ਹਰਿਆਣਾ: ਕਾਂਗਰਸ ਦੀਆਂ ਵੋਟਾਂ ਵਿੱਚ ‘ਆਪ’ ਨੇ ਲਾਈ ਸੰਨ੍ਹ
ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 48 ਸੀਟਾਂ ’ਤੇ ਜਿੱਤ ਹਾਸਲ ਕੀਤੀ, ਜਦੋਂਕਿ ਕਾਂਗਰਸ 37 ਸੀਟਾਂ ਅਤੇ ਇਨੈਲੋ 2 ਸੀਟਾਂ ’ਤੇ ਹੀ ਰਹਿ ਗਈ। ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਤੇ ਜੇਜੇਪੀ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੇ।
ਇਨ੍ਹਾਂ ਚੋਣਾਂ ਵਿੱਚ ਕਾਂਗਰਸ ਤੇ ਭਾਜਪਾ ਦੇ ਜੇਤੂ ਉਮੀਦਵਾਰਾਂ ਵਿੱਚ ਤਾਂ 11 ਦਾ ਫਰਕ ਹੈ, ਦੋਵਾਂ ਪਾਰਟੀਆਂ ਵਿੱਚ ਫੋਟ ਫ਼ੀਸਦ ਦਾ ਅੰਤਰ ਇਕ ਫ਼ੀਸਦ ਤੋਂ ਵੀ ਘੱਟ ਹੈ। ਹਰਿਆਣਾ ਵਿੱਚ ਭਾਜਪਾ ਨੂੰ 39.94 ਅਤੇ ਕਾਂਗਰਸ ਨੂੰ 39.09 ਫ਼ੀਸਦ ਵੋਟਾਂ ਪਈਆਂ ਹਨ। ਜਦੋਂ ਕਿ ‘ਆਪ’ ਨੂੰ 1.79 ਫ਼ੀਸਦ ਵੋਟਾਂ ਪਈਆਂ। ਇਸ ਤਰ੍ਹਾਂ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀਆਂ ਵੋਟਾਂ ਵਿੱਚ ‘ਆਪ’ ਨੇ ਖੋਰਾ ਲਾਉਣ ਦਾ ਕੰਮ ਕੀਤਾ ਹੈ। ਹਰਿਆਣਾ ਦੇ ਤਿੰਨ-ਚਾਰ ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਉਮੀਦਵਾਰ ਨੇ ਜਿੰਨੀ ਵੋਟਾਂ ਤੋਂ ਜਿੱਤ ਹਾਸਲ ਕੀਤੀ ਹੈ, ਉਨੀਆਂ ਵੋਟਾਂ ‘ਆਪ’ ਉਮੀਦਵਾਰ ਨੂੰ ਪਈਆਂ ਹਨ। ਜੇ ਇਹ ਦੋਵੇਂ ਪਾਰਟੀਆਂ ਦਾ ਗੱਠਜੋੜ ਹੋ ਜਾਂਦਾ ਤਾਂ ਹਰਿਆਣਾ ਦੇ ਚੋਣ ਨਤੀਜੇ ਕੁਝ ਹੋਰ ਹੋਣੇ ਸਨ। ਵਿਧਾਨ ਸਭਾ ਹਲਕਾ ਪੁਡਰੀ ਵਿੱਚ ਭਾਜਪਾ ਉਮੀਦਵਾਰ ਨੇ 2197 ਵੋਟਾਂ ਤੋਂ ਜਿੱਤ ਹਾਸਲ ਕੀਤੀ ਹੈ, ਜਦੋਂਕਿ ਉੱਥੇ ‘ਆਪ’ ਦੇ ਉਮੀਦਵਾਰ ਨੂੰ 2571 ਵੋਟਾਂ ਪਈਆਂ। ਮਹਿੰਦਰਗੜ੍ਹ ਵਿੱਚ ਭਾਜਪਾ ਉਮੀਦਵਾਰ ਨੇ 2648 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ, ਉੱਥੋਂ ‘ਆਪ’ ਨੂੰ 1740 ਵੋਟਾਂ ਪਈਆਂ।
ਦਾਦਰੀ ਤੋਂ ਭਾਜਪਾ ਉਮੀਦਵਾਰ ਨੇ 1957 ਵੋਟਾਂ ਤੋਂ ਜਿੱਤ ਹਾਸਲ ਕੀਤੀ ਤੇ ‘ਆਪ’ ਉਮੀਦਵਾਰ ਨੂੰ 1339 ਵੋਟਾਂ ਪਈਆਂ। ਅਸੰਧ ਵਿੱਚ ਭਾਜਪਾ 2304 ਵੋਟਾਂ ਨਾਲ ਜੇਤੂ ਰਹੀ ਅਤੇ ‘ਆਪ’ ਨੂੰ 4290 ਵੋਟਾਂ ਪਈਆਂ। ਵਿਧਾਨ ਸਭਾ ਹਲਕਾ ਨਾਰਨੌਲ ਵਿੱਚ ਵੀ ‘ਆਪ’ ਉਮੀਦਵਾਰ ਨੇ 6 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਕਾਂਗਰਸ ਦਾ ਨੁਕਸਾਨ ਕੀਤਾ। ਇਸੇ ਤਰ੍ਹਾਂ ਹੋਰਨਾਂ ਕਈ ਵਿਧਾਨ ਸਭਾ ਹਲਕਿਆਂ ਵਿੱਚ ‘ਆਪ’ ਨੇ ਕਾਂਗਰਸ ਦਾ ਭਾਰੀ ਨੁਕਸਾਨ ਕੀਤਾ ਹੈ।
ਲੋਕ ਸਭਾ ਚੋਣਾਂ ਵਿੱਚ ‘ਇੰਡੀਆ’ ਗੱਠਜੋੜ ਦੇ ਬੈਨਰ ਹੇਠ ਕਾਂਗਰਸ, ‘ਆਪ’ ਸਣੇ ਦੇਸ਼ ਦੀਆਂ ਦੋ ਦਰਜਨ ਦੇ ਕਰੀਬ ਸਿਆਸੀ ਪਾਰਟੀਆਂ ਨੇ ਭਾਜਪਾ ਨੂੰ ਘੇਰਨ ਲਈ ਇਕੱਠੇ ਚੋਣ ਲੜੀ ਸੀ। ਇਸੇ ਤਰ੍ਹਾਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਤੇ ‘ਆਪ’ ਵੱਲੋਂ ਰਲ ਕੇ ਚੋਣ ਲੜਨ ਦੀਆਂ ਚਰਚਾਵਾਂ ਚੱਲੀਆਂ ਸਨ, ਪਰ ਉਸ ਦੌਰਾਨ ਦੋਵਾਂ ਪਾਰਟੀਆਂ ਵਿੱਚ ਸੀਟਾਂ ਦੀ ਸਹਿਮਤੀ ਨਾ ਬਣ ਸਕੀ। ਕਈ ਆਗੂ ਗੱਠਜੋੜ ਲਈ ਸਹਿਮਤ ਸਨ, ਕਈਆਂ ਨੇਇਸ ਸਬੰਧੀ ਇਤਰਾਜ਼ ਪ੍ਰ੍ਗਟਾਇਆ ਸੀ। ਇਸ ਬਾਰੇ ‘ਆਪ’ ਆਗੂ ਡਾ. ਸੁਸ਼ੀਲ ਗੁਪਤਾ ਵੀ ਕਹਿ ਚੁੱਕੇ ਸਨ, ਕਿ ਜੇ ਹਰਿਆਣਾ ਵਿੱਚ ਕਾਂਗਰਸ ਤੇ ‘ਆਪ’ ਇਕੱਠੇ ਚੋਣ ਲੜਦੀ ਤਾਂ ਭਾਜਪਾ ਕਦੇ ਵੀ ਸਰਕਾਰ ਨਹੀਂ ਬਣਾ ਸਕਦੀ ਸੀ।