ਹਰਿਆਣਾ: ਜਜਪਾ ਅਤੇ ਆਜ਼ਾਦ ਸਮਾਜ ਪਾਰਟੀ ਵਿਚਾਲੇ ਗੱਠਜੋੜ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 27 ਅਗਸਤ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਜਨਨਾਇਕ ਜਨਤਾ ਪਾਰਟੀ (ਜਜਪਾ) ਅਤੇ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਾਮ (ਏਐੱਸਪੀ-ਕੇ) ਗੱਠਜੋੜ ਦਾ ਐਲਾਨ ਕੀਤਾ ਹੈ ਅਤੇ ਇਨ੍ਹਾਂ ਚੋਣਾਂ ’ਚ ਦੁਸ਼ਿਅੰਤ ਚੌਟਾਲਾ ਦੀ ਪਾਰਟੀ 70 ਜਦਕਿ ਚੰਦਰਸ਼ੇਖਰ ਆਜ਼ਾਦ ਦੀ ਪਾਰਟੀ 20 ਸੀਟਾਂ ’ਤੇ ਚੋਣ ਲੜੇਗੀ।
ਚੌਟਾਲਾ ਨੇ ਭਾਜਪਾ ਨਾਲ ਗੱਠਜੋੜ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਆਜ਼ਾਦ ਨੇ ਵੀ ਭਾਜਪਾ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦਾ ਨੁਕਸਾਨ ਕਰਨ ਵਾਲੀ ਪਾਰਟੀ ਦੀ ਹਮਾਇਤ ਨਹੀਂ ਕਰਨਗੇ। ਦੁਸ਼ਿਅੰਤ ਚੌਟਾਲਾ ਨੇ ਕਿਹਾ, ‘ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ। ਅਸੀਂ ਭਾਜਪਾ ਨਾਲ ਦੁਬਾਰਾ ਕਦੇ ਗੱਠਜੋੜ ਨਹੀਂ ਕਰਾਂਗੇ। ਮੈਂ ਭਾਜਪਾ ਨਾਲ ਗੱਠਜੋੜ ਕਰਕੇ ਬਹੁਤ ਕੁਝ ਭੁਗਤਿਆ ਹੈ ਤੇ ਸਾਨੂੰ ਪਤਾ ਹੈ ਕਿ ਉਹ ਭਾਈਵਾਲਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹਨ। ਅਖੌਤੀ ਐੱਨਡੀਏ ਹੁਣ ਸਿਰਫ਼ ਬਿਹਾਰ ਤੇ ਆਂਧਰਾ ਪ੍ਰਦੇਸ਼ ਤੱਕ ਹੀ ਸੀਮਤ ਰਹਿ ਗਿਆ ਹੈ।’ ਉਨ੍ਹਾਂ ਨਾਲ ਹੀ ਕਿਹਾ ਕਿ ਅੱਜ ਕੀਤਾ ਗਿਆ ਗੱਠਜੋੜ ਕਿਸਾਨੀ ਹਿੱਤਾਂ ਤੇ ਮਜ਼ਬੂਤ ਐੱਮਐੱਸਪੀ ਨੂੰ ਸੁਰੱਖਿਅਤ ਕਰਨ ਲਈ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਸੰਭਾਵਨਾ ਹੈ ਕਿ ਜਜਪਾ ਤੇ ਆਜ਼ਾਦ ਪਾਰਟੀ ਨੂੰ ਇੰਨੀਆਂ ਸੀਟਾਂ ਮਿਲਣਗੀਆਂ ਕਿ ਉਹ ਸਰਕਾਰ ਬਣਾ ਸਕਣ। ਇਸ ਨਾਲ ਹੋਰ ਛੋਟੀਆਂ ਪਾਰਟੀਆਂ ਨੂੰ ਕਾਂਗਰਸ ਤੇ ਭਾਜਪਾ ਦੋਵਾਂ ਖ਼ਿਲਾਫ਼ ਡਟਣ ਦਾ ਹੌਸਲਾ ਮਿਲੇਗਾ। ਦੋਵਾਂ ਆਗੂਆਂ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਿੰਗ ਮੇਕਰ ਦੀ ਭੂਮਿਕਾ ਵੀ ਨਿਭਾਅ ਸਕਦੇ ਹਨ। ਦੋਵਾਂ ਆਗੂਆਂ ਨੇ ਹੋਰ ਹਮਖਿਆਲੀ ਪਾਰਟੀਆਂ ਨੂੰ ਵੀ ਹੱਥ ਮਿਲਾਉਣ ਦਾ ਸੱਦਾ ਦਿੱਤਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਜਪਾ ਤੇ ਆਜ਼ਾਦ ਪਾਰਟੀ ਵਿਚਾਲੇ ਗੱਠਜੋੜ ਕਾਂਗਰਸ ਦੇ ਵੋਟ ਬੈਂਕ ’ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰੇਗਾ ਜੋ ਮੌਜੂਦਾ ਸਮੇਂ ਜਾਟਾਂ ਤੇ ਦਲਿਤਾਂ ਵਿਚਾਲੇ ਮਜ਼ਬੂਤ ਹਾਜ਼ਰੀ ਦਰਜ ਕਰਵਾ ਰਹੀ ਹੈ। ਹਾਲਾਂਕਿ ਇਸ ਸੂਬੇ ’ਚ ਜਜਪਾ ਲਈ ਹੋਂਦ ਦੀ ਲੜਾਈ ਵੀ ਹੋ ਸਕਦੀ ਹੈ ਕਿਉਂਕਿ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਉਸ ਨੂੰ ਸਿਰਫ਼ ਇੱਕ ਫੀਸਦ ਵੋਟਾਂ ਮਿਲੀਆਂ ਸਨ ਅਤੇ ਇਸ ਤੋਂ ਇਲਾਵਾ ਇਨੈਲੋ ਨੇ ਵੀ ਹਰਿਆਣਾ ਚੋਣਾਂ ਲਈ ਬਸਪਾ ਨਾਲ ਗੱਠਜੋੜ ਕੀਤਾ ਹੋਇਆ ਹੈ। ਹਰਿਆਣਾ ਵਿੱਚ 1 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣਗੀਆਂ ਤੇ ਨਤੀਜੇ 4 ਅਕਤੂਬਰ ਨੂੰ ਆਉਣਗੇ।