ਹਰਿਆਣਾ ਕਮੇਟੀ ਨੇ ਅੰਮ੍ਰਿਤਧਾਰੀ ਬੱਚਿਆਂ ਨੂੰ ਵਜ਼ੀਫ਼ੇ ਵੰਡੇ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 18 ਜੁਲਾਈ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਤਹਿਤ ਸਕੂਲਾਂ ਵਿੱਚ ਅੰਮ੍ਰਿਤਧਾਰੀ ਸਿੱਖ ਬੱਚਿਆਂ ਲਈ ਪੜ੍ਹਾਈ ਮੁਫ਼ਤ ਕਰ ਦਿੱਤੀ ਗਈ ਹੈ ਅਤੇ ਕਾਲਜਾਂ ਵਿੱਚ ਬੱਚਿਆਂ ਨੂੰ ਵਿਸ਼ੇਸ਼ ਵਜ਼ੀਫੇ ਦਿੱਤੇ ਜਾ ਰਹੇ ਹਨ। ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਧਰਮ ਪ੍ਰਚਾਰ ਲੜੀ ਤਹਿਤ ਮਾਤਾ ਸੁੰਦਰੀ ਖਾਲਸਾ ਗਰਲਜ਼ ਕਾਲਜ ਨੀਸਿੰਗ ਕਰਨਾਲ ਵਿੱਚ 16 ਅੰਮ੍ਰਿਤਧਾਰੀ ਸਿੱਖ ਬੱਚੀਆਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵੱਲੋਂ ਮਾਤਾ ਗੁਜਰੀ ਵਿਦਿਅਕ ਭਲਾਈ ਸਕੀਮ ਤਹਿਤ ਵਜ਼ੀਫੇ ਵੰਡੇ ਗਏ। ਕਾਲਜ ਦੀ ਪ੍ਰਿੰਸੀਪਲ ਸਤਵੰਤ ਕੌਰ ਮਾਨ ਅਤੇ ਧਾਰਮਿਕ ਲੈਕਚਰਾਰ ਡਾ. ਸੰਦੀਪ ਸਿੰਘ ਨੇ ਸਟਾਫ ਨਾਲ ਮਿਲ ਕੇ ਸਮਾਗਮ ਦਾ ਪ੍ਰਬੰਧ ਕੀਤਾ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਚੇਅਰਮੈਨ ਧਰਮ ਪ੍ਰਚਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਨਰਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ, ਮੀਤ ਸਕੱਤਰ ਗੁਲਾਬ ਸਿੰਘ ਮੂਨਕ, ਸਲਾਹਕਾਰ ਗੁਰਵਿੰਦਰ ਸਿੰਘ ਧਮੀਜਾ ਕਰਨਾਲ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਦੌਰਾਨ ਸਟੇਜ ਸਕੱਤਰ ਦੀ ਸੇਵਾ ਸਰਬਜੀਤ ਸਿੰਘ ਜੰਮੂ ਸਕੱਤਰ ਧਰਮ ਪ੍ਰਚਾਰ ਵੱਲੋਂ ਨਿਭਾਈ ਗਈ। ਇਸ ਮੌਕੇ 16 ਅੰਮ੍ਰਿਤਧਾਰੀ ਬੱਚੀਆਂ ਨੇ ਵਜ਼ੀਫਾ ਪ੍ਰਾਪਤ ਕੀਤਾ। ਜਥੇਦਾਰ ਅਸੰਧ ਅਤੇ ਜਥੇਦਾਰ ਦਾਦੂਵਾਲ ਨੇ ਦੱਸਿਆ ਕਿ ਗੁਰਦੁਆਰਿਆਂ ਵਿੱਚ ਸੰਗਤ ਲਈ ਰਿਹਾਇਸ਼ੀ ਸਰਾਵਾਂ, ਸਟਾਫ ਲਈ ਕੁਆਰਟਰ ਬਣਾ ਜਾ ਰਹੇ ਹਨ। ਇਸੇ ਤਹਿਤ ਲਾਇਬ੍ਰੇਰੀਆਂ ਅਤੇ ਲੈਬੋਟਰੀਆਂ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਰਾਜਪਾਲ ਸਿੰਘ ਦੁਨੀਆ ਮਾਜਰਾ, ਮੀਤ ਸਕੱਤਰ ਗੁਰਦੀਪ ਸਿੰਘ ਭਾਣੋਖੇੜੀ, ਮੀਤ ਸਕੱਤਰ ਰੁਪਿੰਦਰ ਸਿੰਘ, ਇੰਚਾਰਜ ਗੁਰਭੇਜ ਸਿੰਘ, ਇੰਚਾਰਜ ਹਰਕੀਰਤ ਸਿੰਘ, ਬਲਜੀਤ ਸਿੰਘ ਪੀਏ ਅਤੇ ਇੰਦਰਪਾਲ ਸਿੰਘ ਕਰਨਾਲ ਵੀ ਹਾਜ਼ਰ ਸਨ।