ਹਰਿਆਣਾ ਅਸੈਂਬਲੀ ਚੋਣਾਂ: ਕੁਰੂਕਸ਼ੇਤਰ ਜ਼ਿਲ੍ਹੇ ’ਚ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਅਕਤੂਬਰ
ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ ਨੇ ਦੱਸਿਆ ਕਿ ਭਲਕੇ ਸ਼ਨਿਚਰਵਾਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਮੁਕੰਮਲ ਹਨ ਤੇ ਜ਼ਿਲ੍ਹੇ ’ਚ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ। ਵੋਟਰ ਪੋਲਿੰਗ ਬੂਥਾਂ ਤੇ ਅੱਜ ਸਵੇਰੇ 5 ਅਕਤੂਬਰ ਨੂੰ 7 ਵਜੇ ਤੋਂ ਸ਼ਾਮ 6 ਵਜੇ ਤਕ ਵੋਟਰ ਆਪਣੀ ਵੋਟ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 43 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ’ਚ 37 ਪੁਰਸ਼ ਤੇ 6 ਮਹਿਲਾਵਾਂ ਹਨ। ਸਾਰੇ ਪੋਲਿੰਗ ਬੂਥਾਂ ਤੇ ਲੋੜੀਦੀਆਂ ਬੁਨਿਆਦੀ ਸਹੂਲਤਾਂ ਉਪਲਬਧ ਹੋਣਗੀਆਂ। ਡਿਪਟੀ ਕਮਿਸ਼ਨਰ ਨੇ ਅੱਜ ਮਿੰਨੀ ਸੈਕਟਰੀਏਟ ਵਿਚ ਦੱਸਿਆ ਕਿ ਜ਼ਿਲ੍ਹਾ ਕੁਰੂਕਸ਼ੇਤਰ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਕੁੱਲ 7,73,425 ਵੋਟਰ ਹਨ, ਜੋ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਚਾਰੇ ਵਿਧਾਨ ਸਭਾ ਹਲਕਿਆਂ ’ਚ ਦਿਲਖਿੱਚਵੇਂ ਬੂਥ ਬਣਾਏ ਗਏ ਹਨ। ਦਿਹਾਤੀ ਖੇਤਰਾਂ ਵਿਚ 609 ਤੇ ਸ਼ਹਿਰੀ ਖੇਤਰਾਂ ਵਿਚ 201 ਬੂਥ ਸਟੇਸ਼ਨ ਹਨ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਹਰ ਸਰਗਰਮੀ ’ਤੇ ਤਿੱਖੀ ਨਜ਼ਰ ਰੱਖੀ ਰਹੀ ਹੈ ਅਤੇ ਇਸ ਕੰਮ ਲਈ 24 ਉਡਣ ਦਸਤੇ, 36 ਸਟੈਟਿਕ ਸਰਵੇਲੈਂਸ ਟੀਮਾਂ ਤੇ ਚਾਰ ਵੀਡੀਓ ਸਰਵੇਲੈਂਸ ਟੀਮਾਂ ਨਿਯੁਕਤ ਹਨ। ਵੋਟਾਂ ਵਾਲੇ ਦਿਨ 24 ਡਿਊਟੀ ਮੈਜਿਸਟਰੇਟ ਫੀਲਡ ਵਿੱਚ ਹਰ ਸਰਗਰਮੀ ’ਤੇ ਨਜ਼ਰ ਰੱਖਣਗੇ। ਇਸ ਦੇ ਨਾਲ ਹੀ ਕਰੀਬ 5 ਹਜ਼ਾਰ ਮੁਲਾਜ਼ਮ ਡਿਊਟੀ ਤੇ ਤਾਇਨਾਤ ਹਨ। ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਅੱਜ ਸਾਰੀਆਂ ਪੋਲਿੰਗ ਟੀਮਾਂ ਈਵੀਐੱਮ ਮਸ਼ੀਨਾਂ ਚੋਣ ਸਮੱਗਰੀ ਲੈ ਕੇ ਸਟਰਾਂਗ ਰੂਮਾਂ ਤੋਂ ਰਵਾਨਾ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਚੋਣਾਂ ਸਬੰਧੀ ਕਿਤੇ ਵੀ ਕੋਈ ਵੀ ਖਾਮੀ ਨਜ਼ਰ ਆਉਂਦੀ ਹੈ ਤਾਂ ਉਸ ਸਬੰਧੀ ਜਨਰਲ ਅਬਜਰਵਰਾਂ ਨਾਲ ਅਤੇ ਕਿਸੇ ਤਰ੍ਹਾਂ ਦੀ ਵੀ ਮਦਦ ਲਈ ਹੈਲਪਲਾਈਨ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਪੁਲੀਸ ਕਪਤਾਨ ਵਰੂਣ ਸਿੰਗਲਾ ਨੇ ਕਿਹਾ ਕਿ ਚੋਣਾਂ ਨੂੰ ਨਿਰਪੱਖ ਤੇ ਸ਼ਾਂਤੀ ਪੂਰਵਕ ਢੰਗ ਨਾਲ ਕਰਾਉਣ ਲਈ ਪੁਲੀਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ, ਜਿਸ ਲਈ 30 ਕੰਪਨੀਆਂ ਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਵੀ ਤਾਇਨਾਤ ਹਨ। ਇਸ ਤੋਂ ਇਲਾਵਾ 52 ਪੈਟਰੋਲਿੰਗ ਪਾਰਟੀਆਂ, 26 ਸਪੈਸ਼ਲ ਪੈਟਰੋਲਿੰਗ ਪਾਰਟੀਆਂ, ਐੱਸਐੱਚਓ ਤੇ ਚੌਂਕੀ ਇੰਚਾਰਜ ਆਪੋ ਆਪਣੇ ਖੇਤਰ ਵਿਚ ਹਰ ਗਤੀਵਿਧੀ ਤੇ ਨਜਰ ਰੱਖਣਗੇ।