ਹਰਿਆਣਾ: ਮੁੱਖ ਮੰਤਰੀ ਸੈਣੀ ਵੱਲੋਂ ‘ਹਰ ਘਰ-ਹਰ ਗ੍ਰਹਿਣੀ’ ਯੋਜਨਾ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਗਸਤ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਬੀਪੀਐੱਲ ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਮੁਹੱਈਆ ਕਰਵਾਉਣ ਲਈ ਅੱਜ ‘ਹਰ ਘਰ-ਹਰ ਗ੍ਰਹਿਣੀ’ ਯੋਜਨਾ ਦੇ ਨਾਮ ਦੇ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ’ਤੇ ਇਹ ਪੋਰਟਲ ਲਾਂਚ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ‘ਹਰ ਘਰ-ਹਰ ਗ੍ਰਹਿਣੀ’ ਯੋਜਨਾ ਨਾਲ ਸੂਬੇ ਦੇ 50 ਲੱਖ ਬੀਪੀਐੱਲ ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਮਿਲੇਗਾ। ਇਸ ਯੋਜਨਾ ਨਾਲ ਸੂਬੇ ਵਿੱਚ ਸੁਆਣੀਆਂ ਨੂੰ 1500 ਕਰੋੜ ਰੁਪਏ ਦੇ ਸਾਲਾਨਾ ਲਾਭ ਮਿਲਣਗੇ। ਸ੍ਰੀ ਸੈਣੀ ਨੇ ਕਿਹਾ ਕਿ ਸੂਬੇ ਦੇ ਬੀਪੀਐੱਲ ਪਰਿਵਾਰ ਘਰ ਬੈਠਿਆਂ ਹੀ ਵੈਬਸਾਈਟ ’ਤੇ ਰਜਿਸਟ੍ਰੇਸ਼ਨ ਕਰਵਾ ਕੇ ਯੋਜਨਾ ਦਾ ਲਾਭ ਲੈ ਸਕਦੇ ਹਨ। ਖਪਤਕਾਰ ਸਾਲ ਵਿੱਚ 12 ਸਿਲੰਡਰ ਭਰਵਾ ਸਕਦੇ ਹਨ। ਗੈਸ ਸਿਲੰਡਰ ਭਰਵਾਉਣ ’ਤੇ 500 ਰੁਪਏ ਤੋਂ ਵੱਧ ਵਾਲੀ ਰਕਮ ਹਰੇਕ ਮਹੀਨੇ ਉਨ੍ਹਾਂ ਦੇ ਖਾਤੇ ਵਿੱਚ ਵਾਪਸ ਪਾ ਦਿੱਤੀ ਜਾਵੇਗੀ ਅਤੇ ਇਸ ਦੀ ਸੂਚਨਾ ਖਪਤਕਾਰ ਦੇ ਮੋਬਾਈਲ ਫੋਨ ’ਤੇ ਐੱਸਐੱਮਐੱਸ ਜ਼ਰੀਏ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਡਬਲ ਇੰਜਣ ਸਰਕਾਰ ਦਾ ਉਦੇਸ਼ ਗਰੀਬ ਅਤੇ ਬੀਪੀਐੱਲ ਪਰਿਵਾਰਾਂ ਦੇ ਜੀਵਨ ਨੂੰ ਆਸਾਨ ਬਣਾਉਣਾ ਹੈ।