ਹਰਿਆਣਾ ਕਾਂਗਰਸ ਨੇ ਆਜ਼ਾਦ ਚੋਣ ਲੜ ਰਹੇ 13 ਆਗੂ ਪਾਰਟੀ ’ਚੋਂ ਕੱਢੇ
ਚੰਡੀਗੜ੍ਹ, 27 ਸਤੰਬਰ
ਕਾਂਗਰਸ ਦੀ ਹਰਿਆਣਾ ਇਕਾਈ ਨੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਲੜਨ ਦੇ ਫੈਸਲਾ ਕਰਨ ਵਾਲੇ 13 ਆਗੂਆਂ ਨੂੰ ‘ਪਾਰਟੀ ਵਿਰੋਧੀ ਸਰਗਰਮੀਆਂ’ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਪਾਰਟੀ ਅੰਦਰ ਅਨੁਸ਼ਾਸਨਹੀਣਤਾ ਰੋਕਣ ਲਈ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਛੇ ਸਾਲਾਂ ਲਈ ਬਾਹਰ ਕੀਤਾ ਗਿਆ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਉਦੈ ਭਾਨ ਵੱਲੋਂ ਜਾਰੀ ਹੁਕਮ ਮੁਤਾਬਕ ਨਰੇਸ਼ ਢਾਂਡੇ (ਗੂਹਲਾ ਐੱਸਸੀ ਸੀਟ), ਪ੍ਰਦੀਪ ਗਿੱਲ (ਜੀਂਦ), ਸੱਜਣ ਸਿੰਘ ਢੱਲ (ਪੁੰਡਰੀ), ਸੁਨੀਤਾ ਬਤਾਨ (ਪੁੰਡਰੀ), ਰਾਜੀਵ ਮਾਮੂਰਾਮ ਗੋਂਡਰ (ਨੀਲੋਖੇੜੀ-ਐੱਸਸੀ), ਦਿਆਲ ਸਿੰਘ ਸਿਰੋਹੀ (ਨੀਲੋਖੇੜੀ-ਐੱਸਸੀ), ਵਿਜੈ ਜੈਨ (ਪਾਣੀਪਤ ਦਿਹਾਤੀ), ਦਿਲਬਾਗ ਸੰਦਿਲ (ਉਚਾਨਾ ਕਲਾਂ), ਅਜੀਤ ਫੋਗਾਟ (ਦਾਦਰੀ), ਅਭਿਜੀਤ ਸਿੰਘ (ਭਿਵਾਨੀ), ਸਤਬੀਰ ਰਾਤੇਰਾ (ਬਵਾਨੀ ਖੇੜਾ-ਐੱਸਸੀ), ਨੀਤੂ ਮਾਨ (ਪ੍ਰਿਥਲਾ), ਅਤੇ ਅਨੀਤਾ ਢੱਲ (ਕਲਾਇਤ) ਨੂੰ ਪਾਰਟੀ ’ਚੋਂ ਕੱਢਿਆ ਗਿਆ ਹੈ। ਦੱਸਣਯੋਗ ਹੈ ਕਿ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਅਸੈਂਬਲੀ ਚੋਣਾਂ ਲਈ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਾਰਨ ਕਈ ਆਗੂ ਨਾਰਾਜ਼ ਹੋ ਗਏ, ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਪਾਰਟੀ ਨੇ ਮਨਾ ਲਿਆ ਸੀ। ਕਈ ਆਗੂਆਂ ਨੇ ਬਾਅਦ ’ਚ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਸਨ ਹਾਲਾਂਕਿ ਸਾਬਕਾ ਮੰਤਰੀ ਤੇ ਅੰਬਾਲਾ ਸਿਟੀ ਤੋਂ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਦੀ ਬੇਟੀ ਚਿਤਰਾ ਸਰਵਾਰਾ ਪਾਰਟੀ ਤੋਂ ਬਾਗ਼ੀ ਹੋ ਕੇ ਅੰਬਾਲਾ ਛਾਉਣੀ ਤੋਂ ਚੋਣ ਲੜ ਰਹੀ ਹੈ। ਪਾਰਟੀ ਸਰਵਾਰਾ ਖ਼ਿਲਾਫ਼ ਪਹਿਲਾਂ ਹੀ ਕਰਵਾਈ ਕਰ ਚੁੱਕੀ ਹੈ। -ਪੀਟੀਆਈ