ਹਰਿਆਣਾ: ਕੇਜਰੀਵਾਲ ਦੇ ‘ਯਮੁਨਾ ਵਿੱਚ ਜ਼ਹਿਰ’ ਵਾਲੇ ਬਿਆਨ ’ਤੇ ਭਾਜਪਾ ਵੱਲੋਂ ਵਿਰੋਧ ਪ੍ਰਦਰਸ਼ਨ
ਚੰਡੀਗੜ੍ਹ, 28 ਜਨਵਰੀ
ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਇਕਾਈ ਨੇ ਅੱਜ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਸੂਬੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।
ਕੇਜਰੀਵਾਲ ਨੇ ਇਕ ਟਿੱਪਣੀ ਵਿੱਚ ਕਿਹਾ ਸੀ ਕਿ ਭਾਜਪਾ ਯਮੁਨਾ ਵਿੱਚ ਜ਼ਹਿਰ ਘੋਲ ਰਹੀ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਸਿਆਸਤ ਵਿੱਚ ਰਹਿਣ ਦਾ ਕੋਈ ਅਧਿਕਾਰੀ ਨਹੀਂ ਹੈ।
ਕਰਨਾਲ, ਸੋਨੀਪਤ ਅਤੇ ਪੰਚਕੂਲਾ ਸਣੇ ਸੂਬਿਆਂ ਵਿੱਚ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਹੋਏ। ਭਾਜਪਾ ਕਾਰਕੁਨਾਂ ਨੇ ਪ੍ਰਦਰਸ਼ਨ ਦੌਰਾਨ ਕੇਜਰੀਵਾਲ ਦਾ ਪੁਤਲਾ ਸਾੜਿਆ। ‘ਆਪ’ ਨੇ ਸੋਮਵਾਰ ਨੂੰ ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ’ਤੇ ਜਾਣਬੁੱਝ ਕੇ ਉਦਯੋਗਿਕ ਕਚਰੇ ਨੂੰ ਯਮੁਨਾ ਵਿੱਚ ਵਹਾਉਣ ਦਾ ਦੋਸ਼ ਲਗਾਇਆ ਸੀ। ਕੇਜਰੀਵਾਲ ਨੇ ਦੋਸ਼ ਲਗਾਇਆ ਸੀ ਕਿ ਭਾਜਪਾ ਨਦੀ ਵਿੱਚ ਜ਼ਹਿਰ ਘੋਲ ਕੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉੱਧਰ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ‘ਆਪ’ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਸੈਣੀ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਸੀ ਕਿ ਬੇਬੁਨਿਆਦ ਤੇ ਦੂਜਿਆਂ ’ਤੇ ਦੋਸ਼ ਲਗਾਉਣਾ ਕੇਜਰੀਵਾਲ ਦੀ ਆਦਤ ਬਣ ਗਈ ਹੈ। ਸੈਣੀ ਨੇ ਕਿਹਾ ਸੀ ਕਿ ਕੇਜਰੀਵਾਲ ਨੂੰ ਤੁਰੰਤ ਹਰਿਆਣਾ ਤੇ ਦਿੱਲੀ ਦੇ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਉਹ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ।
ਪੰਚਕੂਲਾ ਵਿੱਚ ਸੂਬੇ ਦੇ ਕੁਝ ਮੰਤਰੀਆਂ ਸਣੇ ਕਈ ਭਾਜਪਾ ਆਗੂਆਂ ਨੇ ਅੱਜ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਹਰਿਆਣਾ ਦੇ ਮੰਤਰੀ ਰਣਬੀਰ ਗੰਗਵਾ ਨੇ ਪੰਚਕੂਲ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦਾ ਸੂਬਾ ਦਿੱਲੀ ਨੂੰ ਪੂਰਾ ਜਾਂ ਫਿਰ ਉਸ ਤੋਂ ਜ਼ਿਆਦਾ ਪਾਣੀ ਦਿੰਦਾ ਹੈ। ਗੰਗਵਾ ਨੇ ਕੇਜਰੀਵਾਲ ਦੇ ਦੋਸ਼ਾਂ ’ਤੇ ਕਿਹਾ, ‘‘ਅਸੀਂ ਆਪਣੀਆਂ ਨਦੀਆਂ ਦੀ ਪੂਜਾ ਕਰਦੇ ਹਾਂ। ਯਮੁਨਾ ਸਾਡੇ ਲਈ ਪਵਿੱਤਰ ਹੈ। ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਕੇਜਰੀਵਾਲ ਬੇਬੁਨਿਆਦ ਦੋਸ਼ ਲਗਾ ਰਹੇ ਹਨ।’’ ਹਰਿਆਣਾ ਦੇ ਇਕ ਹੋਰ ਮੰਤਰੀ ਵਿਪੁਲ ਗੋਇਲ ਨੇ ਕੇਜਰੀਵਾਲ ’ਤੇ ਉਨ੍ਹਾਂ ਦੇ ‘ਯਮੁਨਾ ਵਿੱਚ ਜ਼ਹਿਰ’ ਦੇ ਦਾਅਵਿਆਂ ਲਈ ਨਿਸ਼ਾਨਾ ਸੇਧਿਆ। ਗੋਇਲ ਨੇ ਕਿਹਾ, ‘‘ਅਜਿਹੇ ਵਿਅਵਕੀ ਨੂੰ ਸਿਆਸਤ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।’’
ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿੱਜ ਨੇ ਵੀ ‘ਆਪ’ ਸੁਪਰੀਮੋ ’ਤੇ ਨਿਸ਼ਾਨਾ ਸੇਧਿਆ। ਵਿੱਜ ਨੇ ਕਿਹਾ, ‘‘ਕੇਜਰੀਵਾਲ ਆਪਣੇ ਝੂਠੇ ਵਾਅਦਿਆਂ ਰਾਹੀਂ ਦੇਸ਼ ਵਿੱਚ ਜ਼ਹਿਰ ਫੈਲਾ ਰਹੇ ਹਨ। ਉਨ੍ਹਾਂ 10 ਸਾਲਾਂ ਤੱਕ ਦਿੱਲੀ ’ਤੇ ਰਾਜ ਕੀਤਾ, ਫਿਰ ਵੀ ੳਹ ਯਮੁਨਾ ਨੂੰ ਸਾਫ਼ ਨਹੀਂ ਕਰ ਸਕੇ ਅਤੇ ਦੂਜਿਆਂ ’ਤੇ ਦੋਸ਼ ਲਗਾ ਰਹੇ ਹਨ।’’
ਭਾਜਪਾ ਦੀ ਹਰਿਆਣਾ ਇਕਾਈ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਅਸਲ ਵਿੱਚ ਇਹ ਲੋਕ ਦਿੱਲੀ ਦੀ ਜਨਤਾ ਨੂੰ ਮੂੰਹ ਦਿਖਾਉਣ ਲਾਇਕ ਨਹੀਂ ਹਨ ਕਿਉਂਕਿ 2020 ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਹੈ।’’ ਭਾਜਪਾ ਦੀ ਹਰਿਆਣਾ ਇਕਾਈ ਨੇ ਇਕ ਹੋਰ ਪੋਸਟ ਵਿੱਚ ਕਿਹਾ, ‘‘ਦਿੱਲੀ ਦੀ ਹਵਾ ਤੇ ਪਾਣੀ ’ਚ ਜ਼ਹਿਰ ਘੋਲਣ ਵਾਲੇ ਕੇਜਰੀਵਾਲ ਇਕ ਵਾਰ ਮੁੜ ਤੋਂ ਝੂਠ ਬੋਲ ਰਹੇ ਹਨ।’’ ਭਾਜਪਾ ਵੱਲੋਂ ਕੇਜਰੀਵਾਲ ਨੂੰ ‘ਫ਼ਰਜ਼ੀਵਾਲ’ ਕਹਿੰਦੇ ਹੋਏ ਪੋਸਟ ਵਿੱਚ ਇਹ ਵੀ ਕਿਹਾ ਗਿਆ, ‘‘ਅੱਜ ਤੁਸੀਂ ਹਰਿਆਣਾ ਦੇ ਲੋਕਾਂ ’ਤੇ ਦੋਸ਼ ਲਗਾ ਰਹੇ ਹੋ, ਜਿੱਥੇ ਤੁਸੀਂ ਪੈਦਾ ਹੋਏ ਹੋ। ਕੁਝ ਸ਼ਰਮ ਕਰੋ ਕੇਜਰੀਵਾਲ।’’ -ਪੀਟੀਆਈ