ਹਰਿਆਣਾ ਭਾਜਪਾ ਨੇ ਜ਼ਿਲ੍ਹਾ ਪ੍ਰਧਾਨ ਬਦਲੇ
ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 19 ਅਗਸਤ
ਹਰਿਆਣਾ ਭਾਜਪਾ ਵਿੱਚ ਵੱਡੇ ਪੱਧਰ ਉਪਰ ਤਬਦੀਲੀ ਕਰਦੇ ਹੋਏ 22 ਜ਼ਿਲ੍ਹਿਆਂ ਵਿੱਚੋਂ ਸਿਰਫ਼ ਦੋ ਜ਼ਿਲ੍ਹਿਆਂ ਦੇ ਪ੍ਰਧਾਨ ਹੀ ਆਪਣੀ ਕੁਰਸੀ ਬਚਾ ਸਕੇ ਤੇ 18 ਨਵੇਂ ਪ੍ਰਧਾਨ ਲਾਏ ਗਏ ਹਨ। ਫਰੀਦਾਬਾਦ ਤੇ ਰੋਹਤਕ ਦੇ ਮੌਜੂਦਾ ਪ੍ਰਧਾਨ ਹੀ ਆਪਣੀ ਕੁਰਸੀ ਕਾਇਮ ਰੱਖ ਸਕੇ ਤੇ ਯਮੁਨਾਨਗਰ ਅਤੇ ਰੇਵਾੜੀ ਦੇ ਪ੍ਰਧਾਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਇਸ ਤਰ੍ਹਾਂ ਨਵੀਂ ਟੀਮ ਵਿੱਚ ਹਰਿਆਣਾ ਭਾਜਪਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਕੜ ਨੇ 20 ਨਵੇਂ ਪ੍ਰਧਾਨ ਸ਼ਾਮਲ ਕਰਕੇ ਪਾਰਟੀ ਵਿੱਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ਕੀਤੀ ਹੈ। ਫਰੀਦਾਬਾਦ ਤੋਂ ਪ੍ਰਧਾਨ ਗੋਪਾਲ ਸ਼ਰਮਾ ਤੇ ਰੋਹਤਕ ਦੇ ਪ੍ਰਧਾਨ ਅਜੈ ਬੰਸਲ ਹੀ ਮੁੜ ਚੁਣੇ ਗਏ।
ਅੰਬਾਲਾ ਤੋਂ ਰਾਜੇਸ਼ ਬਤੋਰਾ, ਕਰਨਾਲ ਤੋਂ ਯੋਗਿੰਦਰ ਰਾਣਾ, ਸਿਰਸਾ ਤੋਂ ਅਦਿੱਤਯ ਦੇਵੀਲਾਲ, ਕੁਰਕੇਸ਼ਤਰ ਤੋਂ ਰਾਜਕੁਮਾਰ ਸੈਣੀ, ਕੈਥਲ ਤੋਂ ਆਸ਼ੋਕ ਢਾਂਡ, ਯਮੁਨਾਨਗਰ ਤੋਂ ਰਾਜੇਸ਼ ਖਾਪੜਾ, ਜੀਂਦ ਤੋਂ ਰਾਜੂ ਮੋਰ, ਪਾਣੀਪਤ ਤੋਂ ਅਰਚਨਾ ਗੁਪਤਾ, ਸੋਨੀਪਤ ਤੋਂ ਮੋਹਨ ਲਾਲ ਬਢੌਲੀ (ਵਿਧਾਇਕ) ਭਿਵਾਨੀ ਤੋਂ ਸ਼ੰਕਰ ਧੂਪੜ, ਦਾਦਰੀ ਤੋਂ ਸਤੇਂਦਰ ਪਰਮਾਰ, ਨਹੂੰ ਤੋਂ ਨਰਿੰਦਰ ਪਟੇਲ, ਰੇਵਾੜੀ ਤੋਂ ਹੁਕਮਚੰਦ ਯਾਦਵ, ਪਲਵਲ ਤੋਂ ਚਰਨ ਸਿੰਘ ਤੇਵਤੀਆ, ਮਹਿੰਦਰਗੜ੍ਹ ਤੋਂ ਰਾਕੇਸ਼ ਸ਼ਰਮਾ, ਗੁਰੂਗ੍ਰਾਮ ਤੋਂ ਗਾਰਗੀ ਕੱਕੜ, ਪੰਚਕੂਲਾ ਤੋਂ ਅਜੈ ਸ਼ਰਮਾ, ਹਿਸਾਰ ਤੋਂ ਕੈਪਟਨ ਭੁਪਿੰਦਰ ਸਿੰਘ, ਫਤਿਹਾਬਾਦ ਤੋਂ ਬਲਦੇਵ ਗਰੋਹਾ ਨੂੰ ਪ੍ਰਧਾਨਗੀ ਦੇ ਕੇ ਜਾਟ, ਪੰਜਾਬੀ ਤੇ ਬ੍ਰਾਹਮਣ, ਓਬੀਸੀ ਸੰਤੁਲਨ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਭਾਜਪਾ ਦਾ ਲੰਬੇ ਸਮੇਂ ਤੱਕ ਸੂਬੇ ਵਿੱਚ ਬਣੀ ਰਹੇ।
ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਰਾਜੇਸ਼ ਬਤੌਰਾ ਦਾ ਸਵਾਗਤ
ਨਰਾਇਣਗੜ੍ਹ (ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਬਤੌਰਾ ਵਾਸੀ ਰਾਜੇਸ਼ ਬਤੌਰਾ ਨੂੰ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ’ਤੇ ਸਥਾਨਕ ਅਰਾਮ ਘਰ ਵਿੱਚ ਵਰਕਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਢੋਲ ਵਜਾ ਕੇ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਵਰਕਰਾਂ ਨੇ ਕਿਹਾ ਕਿ ਰਾਜੇਸ਼ ਬਤੌਰਾ ਦੇ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਪਾਰਟੀ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਤੇ ਉਹ ਹਰ ਵਰਕਰ ਨੂੰ ਨਾਲ ਲੈ ਕੇ ਚੱਲਣਗੇ। ਰਾਜੇਸ਼ ਬਤੌਰਾ ਦਾ ਕਹਿਣਾ ਸੀ ਕਿ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਮੰਤਰੀ ਅਨਿਲ ਵਿੱਜ, ਵਿਧਾਇਕ ਅਸੀਮ ਗੋਇਲ ਤੇ ਨਾਇਬ ਸੈਣੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਹਰ ਵਰਕਰ ਨੂੰ ਨਾਲ ਲੈ ਕੇ ਚੱਲਣਗੇ ਤੇ ਪਾਰਟੀ ਦੀਆਂ ਨੀਤੀਆਂ ਦਾ ਜਨਤਾ ਤੱਕ ਪ੍ਰਚਾਰ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਛੱਤੀ ਬਿਰਾਦਰੀਆਂ ਦੀ ਪਾਰਟੀ ਹੈ, ਜਿਸ ਵਿੱਚ ਸਾਰੇ ਵਰਕਰਾਂ ਦੇ ਹਿੱਤ ਸੁਰੱਖਿਅਤ ਹਨ ਅਤੇ ਭਾਜਪਾ ਹੀ ਲੋਕਾਂ ਦਾ ਭਲਾ ਕਰ ਸਕਦੀ ਹੈ।