ਹਰਿਆਣਾ ਵਿਧਾਨ ਸਭਾ ਚੋਣਾਂ: ਸ਼ੈਲਜਾ ਵੀਰਵਾਰ ਤੋਂ ਸ਼ੁਰੂ ਕਰੇਗੀ ਪ੍ਰਚਾਰ
ਭਰਤੇਸ਼ ਸਿੰਘ ਠਾਕੁਰ
ਚੰਡੀਗੜ੍ਹ, 25 ਸਤੰਬਰ
Selja will start compaign ਸਿਰਸਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਜੋ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਪ੍ਰਚਾਰ ਵਿੱਚੋਂ ਹੁਣ ਤੱਕ ਗੈਰ-ਹਾਜ਼ਰ ਚੱਲ ਰਹੀ ਸੀ, ਹੁਣ ਵੀਰਵਾਰ ਨੂੰ ਚਾਰ ਜਨਤਕ ਮੀਟਿੰਗਾਂ ਵਿੱਚ ਹਿੱਸਾ ਲਵੇਗੀ। ਉਹ ਕਰਨਾਲ ਜ਼ਿਲ੍ਹੇ ਦੇ ਅਸੰਧ ਵਿੱਚ ਹੋਣ ਵਾਲੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰੈਲੀ ਵਿੱਚ ਵੀ ਹਾਜ਼ਰੀ ਭਰੇਗੀ। ਵਿਧਾਨ ਸਭਾ ਸੀਟ ਅਸੰਧ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਸ਼ਮਸ਼ੇਰ ਸਿੰਘ ਗੋਗੀ ਨੂੰ ਮੁੜ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਹ ਸ਼ੈਲਜਾ ਦੇ ਵਫ਼ਾਦਾਰ ਮੰਨੇ ਜਾਂਦੇ ਹਨ। ਸ਼ੈਲਜਾ ਵੱਲੋਂ ਟੋਹਾਣਾ ਤੋਂ ਪਾਰਟੀ ਉਮੀਦਵਾਰ ਪਰਮਵੀਰ ਸਿੰਘ ਲਈ ਇਕ ਜਨਤਕ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਿਸਾਰ ਵਿੱਚ ਰਾਮ ਨਿਵਾਸ ਰਾਰਾ ਲਈ ਵੀ ਦੋ ਮੀਟਿੰਗਾਂ ਕੀਤੀਆਂ ਜਾਣਗੀਆਂ।
ਸੂਬੇ ਦੇ ਸਭ ਤੋਂ ਚੋਟੀ ਦੇ ਦਲਿਤ ਆਗੂਆਂ ’ਚੋਂ ਇਕ ਸ਼ੈਲਜਾ ਨੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਐਲਾਨਿਆ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਇਸ ਸਬੰਧੀ ਅੰਤਿਮ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਲਿਆ ਜਾਵੇਗਾ। ਇਨ੍ਹਾਂ ਚੋਣਾਂ ਵਿੱਚ ਜ਼ਿਆਦਾਤਰ ਟਿਕਟਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਧੜੇ ਦੇ ਆਗੂਆਂ ਨੂੰ ਦਿੱਤੇ ਜਾਣ ਤੋਂ ਉਹ ਖ਼ਫ਼ਾ ਹਨ। ਉਹ ਮੁੱਖ ਮੰਤਰੀ ਦੇ ਅਹੁਦੇ ’ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਉਕਲਾਨਾ ਸੀਟ ਤੋਂ ਚੋਣ ਲੜਨਾ ਚਾਹੁੰਦੀ ਸੀ ਪਰ ਪਾਰਟੀ ਹਾਈਕਮਾਂਡ ਨੇ ਉਸ ਨੂੰ ਹਰੀ ਝੰਡੀ ਨਹੀਂ ਦਿੱਤੀ। ਇਸ ਸੀਟ ਤੋਂ ਟਿਕਟ ਹੁੱਡਾ ਦੇ ਵਫ਼ਾਦਾਰ ਮੰਨੇ ਜਾਂਦੇ ਨਰੇਸ਼ ਸੇਲਵਾਲ ਨੂੰ ਦੇ ਦਿੱਤੀ ਗਈ। ਸ਼ੈਲਜਾ ਨਾਰਨੌਂਦ ਦੀ ਸੀਟ ਵੀ ਡਾ. ਅਜੈ ਚੌਧਰੀ ਨੂੰ ਨਹੀਂ ਦਿਵਾ ਸਕੀ, ਬਲਕਿ ਇੱਥੋਂ ਟਿਕਟ ਜਸਬੀਰ ਸਿੰਘ ਨੂੰ ਦੇ ਦਿੱਤੀ ਗਈ।
23 ਸਤੰਬਰ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਸ਼ੈਲਜਾ ਨੇ ਕਿਹਾ ਸੀ, ‘‘ਮੇਰੇ ਵੱਲੋਂ ਆਪਣੇ ਆਪ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਕਾਰਨ ਮੈਨੂੰ ਨਤੀਜਾ ਭੁਗਤਣਾ ਪਿਆ ਹੈ, ਕਿਉਂਕਿ ਕੁਝ ਲੋਕ ਡਰ ਗਏ ਹੋਣਗੇ।’’ ਉਨ੍ਹਾਂ ਕਿਹਾ ਕਿ ਉਹ ਆਪਣੇ ਲਈ ਨਹੀਂ ਸਗੋਂ ਸਾਰੇ ਭਾਈਚਾਰਿਆਂ ‘ਛੱਤੀਸ ਬਰਾਦਰੀ’, ਕਮਜ਼ੋਰ ਵਰਗਾਂ, ਦਲਿਤਾਂ ਤੇ ਔਰਤਾਂ ਲਈ ਸੰਘਰਸ਼ ਕਰ ਕਰ ਰਹੀ ਹੈ।