ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਜ਼ੀਰਾਬਾਦ ਪੁੱਜੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜਨਵਰੀ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਹਰਿਆਣਾ ਸਰਕਾਰ ’ਤੇ ਯਮੁਨਾ ਨਦੀ ਅੰਦਰ ਅਮੋਨੀਆ ਵਧਾਉਣ ਦੇ ਲਾਏ ਗਏ ਦੋਸ਼ਾਂ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਵਜ਼ੀਰਾਬਾਦ ਪਹੁੰਚ ਕੇ ਦਿੱਲੀ ਅੰਦਰ ਯਮੁਨਾ ਨਦੀ ਦੇ ਗੰਦੇ ਪਾਣੀ ਦੀ ਜਾਂਚ ਕੀਤੀ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਤੇ ਹਰਿਆਣਾ ਦਾ ਪਾਣੀ ਦਿਖਾਇਆ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਪੱਲਾ ਬਾਰਡਰ ਵਿੱਚ ਉਹ ਪਾਣੀ ਪੀ ਕੇ ਪਰਤੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਹਰਿਆਣਾ ਦੇ ਪੱਲਾ ਬਾਰਡਰ ਦਾ ਪਾਣੀ ਪੀ ਕੇ ਵਾਪਸ ਆਇਆ ਹਾਂ, ਪਰ ਕੇਜਰੀਵਾਲ ਨੇ ਦਿੱਲੀ ਵਿੱਚ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਫਰੀਦਾਬਾਦ ’ਚ ਜਦੋਂ ਦਿੱਲੀ ਦਾ ਪਾਣੀ ਮਿਲਦਾ ਹੈ ਤਾਂ ਇਹ ਪਾਣੀ ਹੋਰ ਵੀ ਪ੍ਰਦੂਸ਼ਿਤ ਹੋ ਜਾਂਦਾ ਹੈ, ਜਿਸ ਕਾਰਨ ਜ਼ਿਆਦਾ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪੱਲਾ ਫਰੀਦਾਬਾਦ ਦਾ ਉਹ ਇਲਾਕਾ ਹੈ, ਜਿੱਥੇ ਦਿੱਲੀ ਤੋਂ ਆਉਂਦੀ ਹੋਈ ਯਮੁਨਾ ਹਰਿਆਣਾ ਦੇ ਇਸ ਸਨਅਤੀ ਸ਼ਹਿਰ ਵਿੱਚ ਦਾਖ਼ਲ ਹੁੰਦੀ ਹੈ। ਇਸ ਤੋਂ ਅੱਗੇ ਯਮੁਨਾ ਨਦੀ ਮਥੁਰਾ ਵੱਲ ਨੂੰ ਹੋ ਜਾਂਦੀ ਹੈ। ਇਸ ਵਿੱਚੋਂ ਇਥੋਂ ਨਹਿਰ ਵੀ ਨਿਕਲਦੀ ਹੈ ਜਿਸ ਨੂੰ ਆਗਰਾ ਨਹਿਰ ਕਿਹਾ ਜਾਂਦਾ ਹੈ।