ਹਰਿਆਣਾ ਕਮੇਟੀ ਨੂੰ ਬੜੀ ਮੁਸ਼ਕਲ ਨਾਲ ਬਾਦਲਾਂ ਤੋਂ ਛੁਡਵਾਇਆ: ਦਾਦੂਵਾਲ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 8 ਜਨਵਰੀ
ਹਰਿਆਣਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਕਮੇਟੀ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਵੱਖ ਕਰਨ ਲਈ ਸੂਬੇ ਦੇ ਸਿੱਖਾਂ ਨੇ ਲੰਮੀ ਲੜਾਈ ਲੜੀ ਅਤੇ ਸਾਲਾਂਬੱਧੀ ਜੇਲ੍ਹਾਂ ਕੱਟੀਆਂ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਲਿਆਂ ਵਿੱਚ ਇਹ ਡਰ ਪੈਦਾ ਹੋ ਗਿਆ ਹੈ ਕਿ ਸ਼ਾਇਦ ਵਿਰੋਧੀ ਧਿਰਾਂ ਜਿੱਤਣ ਮਗਰੋਂ ਹਰਿਆਣਾ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਪੰਜਾਬ ਵਿੱਚ ਰਲੇਵਾਂ ਕਰਨ ਦਾ ਮਤਾ ਹੀ ਨਾ ਪਾ ਦੇਣ। ਦਾਦੂਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਨੂੰ ਸੂਬੇ ਦੇ ਹੱਕ ਵਿੱਚ ਕਰਵਾਉਣ ਲਈ ਉਨ੍ਹਾਂ ਨੇ ਦੋ ਸਾਲ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਕਮੇਟੀ ਦੇ ਇੰਚਾਰਜ ਰਹੇ ਲੋਕਾਂ ਨੇ ਗੁਰਦੁਆਰਿਆਂ ਨੂੰ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਜੇ ਉਹ ਇਸ ਵਾਰ ਕਮੇਟੀ ਚੋਣਾਂ ਜਿੱਤਦੇ ਹਨ ਤਾਂ ਗੁਰਦੁਆਰਿਆਂ ਵਿੱਚ ਠੋਸ ਪ੍ਰਬੰਧ ਕੀਤੇ ਜਾਣਗੇ। ਧਰਮ ਪ੍ਰਚਾਰ ਤੇਜ਼ ਕੀਤਾ ਜਾਵੇਗਾ। ਲੋਕਾਂ ਲਈ ਸਿੱਖਿਆ ਅਤੇ ਸਿਹਤ ਦਾ ਪ੍ਰਬੰਧ ਕੀਤਾ ਜਾਵੇਗਾ। ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਜਗਦੀਸ਼ ਸਿੰਘ ਝੀਂਡਾ ਅਤੇ ਦੀਦਾਰ ਸਿੰਘ ਨਲਵੀ ਬਾਦਲਾਂ ਨਾਲ ਰਲ ਗਏ ਹਨ। ਉਨ੍ਹਾਂ ਸੂਬੇ ਦੇ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਵਿਰੋਧੀ ਧਿਰਾਂ ਬਾਦਲ ਪਰਿਵਾਰ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਚਾਹੁੰਦੀਆਂ ਹਨ।