ਰੋਡਮਾਜਰਾ ਵਾਸੀਆਂ ਨੇ ਸਰਬਸੰਮਤੀ ਨਾਲ ਪੰਚਾਇਤ ਚੁਣੀ
ਰੋਡਮਾਜਰਾ ਵਾਸੀਆਂ ਨੇ ਸਰਬਸੰਮਤੀ ਨਾਲ ਪੰਚਾਇਤ ਚੁਣੀ
ਜਗਮੋਹਨ ਸਿੰਘ/ਮਿਹਰ ਸਿੰਘ
ਰੂਪਨਗਰ/ਕੁਰਾਲੀ, 29 ਸਤੰਬਰ
ਨੇੜਲੇ ਪਿੰਡ ਰੋਡਮਾਜਰਾ ਦੇ ਵਸਨੀਕਾਂ ਨੇ ਲਗਾਤਾਰ ਸੱਤਵੀਂ ਵਾਰ ਸਰਬਸੰਮਤੀ ਨਾਲ ਪਿੰਡ ਦੀ ਸਮੁੱਚੀ ਪੰਚਾਇਤ ਦੀ ਚੋਣ ਕਰਦਿਆਂ ਮਨਜੀਤ ਕੌਰ ਬਾਜਵਾ ਨੂੰ ਪਿੰਡ ਦੀ ਸਰਪੰਚ ਚੁਣਿਆ ਹੈ। ਲਗਾਤਾਰ ਤਿੰਨ ਦਹਾਕਿਆਂ ਤੋਂ ਸਰਬਸੰਮਤੀ ਕਰਦੇ ਆ ਰਹੇ ਪਿੰਡ ਰੋਡ ਮਾਜਰਾ ਦੇ ਵਸਨੀਕਾਂ ਦਾ ਇਕੱਠ ਹੋਇਆ ਜਿਸ ਵਿੱਚ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਮੇਜਰ ਸਿੰਘ, ਮਨਮੋਹਨ ਸਿੰਘ, ਗੁਰਦੀਪ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ ਅਤੇ ਸਵਰਨ ਸਿੰਘ ਆਦਿ ਪਤਵੰਤਿਆਂ ਤੋਂ ਇਲਾਵਾ ਹੋਰਨਾਂ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਹੋਈ ਵਿਚਾਰ-ਚਰਚਾ ਤੋਂ ਪਿੰਡ ਵਾਸੀਆਂ ਨੇ ਇੱਕ ਵਾਰ ਫਿਰ ਸਰਬਸੰਮਤੀ ਨਾਲ ਪੰਚਾਇਤ ਚੁਣਨ ਦਾ ਫ਼ੈਸਲਾ ਕੀਤਾ।
ਇਸ ਦੌਰਾਨ ਮਨਜੀਤ ਕੌਰ ਬਾਜਵਾ ਨੂੰ ਪਿੰਡ ਦੀ ਨਵੀਂ ਸਰਪੰਚ ਚੁਣਿਆ ਗਿਆ ਜਦਕਿ ਸੁਰਿੰਦਰ ਸਿੰਘ, ਦਲਸ਼ੇਰ ਸਿੰਘ,ਕੁਲਜੀਤ ਸਿੰਘ,ਸਰਬਜੀਤ ਸਿੰਘ ਅਤੇ ਜਸਪ੍ਰੀਤ ਕੌਰ ਨੂੰ ਸਭਨਾਂ ਨੂੰ ਸਰਬਸੰਮਤੀ ਨਾਲ ਪੰਚਾਇਤ ਮੈਂਬਰ (ਪੰਚ) ਚੁਣ ਲਿਆ ਗਿਆ। ਇਸੇ ਦੌਰਾਨ ਨਵੀਂ ਚੁਣੀ ਸਰਪੰਚ ਮਨਜੀਤ ਕੌਰ ਤੇ ਪੰਚਾਂ ਨੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ। ‘ਆਪ’ ਆਗੂ ਤੇ ਸਮਾਜ ਸੇਵੀ ਰਾਣਾ ਕੁਸ਼ਲਪਾਲ ਨੇ ਪੰਚਾਇਤੀ ਚੋਣਾਂ ਦੌਰਾਨ ਪਿੰਡ ਦੇ ਵਸਨੀਕਾਂ ਨੂੰ ਸਰਬਸੰਮਤੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਵੋਟਾਂ ਦੀ ਥਾਂ ਸਰਬਸੰਮਤੀ ਨਾਲ ਸਾਫ਼ ਸੁਥਰੇ ਅਕਸ ਵਾਲਿਆਂ ਨੂੰ ਸਰਪੰਚ ਤੇ ਪੰਚ ਚੁਣਿਆ ਜਾਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਬਸੰਮਤੀ ਅਤੇ ਸਾਫ਼ ਸੁਥਰੇ ਅਕਸ ਵਾਲੇ ਸਰਪੰਚ ਤੇ ਪੰਚ ਹੀ ਪਿੰਡਾਂ ਤੇ ਪੰਜਾਬ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਪੈਸਾ ਬਚਦਾ ਹੈ ਉਥੇ ਹੀ ਪਿੰਡਾਂ ’ਚ ਧੜੇਬਾਜ਼ੀ ਤੋਂ ਵੀ ਬਚਾਅ ਹੁੰਦਾ ਹੈ।
ਹਰਵਿੰਦਰ ਸਿੰਘ ਸਰਬਸੰਮਤੀ ਨਾਲ ਬਣੇ ਬਡਲਾ ਦੇ ਸਰਪੰਚ
ਖਮਾਣੋਂ (ਜਗਜੀਤ ਕੁਮਾਰ): ਨਜ਼ਦੀਕੀ ਪਿੰਡ ਬਡਲਾ ਵਿੱਚ ਪੰਚਾਇਤ ਦੇ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿਚ ਹਰਵਿੰਦਰ ਸਿੰਘ ਨੂੰ ਸਰਪੰਚ ਚੁਣਿਆ ਗਿਆ। ਨਵੇਂ ਚੁਣੇ ਪੰਚਾਂ ਵਿੱਚ ਧਰਮ ਸਿੰਘ, ਜਸਵਿੰਦਰ ਸਿੰਘ, ਜਸਵਿੰਦਰ ਸਿੰਘ, ਕਰਨਵੀਰ ਸਿੰਘ, ਪਰਦੀਪ ਕੌਰ, ਪਰਦੀਪ ਕੌਰ, ਸੰਦੀਪ ਕੌਰ ਦੇ ਨਾਂ ਸ਼ਾਮਲ ਹਨ। ਸਰਪੰਚ ਹਰਵਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਆਪਣੀ ਇਸ ਜਿੰਮੇਵਾਰੀ ਨੂੰ ਨਿਭਾਉਣਗੇ ਅਤੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਪਣਾ ਬਣਦਾ ਯੋਗਦਾਨ ਪਾਉਣਗੇ। ਇਸ ਦੌਰਾਨ ਨਵੀਂ ਚੁਣੀ ਗਈ ਪੰਚਾਇਤ ਨੂੰ ਸਨਮਾਨਿਤ ਵੀ ਕੀਤਾ ਗਿਆ।
ਪਿੰਡ ਟਾਂਡਾ ਵਿੱਚ ਸਰਬਸੰਮਤੀ ਹੋਈ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਵਾਂ ਗਰਾਉਂ ਨੇੜੇ ਪਹਾੜੀ ਖੇਤਰ ਵਿੱਚ ਵੱਸਦੇ ਪਿੰਡ ਟਾਂਡਾ ਵਿੱਚ ਪਿੰਡ ਵਾਸੀਆਂ ਦਾ ਇਕੱਠ ਹੋਇਆ। ਇਸ ਵਿੱਚ ਸਰਬਸੰਮਤੀ ਨਾਲ ਚੁਣੀ ਪੰਚਾਇਤ ਵਿੱਚ ਗਿਆਨੀ ਸਤਨਾਮ ਸਿੰਘ ਨੂੰ ਸਰਪੰਚ ਚੁਣਿਆ ਗਿਆ, ਜਦ ਕਿ ਵੱਖ-ਵੱਖ ਪੰਜ ਵਾਰਡਾਂ ਤੋਂ ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਜਸਵੀਰ ਸਿੰਘ ਤੇ ਪਰਮਜੀਤ ਸਿੰਘ ਪੰਚ ਚੁਣੇ ਗਏ ਹਨ। ਪਿੰਡ ਦੇ ਮੋਹਤਬਰਾਂ ਨੇ ਨਵੀਂ ਚੁਣੀ ਪੰਚਾਇਤ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਖੈਰਪੁਰ ਵਿੱਚ ਸਰਬਸੰਮਤੀ ਨਾਲ ਚੁਣੀ ਪੰਚਾਇਤ
ਮੋਰਿੰਡਾ (ਸੰਜੀਵ ਤੇਜਪਾਲ): ਨਜ਼ਦੀਕੀ ਪਿੰਡ ਖੈਰਪੁਰ ਦੇ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹਾਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੇ ਇਕੱਠ ਦੌਰਾਨ ਸਰਬਸੰਮਤੀ ਨਾਲ ਕਮਲਜੀਤ ਕੌਰ ਪਤਨੀ ਹਰਜਿੰਦਰ ਸਿੰਘ ਨੂੰ ਸਰਪੰਚ ਚੁਣਿਆ ਗਿਆ। ਵਾਰਡ ਨੰਬਰ 1 ਤੋਂ ਹਰਕੇਸ਼ ਸਿੰਘ , ਵਾਰਡ ਨੰਬਰ 2 ਤੋਂ ਜਗਤਾਰ ਸਿੰਘ, ਵਾਰਡ ਨੰਬਰ 3 ਤੋਂ ਸੱਜਣ ਸਿੰਘ, ਵਾਰਡ ਨੰਬਰ 4 ਤੋਂ ਮਨਜੀਤ ਕੌਰ ਅਤੇ ਵਾਰਡ ਨੰਬਰ 5 ਤੋਂ ਅਮਰਜੀਤ ਕੌਰ ਪਤਨੀ ਲਖਵੀਰ ਸਿੰਘ ਪੰਚ ਚੁਣੇ ਗਏ।