਾਂ ਦੇ ਨਾਵਾਂ ਦੇ ਪੈਨਲ ਤੈਅ
ਚੰਡੀਗੜ੍ਹ (ਦਿਨੇਸ਼ ਭਾਰਦਵਾਜ): ਕਾਂਗਰਸ ਨੇ ਹਰਿਆਣਾ ’ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਕਾਂਗਰਸ ਸੂਬੇ ’ਚ 9 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇਗੀ। ਦਸਵੀਂ ਸੀਟ ਕਾਂਗਰਸ-‘ਆਪ’ ਸਮਝੌਤੇ ਤਹਿਤ ਆਮ ਆਦਮੀ ਪਾਰਟੀ ਕੋਲ ਹੈ ਤੇ ‘ਆਪ’ ਕੁਰੂਕੇਸ਼ਤਰ ਹਲਕੇ ਤੋਂ ਡਾ. ਸੁਸ਼ੀਲ ਗੁਪਤਾ ਨੂੰ ਉਮੀਦਵਾਰ ਐਲਾਨ ਚੁੱਕੀ ਹੈ। ਅੱਜ ਦਿੱਲੀ ’ਚ ਭਗਤ ਚਰਨ ਦੀ ਅਗਵਾਈ ਹੇਠ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ। ਸੂੁਤਰਾਂ ਮੁਤਾਬਕ ਅੱਜ ਮੀਟਿੰਗ ਵਿੱਚ 9 ਸੰਸਦੀ ਸੀਟਾਂ ਲਈ ਸੰਭਾਵਿਤ ਉਮੀਦਵਾਰਾਂ ਦੇ ਨਾਮ ਲਿਫ਼ਾਫੇ ’ਚ ਬੰਦ ਕੀਤੇ ਗਏ ਹਨ। ਹੁਣ ਇਹ ਪੈਨਲ ਕੇਂਦਰੀ ਚੋਣ ਕਮੇਟੀ ਨੂੰ ਭੇਜੇ ਜਾਣਗੇ। ਕਮੇਟੀ ਨੇ ਰੋਹਤਕ, ਕਰਨਾਲ, ਸਿਰਸਾ, ਹਿਸਾਰ, ਸੋਨੀਪਤ, ਭਿਵਾਨੀ-ਮਹੇਂਦਰਗੜ੍ਹ, ਗੁਰੂਗ੍ਰਾਮ, ਫਰੀਦਾਬਾਦ ਤੇ ਅੰਬਾਲਾ ਸੰਸਦੀ ਸੀਟ ਲਈ ਉਮੀਦਵਾਰਾਂ ਦੇ ਪੈਨਲ ਬਣਾਏ ਹਨ। ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ 5 ਅਪਰੈਲ ਨੂੰ ਹੋਣੀ ਹੈ ਜਿਸ ਵਿੱਚ ਹਰਿਆਣਾ ਦੇ ਉਮੀਦਵਾਰ ਬਾਰੇ ਚਰਚਾ ਹੋਣ ਦੀ ਉਮੀਦ ਹੈ। ਸਕਰੀਨਿੰਗ ਕਮੇਟੀ ’ਚ ਸ਼ਾਮਲ ਇੱਕ ਸੀਨੀਅਰ ਨੇਤਾ ਨੇ ਕਿਹਾ ਕਿ ਕਈ ਸੀਟਾਂ ’ਤੇ ਇੱਕ ਨਾਮ ਨੂੰ ਅੰਤਿਮ ਰੂਪ ਦਿੱਤਾ ਜਦਕਿ ਕੁਝ ਲਈ ਬਣਾਏ ਪੈਨਲ ’ਚ ਦੋ ਨਾਮ ਵੀ ਸ਼ਾਮਲ ਹਨ। ਦਿੱਲੀ ਨਾਲ ਸਬੰਧਤ ਸੂਤਰਾਂ ਮੁਤਾਬਕ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੂੰ ਰੋਹਤਕ ਤੋਂ ਚੋਣ ਲੜਾਈ ਜਾ ਸਕਦੀ ਹੈ। ਜਦਕਿ ਹੁੱਡਾ ਵਿਰੋਧੀ ਖੇਮੇ ਵੱਲੋਂ ਕੇਂਦਰੀ ਲੀਡਰਸ਼ਿਪ ਅੱਗੇ ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਉਮੀਦਵਾਰ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ।