ਹਰਿਆਣਾ: ਮੁੱਖ ਮੰਤਰੀ ਸੈਣੀ ਨੇ 13 ਤੋਂ ਵੱਧ ਮਹਿਕਮੇ ਆਪਣੇ ਕੋਲ ਰੱਖੇ
ਆਤਿਸ਼ ਗੁਪਤਾ
ਚੰਡੀਗੜ੍ਹ, 21 ਅਕਤੂਬਰ
ਹਰਿਆਣਾ ’ਚ ਨਵੀਂ ਬਣੀ ਸਰਕਾਰ ਨੇ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਦੇਰ ਰਾਤ ਕਰ ਦਿੱਤੀ ਹੈ। ਵਿਭਾਗਾਂ ਦੀ ਵੰਡ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 13 ਵੱਧ ਮਹਿਕਮੇ ਆਪਣੇ ਕੋਲ ਰੱਖੇ ਹਨ। ਇਸ ਤੋਂ ਇਲਾਵਾ ਸੱਤਵੀਂ ਵਾਰ ਵਿਧਾਇਕ ਚੁਣੇ ਗਏ ਅਨਿਲ ਵਿੱਜ ਦਾ ਕੱਦ ਕੈਬਨਿਟ ਵਿੱਚ ਛੋਟਾ ਹੋ ਗਿਆ ਹੈ, ਜਦਕਿ ਪਹਿਲੀ ਵਾਰ ਕੈਬਨਿਟ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਕਈ ਅਹਿਮ ਮਹਿਕਮੇ ਦਿੱਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗ੍ਰਹਿ, ਵਿੱਤ, ਯੋਜਨਾ, ਆਬਕਾਰੀ ਅਤੇ ਕਰ ਵਿਭਾਗ, ਟਾਊਨ ਐਂਡ ਕੰਟਰੀ ਪਲਾਨਿੰਗ ਅਤੇ ਅਰਬਨ ਅਸਟੇਟ, ਸੂਚਨਾ ਤੇ ਲੋਕ ਸੰਪਰਕ, ਭਾਸ਼ਾ ਅਤੇ ਸੱਭਿਆਚਾਰ, ਨਿਆਂ ਪ੍ਰਸ਼ਾਸਨ, ਆਮ ਪ੍ਰਸ਼ਾਸਨ, ਅਪਰਾਧਿਕ ਜਾਂਚ (ਸੀਆਈਡੀ), ਅਮਲਾ ਤੇ ਸਿਖਲਾਈ ਅਤੇ ਕਾਨੂੰਨ ਤੇ ਵਿਧਾਨਕ ਵਿਭਾਗ ਆਪਣੇ ਕੋਲ ਰੱਖੇ ਹਨ। ਇਸ ਤੋਂ ਇਲਾਵਾ ਸੱਤਵੀਂ ਵਾਰ ਵਿਧਾਇਕ ਬਣ ਕੇ ਕੈਬਨਿਟ ਵਿੱਚ ਸ਼ਾਮਲ ਹੋਣ ਵਾਲੇ ਅਨਿਲ ਵਿੱਜ ਨੂੰ ਊਰਜਾ, ਟਰਾਂਸਪੋਰਟ ਅਤੇ ਕਿਰਤ ਵਿਭਾਗ ਦਿੱਤੇ ਗਏ ਹਨ। ਉਨ੍ਹਾਂ ਨੂੰ ਹਾਲਾਂਕਿ ਪਿਛਲੀ ਵਾਰ ਮਨੋਹਰ ਲਾਲ ਖੱਟਰ ਸਰਕਾਰ ਸਮੇਂ ਗ੍ਰਹਿ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਰਾਓ ਨਰਬੀਰ ਸਿੰਘ ਨੂੰ ਉਦਯੋਗ ਅਤੇ ਵਣਜ, ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ, ਮਹਿਪਾਲ ਢਾਂਡਾ ਨੂੰ ਸਕੂਲ ਅਤੇ ਉੱਚੇਰੀ ਸਿੱਖਿਆ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਹੈ। ਕੈਬਨਿਟ ਮੰਤਰੀ ਵਿਪੁਲ ਗੋਇਲ ਨੂੰ ਮਾਲ ਅਤੇ ਆਫ਼ਤ ਪ੍ਰਬੰਧਨ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦਿੱਤੇ ਹਨ। ਅਰਵਿੰਦ ਸ਼ਰਮਾ ਨੂੰ ਜੇਲ੍ਹ ਅਤੇ ਸਹਿਕਾਰਤਾ ਵਿਭਾਗ, ਸ਼ਿਆਮ ਸਿੰਘ ਰਾਣਾ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਰਣਬੀਰ ਗੰਗਵਾ ਨੂੰ ਪਬਲਿਕ ਹੈਲਥ ਇੰਜਨੀਅਰਿੰਗ ਅਤੇ ਕ੍ਰਿਸ਼ਨ ਕੁਮਾਰ ਬੇਦੀ ਨੂੰ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦਿੱਤੇ ਗਏ ਹਨ। ਕ੍ਰਿਸ਼ਨ ਲਾਲ ਪੰਵਾਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤਾਂ, ਮਾਈਨਿੰਗ ਤੇ ਭੂ-ਵਿਗਿਆਨ ਵਿਭਾਗ ਅਲਾਟ ਕੀਤੇ ਗਏ ਹਨ। ਰਾਜ ਮੰਤਰੀ (ਸੁਤੰਤਰ ਚਾਰਜ) ਰਾਜੇਸ਼ ਨਾਗਰ ਨੂੰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸੇ ਤਰ੍ਹਾਂ ਰਾਜ ਮੰਤਰੀ ਗੌਰਵ ਗੌਤਮ (ਸੁਤੰਤਰ ਚਾਰਜ) ਯੁਵਾ ਸ਼ਕਤੀਕਰਨ ਅਤੇ ਉੱਦਮਤਾ ਅਤੇ ਖੇਡ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਅਨਿਲ ਵਿੱਜ ਵੱਲੋਂ ਤਿੰਨ ਬੱਸ ਅੱਡਿਆਂ ਦੀ ਚੈਕਿੰਗ
ਅਨਿਲ ਵਿੱਜ ਟਰਾਂਸਪੋਰਟ ਮਹਿਕਮਾਂ ਮਿਲਦੇ ਹੀ ਐਕਸ਼ਨ ਮੋਡ ਵਿੱਚ ਆ ਗਏ ਹਨ। ਉਨ੍ਹਾਂ ਅੱਜ ਅੰਬਾਲਾ ਤੋਂ ਦਿੱਲੀ ਤੱਕ ਬੱਸ ਵਿੱਚ ਸਫ਼ਰ ਕੀਤਾ। ਵਿੱਜ ਨੇ ਅੰਬਾਲਾ, ਕਰਨਾਲ ਤੇ ਪਾਣੀਪਤ ਦੇ ਬੱਸ ਅੱਡੇ ਦਾ ਦੌਰਾ ਕੀਤਾ। ਬੱਸ ਅੱਡੇ ’ਤੇ ਨਾਬਾਇਜ਼ ਕਬਜ਼ਿਆਂ ਨੂੰ ਵੇਖ ਕੇ ਅਧਿਕਾਰੀਆਂ ਦੀ ਕਲਾਸ ਲਗਾਈ। ਵਿੱਜ ਨੇ ਅੰਬਾਲਾ ਬੱਸ ਅੱਡੇ ਦੇ ਇੰਚਾਰਜ ਅਜੀਤ ਸਿੰਘ ਨੂੰ ਮੁਅੱਤਲ ਵੀ ਕਰ ਦਿੱਤਾ। ਇਸ ਤੋਂ ਇਲਾਵਾ ਸ੍ਰੀ ਵਿੱਜ ਨੇ ਬੱਸ ਅੱਡਿਆਂ ’ਤੇ ਬੁਕਿੰਗ ਕਾਊਂਟਰ ਬੰਦ ਦੇਖ ਕੇ ਵੀ ਅਧਿਕਾਰੀਆਂ ’ਤੇ ਗੁੱਸਾ ਹੁੰਦੇ ਦਿਖਾਈ ਦਿੱਤੇ।
ਪਹਿਲੀ ਵਾਰ ਵਿਧਾਇਕ ਬਣੀ ਆਰਤੀ ਸਿੰਘ ਰਾਓ ਨੂੰ ਸਿਹਤ ਵਿਭਾਗ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਹਿਲੀ ਵਾਰ ਵਿਧਾਇਕ ਬਣੀ ਆਰਤੀ ਸਿੰਘ ਰਾਓ ਨੂੰ ਸਿਹਤ ਤੇ ਮੈਡੀਕਲ ਸਿੱਖਿਆ ਅਤੇ ਖੋਜ ਤੇ ਆਯੂਸ਼ ਵਿਭਾਗ ਦਿੱਤੇ ਹਨ। ਇਸ ਤੋਂ ਇਲਾਵਾ ਸ਼ਰੁਤੀ ਚੌਧਰੀ ਨੂੰ ਮਹਿਲਾ ਤੇ ਬਾਲ ਵਿਕਾਸ ਅਤੇ ਸਿੰਜਾਈ ਤੇ ਜਲ ਸਰੋਤ ਵਿਭਾਗ ਦਿੱਤੇ ਹਨ।