For the best experience, open
https://m.punjabitribuneonline.com
on your mobile browser.
Advertisement

ਹਰਿਆਣਾ: ਚੋਣ ਕਮਿਸ਼ਨ ਨੂੰ ਮਿਲਿਆ ਕਾਂਗਰਸੀ ਵਫ਼ਦ

07:12 AM Oct 10, 2024 IST
ਹਰਿਆਣਾ  ਚੋਣ ਕਮਿਸ਼ਨ ਨੂੰ ਮਿਲਿਆ ਕਾਂਗਰਸੀ ਵਫ਼ਦ
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲ ਕੇ ਆਉਂਦਾ ਹੋਇਆ ਕਾਂਗਰਸੀ ਵਫ਼ਦ। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ, 9 ਅਕਤੂਬਰ
ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਵੋਟਾਂ ਦੀ ਗਿਣਤੀ ਦੌਰਾਨ ਕੁਝ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ’ਚ ‘ਗੜਬੜੀਆਂ’ ਦੀ ਮੁਕੰਮਲ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਜਾਂਚ ਹੋਣ ਤੱਕ ਅਜਿਹੀਆਂ ਈਵੀਐੱਮਜ਼ ਨੂੰ ਸੀਲ ਅਤੇ ਸੁਰੱਖਿਅਤ ਰੱਖਿਆ ਜਾਵੇ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਅਸ਼ੋਕ ਗਹਿਲੋਤ, ਕੇਸੀ ਵੇਣੂਗੋਪਾਲ, ਜੈਰਾਮ ਰਮੇਸ਼, ਅਜੇ ਮਾਕਨ, ਪਵਨ ਖੇੜਾ ਅਤੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈਭਾਨ ’ਤੇ ਆਧਾਰਿਤ ਕਾਂਗਰਸੀ ਵਫ਼ਦ ਨੇ ਅੱਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਪਾਰਟੀ ਦੇ ਸੀਨੀਅਰ ਆਗੂ ਅਭਿਸ਼ੇਕ ਸਿੰਘਵੀ ਆਨਲਾਈਨ ਮੀਟਿੰਗ ’ਚ ਜੁੜੇ। ਇਸ ਮੌਕੇ ਵਫ਼ਦ ਨੇ ਹਰਿਆਣਾ ’ਚ ਵੱਖ ਵੱਖ ਹਲਕਿਆਂ ਦੀਆਂ ਸ਼ਿਕਾਇਤਾਂ ਦੇ ਨਾਲ ਨਾਲ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ। ਕਾਂਗਰਸ ਆਗੂਆਂ ਨੇ ਸੱਤ ਲਿਖਤੀ ਸਮੇਤ 20 ਸ਼ਿਕਾਇਤਾਂ ਦਿੱਤੀਆਂ ਹਨ ਜਿਨ੍ਹਾਂ ’ਚ ਦੋਸ਼ ਲਾਇਆ ਹੈ ਕਿ ਵੋਟਾਂ ਦੀ ਗਿਣਤੀ ਦੌਰਾਨ ਈਵੀਐੱਮਜ਼ 99 ਫ਼ੀਸਦੀ ਬੈਟਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਸਨ ਜਦਕਿ ਔਸਤਨ ਈਵੀਐੱਮਐੱਜ 60-70 ਫ਼ੀਸਦੀ ਬੈਟਰੀ ਸਮਰੱਥਾ ਨਾਲ ਚੱਲ ਰਹੀਆਂ ਸਨ। ਮੀਟਿੰਗ ਮਗਰੋਂ ਹੁੱਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਵੋਟਾਂ ਦੀ ਗਿਣਤੀ ’ਤੇ ਸ਼ੰਕੇ ਹਨ ਕਿਉਂਕਿ ਹਰਿਆਣਾ ਦੇ ਚੋਣ ਨਤੀਜੇ ਹੈਰਾਨ ਕਰਨ ਵਾਲੇ ਹਨ। ਹਰ ਕਿਸੇ ਨੂੰ ਯਕੀਨ ਸੀ ਕਿ ਹਰਿਆਣਾ ’ਚ ਕਾਂਗਰਸ ਅਗਲੀ ਸਰਕਾਰ ਬਣਾਉਣ ਜਾ ਰਹੀ ਹੈ। ਜਦੋਂ ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਕਾਂਗਰਸ ਜਿੱਤ ਰਹੀ ਸੀ ਪਰ ਜਿਵੇਂ ਹੀ ਈਵੀਐੱਮਜ਼ ਖੁੱਲ੍ਹੀਆਂ ਤਾਂ ਇਸ ਦੇ ਉਲਟ ਨਤੀਜੇ ਆਉਣੇ ਸ਼ੁਰੂ ਹੋ ਗਏ ਸਨ।’’ ਉਨ੍ਹਾਂ ਕਿਹਾ ਕਿ ਕਾਂਗਰਸ ਅਗਲੇ ਕੁਝ ਦਿਨਾਂ ’ਚ ਚੋਣ ਕਮਿਸ਼ਨ ਨੂੰ ਹੋਰ ਸ਼ਿਕਾਇਤਾਂ ਦੇਵੇਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਮਾਮਲੇ ਦੀ ਪੜਤਾਲ ਦਾ ਭਰੋਸਾ ਦਿੱਤਾ ਹੈ। ਚੋਣ ਕਮਿਸ਼ਨ ਨੂੰ ਸੌਂਪੇ ਮੰਗ ਪੱਤਰ ’ਚ ਪਾਰਟੀ ਨੇ ਕਿਹਾ ਹੈ ਕਿ ਨਿਰਪੱਖ, ਪਾਰਦਰਸ਼ੀ ਅਤੇ ਜਵਾਬਦੇਹ ਢੰਗ ਨਾਲ ਵੋਟਾਂ ਦੀ ਗਿਣਤੀ ਕਿਸੇ ਵੀ ਚੋਣ ਪ੍ਰਕਿਰਿਆ ਦੀ ਪਛਾਣ ਹੈ ਜੋ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਸਿਧਾਂਤਾਂ ਅਤੇ ਸੰਵਿਧਾਨ ਮੁਤਾਬਕ ਇਕ ਬਰਾਬਰ ਮੌਕੇ ਦੇਣ ਦਾ ਦਾਅਵਾ ਕਰਦੀ ਹੈ। ਮੰਗ ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਇਹ ਮੁੱਦਾ ਕੁਝ ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਨੂੰ ਸੰਭਾਵੀ ਤੌਰ ’ਤੇ ਬਦਲ ਸਕਦਾ ਹੈ ਅਤੇ ਉਹ ਅਪੀਲ ਕਰਦੇ ਹਨ ਕਿ ਕਮਿਸ਼ਨ ਫੌਰੀ ਇਸ ਦੀ ਜਾਂਚ ਦੇ ਹੁਕਮ ਦੇਵੇ। -ਪੀਟੀਆਈ

Advertisement

ਲੋਕਾਂ ਦੇ ਫ਼ੈਸਲੇ ਨੂੰ ਸਵੀਕਾਰ ਕਰਨਾ ਸਿੱਖਣ ਰਾਹੁਲ: ਰਿਜਿਜੂ

ਨਵੀਂ ਦਿੱਲੀ: ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਲੋਕਾਂ ਦੇ ਫ਼ੈਸਲੇ ਨੂੰ ਸਵੀਕਾਰ ਕਰਨਾ ਸਿੱਖਣਾ ਚਾਹੀਦਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਰਿਆਣਾ ’ਚ ਹਾਰ ਲਈ ਈਵੀਐੱਮਜ਼ ਅਤੇ ਚੋਣ ਕਮਿਸ਼ਨ ਨੂੰ ਦੋਸ਼ ਦੇਣਾ ਬੰਦ ਕਰੇ। -ਪੀਟੀਆਈ

Advertisement

ਕਾਂਗਰਸ ਹਰਿਆਣਾ ਵਿੱਚ ‘ਅਣਕਿਆਸੇ’ ਨਤੀਜਿਆਂ ਦਾ ਕਰ ਰਹੀ ਹੈ ਅਧਿਐਨ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਾਰਟੀ ਹਰਿਆਣਾ ਦੇ ‘ਅਣਕਿਆਸੇ’ ਨਤੀਜਿਆਂ ਦਾ ਅਧਿਐਨ ਕਰ ਰਹੀ ਹੈ। ਹਰਿਆਣਾ ’ਚ ਹੈਰਾਨੀਜਨਕ ਹਾਰ ਮਗਰੋਂ ਰਾਹੁਲ ਨੇ ਪਹਿਲਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਪਾਰਟੀ ਨੂੰ ਹਮਾਇਤ ਦੇਣ ਲਈ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। -ਪੀਟੀਆਈ

ਈਵੀਐੱਮਜ਼ ਤੇ ਚੋਣ ਕਮਿਸ਼ਨ ਤੋਂ ਸਵਾਲ ਪੁੱਛਣਾ ਕਾਂਗਰਸ ਦੀ ਆਦਤ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਜਦੋਂ ਵੀ ਉਹ ਕੋਈ ਚੋਣ ਹਾਰਦੀ ਹੈ ਤਾਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਦੀ ਚੋਣ ਕਮਿਸ਼ਨ, ਈਵੀਐੱਮਜ਼ ਅਤੇ ਲੋਕਤੰਤਰ ’ਤੇ ਸਵਾਲ ਖੜ੍ਹੇ ਕਰਨ ਦੀ ਆਦਤ ਬਣ ਗਈ ਹੈ। ਭਾਜਪਾ ਦੇ ਮੀਡੀਆ ਮੁਖੀ ਅਤੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਨੇ ਕਿਹਾ ਕਿ ਹਰਿਆਣਾ ’ਚ ਹਾਰ ’ਤੇ ਕਾਂਗਰਸ ਦਾ ਪ੍ਰਤੀਕਰਮ ਇਸ ਆਦਤ ਦੀ ਇਕ ਹੋਰ ਮਿਸਾਲ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਾਂਗ ਕਾਂਗਰਸ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜਿੱਤ ਦੇ ਦਾਅਵੇ ਕੀਤੇ ਸਨ। ਬਲੂਨੀ ਨੇ ਕਿਹਾ ਕਿ ਕਾਂਗਰਸ ਦਾ ਲੋਕਾਂ ਨਾਲੋਂ ਰਾਬਤਾ ਟੁੱਟ ਚੁੱਕਿਆ ਹੈ ਕਿਉਂਕਿ ਉਹ ਰਾਹੁਲ ਗਾਂਧੀ ਦੇ ਹਰੇਕ ਮੁੱਦੇ ’ਤੇ ਝੂਠ ਅਤੇ ਭਰਮ ਪੈਦਾ ਕਰਨ ਦੀ ਚਾਲ ਨੂੰ ਸਮਝ ਗਏ ਹਨ। -ਪੀਟੀਆਈ

Advertisement
Author Image

Advertisement