ਹਰਿਆਣਾ: ਹੜ੍ਹ ਕਾਰਨ ਨੁਕਸਾਨੀ ਫ਼ਸਲ ਦੇ ਮੁਆਵਜ਼ੇ ਦਾ ਐਲਾਨ
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਜੁਲਾਈ
ਹਰਿਆਣਾ ਸਰਕਾਰ ਨੇ ਸੂਬੇ ਵਿੱਚ ਹੜ੍ਹ ਕਾਰਨ ਨੁਕਸਾਨੀ ਫ਼ਸਲ ਲਈ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਇੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਕੁਝ ਥਾਵਾਂ ’ਤੇ 31 ਜੁਲਾਈ ਤੱਕ ਫਸਲ ਦੀ ਮੁੜ ਬਿਜਾਈ ਕੀਤੀ ਜਾ ਸਕਦੀ ਹੈ। ਇਸ ਲਈ ਜੁਲਾਈ ਮਹੀਨੇ ਤੋਂ ਬਾਅਦ ਫਸਲਾਂ ਦੇ ਖਰਾਬੇ ਦਾ ਸਰਵੇਖਣ ਕਰਵਾਇਆ ਜਾਵੇਗਾ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 18 ਹਜ਼ਾਰ ਏਕੜ ਦੇ ਕਰੀਬ ਫਸਲ ਨੁਕਸਾਨੀ ਗਈ, ਜਿਸ ’ਚ ਚਾਰਾ, ਸਬਜ਼ੀਆਂ, ਮੱਕੀ ਤੇ ਦਾਲਾਂ ਦੀ ਫਸਲ ਜ਼ਿਆਦਾ ਪ੍ਰਭਾਵਿਤ ਹੋਈ ਹੈ। ਖੱਟਰ ਨੇ ਕਿਹਾ ਕਿ ਸੂਬੇ ਵਿੱਚ ਇਸ ਵਰ੍ਹੇ ਅਨੁਮਾਨ ਨਾਲੋਂ ਵੱਧ ਮੀਂਹ ਪੈਣ ਕਾਰਨ 12 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਆਏ ਹਨ, ਜਨਿ੍ਹਾਂ ਵਿੱਚ ਅੰਬਾਲਾ, ਫਤਿਆਬਾਦ, ਫਰੀਦਾਬਾਦ, ਕੁਰੂਕਸ਼ੇਤਰ, ਕੈਥਲ, ਕਰਨਾਲ, ਪੰਚਕੂਲਾ, ਪਾਣੀਪਤ, ਪਲਵਲ, ਸੋਨੀਪਤ, ਸਿਰਸਾ ਤੇ ਯਮੂਨਾਨਗਰ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ 500 ਕਰੋੜ ਰੁਪਏ ਦੇ ਕਰੀਬ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਦੋਂ ਕਿ 35 ਜਣਿਆਂ ਦੀ ਮੌਤ ਹੋ ਚੁੱਕੀ ਹੈ। ਸ੍ਰੀ ਖੱਟਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਰਾਹਤ ਫੰਡ ਵਿੱਚੋਂ 4 ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਿ੍ਹਾਂ ਵਿਅਕਤੀਆਂ ਦੇ ਅੰਗ 40 ਤੋਂ 60 ਫ਼ੀਸਦੀ ਨੁਕਸਾਨੇ ਗਏ ਹਨ, ਨੂੰ 74 ਹਜ਼ਾਰ ਰੁਪਏ ਅਤੇ 60 ਫ਼ੀਸਦ ਤੋਂ ਵੱਧ ਵਾਲੇ ਵਿਅਕਤੀ ਨੂੰ 2.5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੁਧਾਰੂ ਪਸ਼ੂਆਂ ਦੇ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ’ਚ 1142 ਕਿਲੋਮੀਟਰ 996 ਸੜਕਾਂ ਪ੍ਰਭਾਵਿਤ ਹੋਈਆਂ, ਜਨਿ੍ਹਾਂ ਦੀ ਮੁਰੰਮਤ ਲਈ 230 ਕਰੋੜ ਖਰਚ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਤੇ ਹੜ੍ਹਾਂ ਕਰਕੇ ਸੂਬੇ ’ਚ 3369 ਖੰਭਿਆਂ ਤੇ 1477 ਟਰਾਂਸਫਾਰਮਰਾਂ ਦਾ ਨੁਕਸਾਨ ਹੋਇਆ ਹੈ, ਜਨਿ੍ਹਾਂ ਦੀ ਮੁਰੰਮਤ ਲਈ 22.08 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ 17 ਸਰਕਾਰੀ ਪਸ਼ੂ ਡਿਸਪੈਂਸਰੀਆਂ ਤੇ ਸਰਕਾਰੀ ਪਸ਼ੂ ਹਸਪਤਾਲਾਂ ਨੂੰ ਨੁਕਸਾਨ ਪਹੁੰਚਿਆ ਹੈ, ਜਨਿ੍ਹਾਂ ਦੀ 1 ਕਰੋੜ 24 ਲੱਖ ਰੁਪਏ ਨਾਲ ਮੁਰੰਮਤ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਤਕ ਪ੍ਰਾਪਤ ਸੂਚਨਾ ਅਨੁਸਾਰ ਸੂਬੇ ’ਚ 125 ਘਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ 615 ਘਰ ਦਾ ਥੋੜ੍ਹਾ ਨੁਕਸਾਨ ਹੋਇਆ ਹੈ।