ਹਰਿਆਣਾ ਕਮੇਟੀ ਸਕੂਲਾਂ ’ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ: ਜਥੇਦਾਰ ਅਸੰਧ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 19 ਅਕਤੂਬਰ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਕਿਹਾ ਕਿ ਕਮੇਟੀ ਅਧੀਨ ਚੱਲ ਰਹੇ ਸਕੂਲਾਂ ਤੇ ਕਾਲਜਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਕਮੇਟੀ ਵਚਨਬੱਧ ਹੈ। ਵਿੱਦਿਅਕ ਅਦਾਰਿਆਂ ਦੀ ਕਾਇਆਕਲਪ ਕਰਨ ਲਈ ਸੰਸਥਾ ਨੇ ਹੁਣ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਦੀ ਨਿਯੁਕਤੀ ਕੀਤੀ ਹੈ। ਨਿਰਦੇਸ਼ਕ ਦਾ ਕੰਮ ਸਿਰਫ ਸਕੂਲਾਂ ਤੇ ਕਾਲਜਾਂ ਵਿੱਚ ਸੁਧਾਰ ਕਰਨਾ, ਸਿੱਖਿਆ ਦਾ ਪੱਧਰ ਉੱਚਾ ਚੁੱਕਣਾ, ਵਿਦਿਆਰਥੀਆਂ ਨੂੰ ਖੇਡਾਂ ਤੇ ਪੇਂਟਿੰਗ ਸਣੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਕੰਮ ਕਰਨਗੇ। ਜਥੇਦਾਰ ਅਸੰਧ ਕਮੇਟੀ ਦੇ ਮੁੱਖ ਦਫਤਰ ਕੁਰੂਕਸ਼ੇਤਰ ਵਿੱਚ ਅਰਵਿੰਦਰ ਸਿੰਘ ਚਾਵਲਾ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਜਥੇਦਾਰ ਭੁਪਿੰਦਰ ਸਿੰਘ ਅਸੰਧ, ਸਪੋਕਸਮੈਨ ਕੰਵਲਜੀਤ ਸਿੰਘ ਅਜਰਾਣਾ, ਸਤਪਾਲ ਸਿੰਘ ਡਾਚਰ ਆਦਿ ਨੇ ਉਨ੍ਹਾਂ ਨੂੰ ਸੰਸਥਾ ਦੀ ਕਾਰਜਸ਼ੈਲੀ ਬਾਰੇ ਜਾਣੂ ਕਰਵਾਇਆ। ਜਥੇਦਾਰ ਅਸੰਧ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬੁਲਾਰੇ ਕੰਵਲਜੀਤ ਸਿੰਘ ਅਜਰਾਣਾ ਨੇ ਕਿਹਾ ਕਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਧਰਮ ਪ੍ਰਚਾਰ ਦੀ ਲਹਿਰ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਵਲੋਂ ਗੁਰਦੁਆਰਾ ਨਾਢਾ ਸਾਹਿਬ ਪਾਤਸ਼ਾਹੀ ਦਸਵੀਂ ਪੰਚਕੂਲਾ ਤੇ ਸਿਰਸਾ ਜ਼ਿਲ੍ਹੇ ਵਿੱਚ ਧਰਮ ਪ੍ਰਚਾਰ ਸੈਂਟਰ ਚਲਾਏ ਜਾ ਰਹੇ ਹਨ ਤੇ ਪਿਛਲੇ ਦਿਨੀਂ ਜੀਂਦ ਜ਼ਿਲ੍ਹੇ ਵਿੱਚ ਧਰਮ ਪ੍ਰਚਾਰ ਦਾ ਸਬ-ਸੈਂਟਰ ਖੋਲ੍ਹਿਆ ਗਿਆ ਹੈ।