For the best experience, open
https://m.punjabitribuneonline.com
on your mobile browser.
Advertisement

ਹਰਿਆਣਾ: ਭਾਜਪਾ ਵਿਧਾਇਕ 16 ਨੂੰ ਕਰਨਗੇ ਵਿਧਾਇਕ ਦਲ ਦੇ ਨੇਤਾ ਦੀ ਚੋਣ

10:28 AM Oct 14, 2024 IST
ਹਰਿਆਣਾ  ਭਾਜਪਾ ਵਿਧਾਇਕ 16 ਨੂੰ ਕਰਨਗੇ ਵਿਧਾਇਕ ਦਲ ਦੇ ਨੇਤਾ ਦੀ ਚੋਣ
ਕੌਮੀ ਪ੍ਰਧਾਨ ਨੱਢਾ ਨਾਲ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 48 ਸੀਟਾਂ ’ਤੇ ਜਿੱਤ ਹਾਸਲ ਕਰਨ ਤੋਂ ਬਾਅਦ ਸਰਕਾਰ ਬਣਾਉਣ ਲਈ ਤਿਆਰੀ ਖਿੱਚ ਲਈ ਹੈ। ਇਸ ਲਈ ਹਰਿਆਣਾ ਭਾਜਪਾ ਨੇ 16 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਜਾਵੇਗੀ।
ਦੂਜੇ ਪਾਸੇ ਭਾਜਪਾ ਨੇ ਵਿਧਾਇਕ ਦਲ ਦੇ ਆਗੂ ਦੀ ਚੋਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਇਹ ਦੋਵੇਂ ਆਗੂ ਹਰਿਆਣਾ ਭਾਜਪਾ ਦੇ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਭਾਜਪਾ ਨੇ ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਚਿਹਰੇ ’ਤੇ ਸਾਰੀ ਚੋਣ ਲੜੀ ਹੈ, ਇਸ ਕਰ ਕੇ ਨਾਇਬ ਸਿੰਘ ਸੈਣੀ ਨੂੰ ਵਿਧਾਇਕ ਦਲ ਦਾ ਨੇਤਾ ਚੁਣੇ ਜਾਣਾ ਤੈਅ ਹੈ ਪਰ ਨਿਯਮਾਂ ਅਨੁਸਾਰ ਇਹ ਫ਼ੈਸਲਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਲਿਆ ਜਾਂਦਾ ਹੈ। ਇਸ ਮਗਰੋਂ ਵਿਧਾਇਕ ਦਲ ਦੇ ਨੇਤਾ ਵੱਲੋਂ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਰਿਆਣਾ ਭਾਜਪਾ ਦੇ ਪ੍ਰਧਾਨ ਮੋਹਨ ਲਾਲ ਬਡੋਲੀ ਵੱਲੋਂ ਸਾਰੇ ਵਿਧਾਇਕਾਂ ਨੂੰ 16 ਤੇ 17 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਹਰਿਆਣਾ ਦਾ ਨਵਾਂ ਮੁੱਖ ਮੰਤਰੀ 17 ਅਕਤੂਬਰ ਨੂੰ ਪੰਚਕੂਲਾ ਦੇ ਪਰੇਡ ਗਰਾਊਂਡ ਵਿੱਚ ਹਲਫ਼ ਲਵੇਗਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਸਣੇ ਦੇਸ਼ ਭਰ ਤੋਂ ਸਿਆਸੀ ਆਗੂ ਸ਼ਾਮਲ ਹੋਣਗੇ।

Advertisement

ਅਨਿਲ ਵਿੱਜ ਨੇ ਕੌਮੀ ਪ੍ਰਧਾਨ ਨੱਢਾ ਨਾਲ ਕੀਤੀ ਮੁਲਕਾਤ

ਹਰਿਆਣਾ ਦੇ ਨਵੇਂ ਮੁੱਖ ਮੰਤਰੀ ਦੇ ਹਲਫ਼ਦਾਰੀ ਸਮਾਗਮ ਦੇ ਨਾਲ ਹੀ ਨਵੀਂ ਵਜ਼ਾਰਤ ਲਈ ਵਿਧਾਇਕਾਂ ਨੇ ਵੀ ਜੋੜ-ਤੋੜ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਵੱਲੋਂ ਦਿੱਲੀ ਵਿੱਚ ਪਾਰਟੀ ਹਾਈਕਮਾਂਡ ਤੱਕ ਪਹੁੰਚ ਕੀਤੀ ਜਾ ਰਹੀ ਹੈ। ਅੱਜ ਸਾਬਕਾ ਮੰਤਰੀ ਤੇ ਅੰਬਾਲਾ ਕੈਂਟ ਤੋਂ ਵਿਧਾਇਕ ਅਨਿਲ ਵਿੱਜ ਨੇ ਦਿੱਲੀ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਨਵੇਂ ਚੁਣੇ ਗਏ ਵਿਧਾਇਕ ਪ੍ਰਮੋਦ ਵਿੱਜ, ਅਰਵਿੰਦ ਸ਼ਰਮਾ ਤੇ ਸਾਬਕਾ ਮੰਤਰੀ ਦਵਿੰਦਰ ਬਬਲੀ ਨੇ ਦਿੱਲੀ ਪਹੁੰਚ ਕੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਹੋਰ ਵੀ ਕਈ ਵਿਧਾਇਕਾਂ ਨੇ ਦਿੱਲੀ ਵਿੱਚ ਪਾਰਟੀ ਹਾਈਕਮਾਂਡ ਦੇ ਆਗੂਆਂ ਤੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ।

Advertisement

Advertisement
Author Image

sukhwinder singh

View all posts

Advertisement