ਹਰਿਆਣਾ: ਮੰਡੀਆਂ ’ਚ ਕਣਕ ਦੀ ਆਮਦ ਜ਼ੋਰਾਂ ’ਤੇ ਪਰ ਲਿਫਟਿੰਗ ਸੁਸਤ, ਆੜ੍ਹਤੀਆਂ ਨੇ ਹੜਤਾਲ ਦੀ ਧਮਕੀ ਦਿੱਤੀ
ਪ੍ਰਭੂ ਦਿਆਲ
ਸਿਰਸਾ, 19 ਅਪਰੈਲ
ਕਣਕ ਦੀ ਆਮਦ ਜਿਥੇ ਜ਼ੋਰਾਂ ’ਤੇ ਹੈ, ਉਥੇ ਹੀ ਲਿਫਟਿੰਗ ਦੇ ਮਾੜੇ ਪ੍ਰਬੰਧਾਂ ਕਾਰਨ ਮੰਡੀਆਂ ਬੋਰੀਆਂ ਨਾਲ ਭਰ ਗਈਆਂ ਹਨ। ਕਿਸਾਨ ਸੜਕਾਂ ’ਤੇ ਕਣਕ ਉਤਾਰਨ ਲਈ ਮਜਬੂਰ ਹਨ। ਆੜ੍ਹਤੀ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ 24 ਘੰਟਿਆਂ ਦੇ ਅੰਦਰ ਲਿਫਟਿੰਗ ਦਾ ਕੰਮ ਪੂਰਾ ਨਾ ਕੀਤਾ ਗਿਆ ਤਾਂ ਉਹ ਹੜਤਾਲ ਕਰਨ ਕਰਨਗੇ। ਆਸਮਾਨ ਹੇਠਾਂ ਲੱਖਾਂ ਟਨ ਪਈ ਕਣਕ ਮੀਂਹ ਨਾਲ ਭਿੱਜਣ ਦਾ ਖਦਸ਼ਾ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਲਾਲ ਮਹਿਤਾ ਨੇ ਦੱਸਿਆ ਹੈ ਕਿ ਕਣਕ ਦੀ ਆਮਦ ਜ਼ੋਰਾਂ ’ਤੇ ਹੈ ਪਰ ਲਿਫਟਿੰਗ ਕਰਨ ਵਾਲੇ ਠੇਕੇਦਾਰ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਨਹੀਂ ਕਰ ਰਹੇ, ਜਿਸ ਕਾਰਨ ਮੰਡੀਆਂ ’ਚ ਲੱਖਾਂ ਟਨ ਕਣਕ ਪਈ ਹੈ। ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ’ਚ ਠੇਕੇਦਾਰ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਸਮੱਸਿਆ ਨੂੰ ਲੈ ਕੇ ਅੱਜ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਹੋਈ। ਮੀਟਿੰਗ ’ਚ ਫੈਸਲਾ ਲਿਆ ਗਿਆ ਹੈ ਕਿ ਜੇ 24 ਘੰਟਿਆਂ ਦੇ ਅੰਦਰ ਲਿਫਟਿੰਗ ਦੇ ਕੰਮ ਨੂੰ ਦਰੁਸਤ ਨਹੀਂ ਕੀਤਾ ਜਾਂਦਾ ਤਾਂ ਆੜ੍ਹਤੀ ਹੜਤਾਲ ਕਰਨਗੇ। ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪ੍ਰੇਮ ਬਜਾਜ, ਸਕੱਤਰ ਦੀਪਕ ਮਿੱਤਲ, ਸਹਿ ਸਕੱਤਰ ਮਹਾਵੀਰ ਸ਼ਰਮਾ, ਸਾਬਕਾ ਪ੍ਰਧਾਨ ਹਰਦੀਪ ਸਰਕਾਰੀਆ, ਹਨੀ ਅਰੋੜਾ, ਕ੍ਰਿਸ਼ਨਾ ਗੋਇਲ, ਡੱਬੂ ਜੈਨ, ਸ਼ਿਆਮ ਲਾਲ ਗਰਗ, ਸੋਹਨ ਲਾਲ ਗਰਗ, ਰਾਜਨ ਬਾਵਾ, ਮਜ਼ਦੂਰ ਯੂਨੀਅਨ ਤੋਂ ਸੋਮਨਾਥ ਹਾਜ਼ਰ ਸਨ। ਉਧਰ ਹੈਫਡ ਦੇ ਡੀਐੱਮ ਮਾਂਗੇ ਰਾਮ ਨੇ ਦੱਸਿਆ ਹੈ ਕਿ ਲਿਫਟਿੰਗ ਲਈ ਟਰੱਕਾਂ ਦੀ ਕਮੀ ਨਹੀਂ ਹੈ। ਲੋੜ ਪਈ ਤਾਂ ਹੋਰ ਵੀ ਟਰੱਕ ਮਗਵਾਏ ਜਾਣਗੇ। ਠਸਮਾਨ ਹੇਠ ਪਈ ਕਣਕ ਨੂੰ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਕੰਮ ’ਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।