For the best experience, open
https://m.punjabitribuneonline.com
on your mobile browser.
Advertisement

ਹਰਿਆਣਾ: ਕਾਂਗਰਸ ਨਾਲ ਗੱਠਜੋੜ ਨਾ ਹੋਣ ਮਗਰੋਂ ‘ਆਪ’ ਨੇ ਐਲਾਨੇ 20 ਉਮੀਦਵਾਰ

07:19 AM Sep 10, 2024 IST
ਹਰਿਆਣਾ  ਕਾਂਗਰਸ ਨਾਲ ਗੱਠਜੋੜ ਨਾ ਹੋਣ ਮਗਰੋਂ ‘ਆਪ’ ਨੇ ਐਲਾਨੇ 20 ਉਮੀਦਵਾਰ
ਸੁਸ਼ੀਲ ਗੁਪਤਾ, ਮਨੀਸ਼ ਸਿਸੋਦੀਆ
Advertisement

* ਸੂਬੇ ਦੀਆਂ ਸਾਰੀਆਂ 90 ਸੀਟਾਂ ’ਤੇ ਚੋਣ ਲੜਾਂਗੇ: ਸੁਸ਼ੀਲ ਗੁਪਤਾ

ਆਤਿਸ਼ ਗੁਪਤਾ/ਮਨਧੀਰ ਸਿੰਘ ਦਿਓਲ
ਚੰਡੀਗੜ੍ਹ/ਨਵੀਂ ਦਿੱਲੀ, 9 ਸਤੰਬਰ
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਆਪ ਅਤੇ ਕਾਂਗਰਸ ਵਿਚਕਾਰ ਗੱਠਜੋੜ ਲਈ ਚੱਲ ਰਹੀ ਗੱਲਬਾਤ ਸਿਰੇ ਨਹੀਂ ਚੜ੍ਹੀ। ਹੁਣ ‘ਆਪ’ ਅਤੇ ਕਾਂਗਰਸ ਵੱਲੋਂ ਵੱਖੋ-ਵੱਖਰੇ ਤੌਰ ’ਤੇ ਚੋਣਾਂ ਲੜੀਆਂ ਜਾਣਗੀਆਂ। ਇਸ ਗੱਲ ਦੀ ਪੁਸ਼ਟੀ ‘ਆਪ’ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਹਰ ਆਗੂ ਸੂਬੇ ਵਿੱਚ ਮਜ਼ਬੂਤੀ ਨਾਲ ਚੋਣ ਲੜੇਗਾ ਅਤੇ ਭਾਜਪਾ ਨੂੰ ਹਰਾਏਗਾ। ਉਨ੍ਹਾਂ ਕਿਹਾ ਕਿ ‘ਆਪ’ ਦਾ ਮੁੱਖ ਮਕਸਦ ਭਾਜਪਾ ਨੂੰ ਹਰਾਉਣਾ ਹੈ।
ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ‘ਆਪ’ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਅਤੇ ਪਾਰਟੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕ ਵੱਲੋਂ ਜਾਰੀ ਕੀਤੀ ਗਈ ਹੈ। ਇਸ ਵਿੱਚ ਵਿਧਾਨ ਸਭਾ ਹਲਕਾ ਕਲਾਇਤ ਤੋਂ ਅਨੁਰਾਗ ਢਾਂਡਾ, ਮਹਿਮ ਤੋਂ ਵਿਕਾਸ ਨਹਿਰਾ ਅਤੇ ਰੋਹਤਕ ਤੋਂ ਬਿਜੇਂਦਰ ਹੁੱਡਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਨਰਾਇਣਗੜ੍ਹ ਤੋਂ ਗੁਰਪਾਲ ਸਿੰਘ, ਪੁੰਡਰੀ ਤੋਂ ਨਰਿੰਦਰ ਸ਼ਰਮਾ, ਘਰੌਂਦਾ ਤੋਂ ਜੈਪਾਲ ਸ਼ਰਮਾ, ਅਸੰਧ ਤੋਂ ਅਮਨਦੀਪ ਜੁੰਡਲਾ, ਸਮਾਲਖਾ ਤੋਂ ਬਿੱਟੂ ਪਹਿਲਵਾਨ, ਉਚਾਨਾ ਕਲਾਂ ਤੋਂ ਪਵਨ ਫੌਜੀ, ਡੱਬਵਾਲੀ ਤੋਂ ਕੁਲਦੀਪ ਗਦਰਾਨਾ, ਰਣੀਆ ਤੋਂ ਹੈਪੀ ਰਣੀਆ, ਭਿਵਾਨੀ ਤੋਂ ਇੰਦੂ ਸ਼ਰਮਾ, ਮਹਿਮ ਤੋਂ ਵਿਕਾਸ ਨਹਿਰਾ, ਰੋਹਤਕ ਤੋਂ ਬਜਿੰਦਰ ਹੁੱਡਾ, ਬਹਾਦਰਗੜ੍ਹ ਤੋਂ ਕੁਲਦੀਪ ਚਿਕਾਰਾ, ਬਾਦਲੀ ਤੋਂ ਰਣਬੀਰ ਗੁਲੀਆ, ਬੇਰੀ ਤੋਂ ਸੋਨੂ ਅਹਿਲਾਵਤ ਸ਼ੀਰਿਆ, ਮਹਿੰਦਰਗੜ੍ਹ ਤੋਂ ਮਨੀਸ਼ ਯਾਦਵ, ਨਾਰਨੌਲ ਤੋਂ ਰਵਿੰਦਰ, ਬਾਦਸ਼ਾਹਪੁਰ ਤੋਂ ਬੀਰ ਸਿੰਘ ਸਰਪੰਚ ਅਤੇ ਬੱਲਭਗੜ੍ਹ ਤੋਂ ਰਵਿੰਦਰ ਫੌਜਦਾਰ ਨੂੰ ਟਿਕਟ ਦਿੱਤੀ ਗਈ ਹੈ।
‘ਆਪ’ ਹਰਿਆਣਾ ਦੇ ਪ੍ਰਧਾਨ ਡਾ. ਸੁਸ਼ੀਲ ਗੁਪਤਾ ਨੇ ਸਾਰੀਆਂ 90 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਭਾਜਪਾ ਦੀਆਂ ਜੜਾਂ ਉਖਾੜਨ ਲਈ ਪਾਰਟੀ ਪੂਰੇ ਜ਼ੋਰ-ਸ਼ੋਰ ਨਾਲ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਛੇਤੀ ਹੀ ਦੂਜੀ ਸੂਚੀ ਵੀ ਜਾਰੀ ਕੀਤੀ ਜਾਵੇਗੀ। ‘ਆਪ’ ਵੱਲੋਂ ਦਿੱਲੀ ਅਤੇ ਪੰਜਾਬ ਵਿੱਚ ਕੀਤੇ ਗਏ ਕੰਮਾਂ ਨੂੰ ਆਧਾਰ ਬਣਾ ਕੇ ਹਰਿਆਣਾ ਦੇ ਲੋਕਾਂ ’ਚ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ‘ਆਪ’ ਲੋਕਾਂ ਲਈ ਸਭ ਤੋਂ ਮਜ਼ਬੂਤ ਬਦਲ ਸਾਬਤ ਹੋਵੇਗਾ ਅਤੇ ਭਾਜਪਾ ਦਾ ਸਫਾਇਆ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ‘ਆਪ’ ਅਤੇ ਕਾਂਗਰਸ ਵਿਚਕਾਰ ਪਿਛਲੇ ਇਕ ਹਫ਼ਤੇ ਤੋਂ ਗੱਠਜੋੜ ਲਈ ਗੱਲਬਾਤ ਚੱਲ ਰਹੀ ਸੀ। ‘ਆਪ’ ਨੇ ਹਰਿਆਣਾ ਲਈ 10 ਸੀਟਾਂ ਮੰਗੀਆਂ ਸਨ ਪਰ ਕਾਂਗਰਸ ਸਿਰਫ਼ 5 ਸੀਟਾਂ ਦੀ ਹੀ ਪੇਸ਼ਕਸ਼ ਕਰ ਰਹੀ ਸੀ। ਸੂਤਰਾਂ ਮੁਤਾਬਕ ਬੀਤੇ ਦਿਨੀਂ ਦੋਵਾਂ ਵਿਚਕਾਰ ਪੰਜ ਸੀਟਾਂ ’ਤੇ ਵੀ ਸਹਿਮਤੀ ਬਣ ਗਈ ਸੀ ਪਰ ਹਲਕਿਆਂ ਨੂੰ ਲੈ ਕੇ ਦੋਵਾਂ ਵਿਚਕਾਰ ਮੁੜ ਤੋਂ ਰੇੜਕਾ ਖੜ੍ਹਾ ਹੋ ਗਿਆ। ਉਂਜ ਕਾਂਗਰਸ ਪਾਰਟੀ ਵੱਲੋਂ 41 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ‘ਆਪ’ ਵੱਲੋਂ ਜਿਨ੍ਹਾਂ 20 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਇਕ ਦਰਜਨ ਦੇ ਕਰੀਬ ਸੀਟਾਂ ’ਤੇ ਕਾਂਗਰਸ ਆਪਣੇ ਉਮੀਦਵਾਰ ਉਤਾਰ ਚੁੱਕੀ ਹੈ।

Advertisement

ਨਾਮਜ਼ਦਗੀਆਂ ਦਾਖ਼ਲ ਕਰਨ ਲਈ ਤਿੰਨ ਦਿਨ ਬਾਕੀ

ਚੰਡੀਗੜ੍ਹ (ਆਤਿਸ਼ ਗੁਪਤਾ):

ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਵਾਲੀ ਤਾਰੀਖ ਨੇੜੇ ਆਉਣ ਦੇ ਨਾਲ-ਨਾਲ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਧਰ, ਹਾਲੇ ਤੱਕ ਹਰਿਆਣਾ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਕੁੱਲ 90 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਨਹੀਂ ਕਰ ਸਕੀਆਂ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਤਾਰੀਖ਼ 12 ਸਤੰਬਰ ਹੈ। ਇਸ ਲਈ ਅਜੇ ਤਿੰਨ ਦਿਨ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਹਾਲੇ ਤੱਕ ਭਾਜਪਾ, ਕਾਂਗਰਸ ‘ਆਪ’, ਇਨੈਲੋ, ਜੇਜੇਪੀ ਸਾਰੀਆਂ ਸੀਟਾਂ ’ਤੇ ਉਮੀਦਵਾਰ ਨਹੀਂ ਉਤਾਰ ਸਕੀਆਂ। ਸਾਰੀਆਂ ਸਿਆਸੀ ਪਾਰਟੀਆਂ ਇਕ-ਦੂਜੇ ਵੱਲ ਝਾਕ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਹਰਿਆਣਾ ਵਿੱਚ ਸੱਤਾਧਾਰੀ ਧਿਰ ਭਾਜਪਾ ਨੇ 67, ਕਾਂਗਰਸ ਨੇ 41 ਅਤੇ ਆਮ ਆਦਮੀ ਪਾਰਟੀ ਨੇ 20 ਉਮੀਦਵਾਰਾਂ ਦਾ ਹੀ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਨੈਲੋ ਤੇ ਬਸਪਾ ਗੱਠਜੋੜ ਵੀ 20 ਕੁ ਉਮੀਦਵਾਰਾਂ ਦਾ ਹੀ ਐਲਾਨ ਕਰ ਸਕਿਆ ਹੈ। ਇਸੇ ਤਰ੍ਹਾਂ ਜਨ ਨਾਇਕ ਜਨਤਾ ਪਾਰਟੀ (ਜੇਜੇਪੀ) ਵੀ ਕੁਝ ਕੁ ਉਮੀਦਵਾਰਾਂ ਦੀ ਹੀ ਚੋਣ ਕਰ ਸਕੀ ਹੈ। ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸੋਚੀਂ ਪਈਆਂ ਹੋਈਆਂ ਹਨ। ਭਾਜਪਾ ਵੱਲੋਂ 67 ਉਮੀਦਵਾਰਾਂ ਦੀ ਪਹਿਲੀ ਸੂਚੀ ਦੇ ਐਲਾਨ ਦੇ ਨਾਲ ਹੀ ਪਾਰਟੀ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਕਈ ਆਗੂਆਂ ਨੇ ਸੂਬੇ ਵਿੱਚ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ। ਇਸੇ ਕਰਕੇ ਭਾਜਪਾ ਬਾਕੀ 23 ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਵਾਰ-ਵਾਰ ਮੰਥਨ ਕਰ ਰਹੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵਿੱਚ ਅੰਦਰੂਨੀ ਧੜੇਬੰਦੀ ਹੋਣ ਕਰਕੇ ਉਮੀਦਵਾਰਾਂ ਦੀ ਚੋਣ ਨਹੀਂ ਹੋ ਪਾ ਰਹੀ ਹੈ।

Advertisement
Tags :
Author Image

joginder kumar

View all posts

Advertisement