ਹਰਿਆਣਾ: ਭਾਜਪਾ ਵੱਲੋਂ ਔਰਤਾਂ ਨੂੰ ਮਾਸਕ 2100 ਰੁਪਏ ਦੇਣ ਦਾ ਵਾਅਦਾ
ਰੋਹਤਕ, 19 ਸਤੰਬਰ
Haryana Elections - BJP Manifesto: ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਇਥੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਔਰਤਾਂ ਨੂੰ ‘ਲਾਡੋ ਲਕਸ਼ਮੀ ਯੋਜਨਾ’ ਤਹਿਤ ਹਰ ਮਹੀਨੇ 2100 ਰੁਪਏ ਨਕਦ ਉਤਸ਼ਾਹ ਰਾਸ਼ੀ ਦੇਣ, ਸਾਰੀਆਂ 24 ਫ਼ਸਲਾਂ ਲਈ ਐੱਮਐੱਸਪੀ ਨੂੰ ਜਾਰੀ ਰੱਖਣ ਅਤੇ ਅਗਨੀਵੀਰਾਂ ਨੂੰ ਰੁਜ਼ਗਾਰ ਗਾਰੰਟੀ ਦੇਣ ਦੇ ਨਾਲ ਹੀ ਨੌਜਵਾਨਾਂ ਲਈ ਦੋ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਰਸੋਈ ਗੈਸ ਸਿਲੰਡਰ 500 ਰੁਪਏ ਵਿਚ ਦੇਣ ਤੇ ਪੇਂਡੂ ਖੇਤਰਾਂ ਦੀਆਂ ਵਿਦਿਆਰਥਣਾਂ ਨੂੰ ਸਕੂਟਰ ਦੇਣ ਦੀ ਗੱਲ ਵੀ ਕਹੀ ਗਈ ਹੈ।
‘ਹਰਿਆਣਾ ਨੌਨ-ਸਟੌਪ’ ਦੇ ਨਾਅਰੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਇਥੇ 5 ਅਕਤੂਬਰ ਨੂੰ ਹੋਣ ਵਾਲੀਆਂ ਅਸੰਬਲੀ ਚੋਣਾਂ ਲਈ ਪਾਰਟੀ ਦਾ 20-ਨੁਕਾਤੀ ‘ਸੰਕਲਪ ਪੱਤਰ’ ਜਾਰੀ ਕੀਤਾ। ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨੱਢਾ ਨੇ ਇਸ ਮੌਕੇ ਕਿਹਾ, ‘‘ਕਾਂਗਰਸ ਲਈ ਇਹ ਦਸਤਾਵੇਜ਼ ਮਹਿਜ਼ ਇਕ ਰਸਮੀ ਖ਼ਾਨਾਪੂਰਤੀ ਹੈ। ਉਨ੍ਹਾਂ ਲਈ ਇਹ ਦਸਤਾਵੇਜ਼ ਮਹਿਜ਼ ਇਕ ਰਸਮ ਨਿਭਾਉਣ ਵਾਲੀ ਗੱਲ ਹੈ, ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ। ਸਾਡੇ ਲਈ ਇਹ ਪ੍ਰਣ ਪੱਤਰ ਹੈ।’’
ਦੱਸਣਯੋਗ ਹੈ ਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਇਕ ਦਿਨ ਪਹਿਲਾਂ ਹੀ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ, ਜਿਸ ਵਿਚ ਹਰਿਆਣਾ ’ਚ ਸੱਤਾ ਵਿਚ ਆਉਣ ਦੀ ਸੂਰਤ ਵਿਚ ਸੱਤ ਗਾਰੰਟੀਆਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਨ੍ਹਾਂ ਵਿਚ ਔਰਤਾਂ ਨੂੰ ਮਾਸਕ 2000 ਰੁਪਏ ਅਤੇ ਸਾਰਿਆਂ ਨੂੰ ਘਰ ਦੇਣ ਦੀ ਗੱਲ ਕਹੀ ਗਈ ਹੈ। -ਆਈਏਐੱਨਐੱਸ