ਫਲਾਂ ਦੀ ਤੁੜਾਈ ਅਤੇ ਸਾਂਭ-ਸੰਭਾਲ
ਹਰਜੋਤ ਸਿੰਘ ਸੋਹੀ/ਗੁਰਤੇਜ ਸਿੰਘ ਉੱਪਲ*
ਫਲਾਂ ਦੀ ਤਾਜ਼ਗੀ ਅਤੇ ਸੁਆਦ ਨੂੰ ਬਣਾਈ ਰੱਖਣ ਲਈ ਉਨ੍ਹਾਂ ਦੀ ਕਟਾਈ ਅਤੇ ਸੰਭਾਲ ਕਰਨਾ ਮਹੱਤਵਪੂਰਨ ਹੈ। ਫਲਾਂ ਦੀ ਤੁੜਾਈ ਅਨੁਕੂਲ ਸਵਾਦ ਅਤੇ ਪੋਸ਼ਣ ਨਾਲ ਭਰਪੂਰ ਹੋਣ ਉਪਰੰਤ ਹੀ ਕਰੋ। ਬਹੁਤ ਅਗੇਤੇ ਜਾਂ ਬਹੁਤ ਪਿਛੇਤੇ ਤੋੜੇ ਫਲ ਗੋਦਾਮ ਵਿੱਚ ਖ਼ਰਾਬ ਹੋ ਸਕਦੇ ਹਨ। ਫਲਾਂ ਨੂੰ ਮੀਂਹ ਤੋਂ ਤੁਰੰਤ ਬਾਅਦ ਜਾਂ ਸਵੇਰ ਵੇਲੇ, ਜਦੋਂ ਉਨ੍ਹਾਂ ’ਤੇ ਤਰੇਲ ਪਈ ਹੋਵੇ, ਤੋੜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਫਲਾਂ ਨੂੰ ਸੱਟਾਂ ਤੋਂ ਬਚਾਉਣ ਲਈ ਫਲ ਤੋੜਨ ਸਮੇਂ ਫਲ ਦੇ ਨਾਲ ਲੱਗੀ ਡੰਡੀ ਨੂੰ ਸਹੀ ਤਰੀਕੇ ਨਾਲ ਕੱਟੋ ਅਤੇ ਫਲ ਨੂੰ ਤੋੜਨ ਤੋਂ ਬਾਅਦ ਚੰਗੀ ਤਰ੍ਹਾਂ ਸਫ਼ਾਈ ਅਤੇ ਢੁਕਵੀਂ ਦਰਜਾਬੰਦੀ ਕਰਨੀ ਚਾਹੀਦੀ ਹੈ। ਡੱਬਿਆਂ ਵਿੱਚ ਢੋਆ-ਢੁਆਈ ਸਮੇਂ ਫਿੱਸਣ ਤੋਂ ਬਚਾਉਣ ਲਈ 3 ਜਾਂ 4 ਤਹਿਆਂ ਲਗਾ ਕੇ ਬੰਦ ਕਰਨਾ ਚਾਹੀਦਾ ਹੈ।
ਅੰਗੂਰ: ਅੰਗੂਰ ਕੇਵਲ ਪੂਰੇ ਪੱਕਣ ’ਤੇ ਹੀ ਤੋੜਨੇ ਚਾਹੀਦੇ ਹਨ ਕਿਉਂਕਿ ਇਸ ਤੋਂ ਬਾਅਦ ਇਨ੍ਹਾਂ ਵਿੱਚ ਮਿਠਾਸ ਨਹੀਂ ਵਧਦੀ। ਗੁੱਛੀਆਂ ਦੇ ਪੱਕੇ ਹੋਣ ਬਾਰੇ ਕਈ ਨਿਸ਼ਾਨੀਆਂ ਹੁੰਦੀਆਂ ਹਨ ਪਰ ਸਭ ਤੋਂ ਉੱਤਮ ਢੰਗ ਇਨ੍ਹਾਂ ਦਾ ਸੁਆਦ ਚੱਖ ਕੇ ਦੇਖਣਾ ਹੀ ਹੈ। ਇਸ ਵਾਸਤੇ ਜੇ ਸਿਰੇ ’ਤੇ ਲੱਗੇ ਦਾਣੇ (ਅੰਗੂਰ) ਖਾਣ ’ਚ ਸੁਆਦ ਹੋਣ ਤਾਂ ਸਾਰਾ ਗੁੱਛਾ ਤੋੜਨ ਲਈ ਸਹੀ ਹੈ। ਅੰਗੂਰਾਂ ਦਾ ਸੁਆਦ ਜੋ ਦਾਣਿਆਂ ਦੇ ਰੰਗ, ਠੋਸ ਪਦਾਰਥ ਅਤੇ ਮਿਠਾਸ-ਖਟਾਸ ਅਨੁਪਾਤ ’ਤੇ ਨਿਰਭਰ ਹੁੰਦਾ ਹੈ। ਪੂਰੇ ਪੱਕੇ ਹੋਏ ਗੁੱਛੇ ਕੈਂਚੀ ਜਾਂ ਚਾਕੂ ਨਾਲ ਬੜੇ ਧਿਆਨ ਨਾਲ ਕੱਟੋ। ਸਾਂਭ-ਸੰਭਾਲ ਕਰਨ ਵੇਲੇ ਗੁੱਛਿਆਂ ਦੀ ਕੁਦਰਤੀ ਛੋਹ ਖ਼ਤਮ ਨਹੀਂ ਹੋਣੀ ਚਾਹੀਦੀ ਹੈ। ਅੰਗੂਰ ਦਿਨ ਦੇ ਠੰਢੇ ਸਮੇਂ ਤੋੜਨੇ ਚਾਹੀਦੇ ਹਨ। ਗੁੱਛੇ ਵਿੱਚੋਂ ਕੱਚੇ ਜਾਂ ਬਹੁਤ ਪੱਕੇ, ਛੋਟੇ ਅਤੇ ਭੈੜੇ ਆਕਾਰ ਵਾਲੇ ਜਾਂ ਸੜੇ ਹੋਏ ਦਾਣੇ ਛਾਂਟੀ ਕਰ ਦਿਓ। ਗੁੱਛਿਆਂ ਦੇ ਆਕਾਰ ਅਤੇ ਪੱਕਣ ਹਾਲਤ ਅਨੁਸਾਰ ਦਰਜਾ-ਬੰਦੀ ਕਰ ਕੇ ਵੱਖ-ਵੱਖ ਪੇਟੀਆਂ ਵਿੱਚ ਬੰਦ ਕਰਨੇ ਚਾਹੀਦੇ ਹਨ। ਲੋਕਲ ਮੰਡੀਕਰਨ ਲਈ ਅੰਗੂਰਾਂ ਨੂੰ ਛਹਿਤੂਤ ਜਾਂ ਬਾਂਸ ਦੀਆਂ ਟੋਕਰੀਆਂ ਵਿੱਚ ਅਤੇ ਦੂਰ ਦੀਆਂ ਮੰਡੀਆਂ ਲਈ ਗੱਤੇ ਦੇ 2-4 ਕਿਲੋ ਦੀ ਸਮਰੱਥਾ ਵਾਲੇ ਡੱਬਿਆਂ ਵਿੱਚ ਬੰਦ ਕਰ ਕੇ ਭੇਜਣਾ ਚਾਹੀਦਾ ਹੈ। ਅੰਗੂਰਾਂ ਦੀ ਪਰਲਟ ਕਿਸਮ ਨੂੰ ਐਲਡੀਪੀ ਬੈਗ ਵਿੱਚ ਸਲਫਰ ਡਾਈਆਕਸਾਈਡ ਵਾਲੇ ਇਕਹਿਰੀ ਸੀਟ ਦੇ ਪੈਡਾਂ ਨਾਲ ਗੱਤੇ ਦੇ ਡੱਬਿਆਂ ਵਿੱਚ 0-2 ਡਿਗਰੀ ਸੈਂਟੀਗਰੇਡ ਤਾਪਮਾਨ ਤੇ 90-95 ਫ਼ੀਸਦੀ ਨਮੀ ’ਤੇ 30 ਦਿਨਾਂ ਲਈ ਵਧੀਆ ਰੱਖਿਆ ਜਾ ਸਕਦਾ ਹੈ। ਫਲੇਮ ਸੀਡਲੈੱਸ ਕਿਸਮ ਦੇ ਅੰਗੂਰ ਢੁੱਕਵੀਂ ਪਕਾਈ ’ਤੇ ਤੋੜ ਕੇ ਹਲਕੇ ਭੂਰੇ ਰੰਗੇ ਗਦਰ ਅੰਗੂਰਾਂ ਨੂੰ ਮੋਰੀਆਂ ਵਾਲੇ 4 ਕਿਲੋ ਦੇ ਗੱਤੇ ਦੇ ਡੱਬਿਆਂ ਵਿੱਚ ਪੌਲੀਥੀਨ ਸੀਟ ਰੱਖ ਕੇ ਇਕ ਸ਼ੀਟ ਗਰੇਪ ਗਾਰਡ ਸਣੇ 0-2 ਡਿਗਰੀ ਸੈਂਟੀਗਰੇਡ ਤਾਪਮਾਨ ’ਤੇ 90-95 ਫ਼ੀਸਦੀ ਨਮੀ ’ਤੇ 45 ਦਿਨਾਂ ਲਈ ਵਧੀਆ ਰੱਖਿਆ ਜਾ ਸਕਦਾ ਹੈ।
ਆੜੂ: ਆੜੂ ਦਾ ਫਲ ਸਹੀ ਪੱਕਣ ਹਾਲਤ ’ਤੇ ਤੋੜਨਾ ਚਾਹੀਦਾ ਹੈ। ਦੂਰ-ਦੁਰਾਡੇ ਮੰਡੀਆਂ ’ਚ ਭੇਜਣ ਲਈ ਆੜੂ ਦੀਆਂ ਪੀਲੇ ਗੁੱਦੇ ਵਾਲੀਆਂ ਕਿਸਮਾਂ ਦੇ ਫਲ ਗਦਰ ਹਾਲਤ ਵਿੱਚ ਤੋੜੋ, ਜਦੋਂ ਰੰਗ ਹਰੇ ਤੋਂ ਪੀਲਾ ਹੋਣਾ ਸ਼ੁਰੂ ਹੁੰਦਾ ਹੈ ਅਤੇ ਹੱਥਾਂ ਵਿੱਚ ਘੁੱਟਣ ਸਮੇਂ ਬਹੁਤ ਥੋੜ੍ਹਾ ਦਬਦਾ ਹੈ। ਸਥਾਨਕ ਮੰਡੀਕਰਨ ਲਈ ਆੜੂ ਪੂਰਾ ਪੱਕਣ ਤੋਂ ਇਕ-ਦੋ ਦਿਨ ਪਹਿਲਾਂ ਹੀ ਤੋੜੋ ਚਿੱਟੇ ਗੁੱਦੇ ਵਾਲੀਆਂ ਆੜੂ ਦੀਆਂ ਕਿਸਮਾਂ ਵਿੱਚ ਪੱਕਣ ਸਮੇਂ ਫਲਾਂ ਦਾ ਰੰਗ ਪੀਲੇ ਸੁੱਕੇ ਘਾਹ ਵਰਗਾ ਅਤੇ ਪਾਸਿਆਂ ਤੋਂ ਗੁਲਾਬੀ ਰੰਗ ਦੀ ਭਾਅ ਮਾਰਦੇ ਹਨ। ਇਹ ਤੋੜੇ ਫਲ 3-4 ਦਿਨਾਂ ’ਚ ਪੱਕ ਜਾਂਦੇ ਹਨ। ਆੜੂ ਦੇ ਫਲਾਂ ਦੀ ਤੁੜਾਈ 3-4 ਪੂਰਾਂ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਬੂਟੇ ’ਤੇ ਸਾਰੇ ਫਲ ਇਕੋ ਸਮੇਂ ਨਹੀਂ ਪੱਕਦੇ। ਤੁੜਾਈ ਸਮੇਂ ਫਲਾਂ ਨੂੰ ਸ਼ਹਿਤੂਤ ਦੀਆਂ ਟੋਕਰੀਆਂ ਜਾਂ ਪਲਾਸਟਿਕ ਦੇ ਡੱਬਿਆਂ ਵਿੱਚ ਸੁੱਕਾ ਨਰਮ ਘਾਹ ਵਿਛਾ ਕੇ ਆਰਾਮ ਨਾਲ ਰੱਖੋ। ਤੁੜਾਈ ਉਪਰੰਤ ਫਲਾਂ ਨੂੰ ਛਾਂ ਹੇਠ ਹਵਾਦਾਰ ਜਗ੍ਹਾ ਜਾਂ ਸ਼ੈੱਡ ਵਿੱਚ ਢੇਰੀ ਕਰੋ। ਮੰਡੀਕਰਨ ਕਰਨ ਤੋਂ ਪਹਿਲਾਂ ਫਲਾਂ ਨੂੰ 10-15 ਮਿੰਟ ਬਰਫ ਵਾਲੇ ਠੰਢੇ ਪਾਣੀ ਵਿੱਚ ਡੁਬੋ ਕੇ ਠੰਢਾ ਕਰੋ ਤੇ ਤੁਰੰਤ ਬਾਅਦ ਵਿੱਚ ਹਵਾ ਵਿੱਚ ਰੱਖ ਕੇ ਸੁਕਾ ਲਓ। ਅਜਿਹਾ ਕਰਨ ’ਤੇ ਫਲ ਜ਼ਿਆਦਾ ਦੇਰ ਤੱਕ ਰੱਖੇ ਜਾ ਸਕਦੇ ਹਨ। ਫਲਾਂ ਦੀ ਡੱਬਾਬੰਦੀ ਕਰਨ ਤੋਂ ਪਹਿਲਾਂ ਇਨ੍ਹਾਂ ਦੀ ਛਾਂਟੀ ਜ਼ਰੂਰ ਕਰੋ ਕੱਚੇ, ਨਰਮ ਅਤੇ ਦਾਗ਼ੀ ਫਲ ਛਾਂਟ ਕੇ ਬਾਹਰ ਕੱਢ ਦਿਓ।
ਫਲਾਂ ਦੀ ਪੈਕਿੰਗ 2-4 ਕਿਲੋ ਆਕਾਰ ਦੇ ਗੱਤੇ ਦੇ ਮੋਰੀਆਂ ਵਾਲੇ ਡੱਬਿਆਂ ਵਿੱਚ ਕਰੋ। ਫਲਾਂ ਨੂੰ ਵਪਾਰਕ ਕੋਲਡ ਸਟੋਰ (0-3.3 ਸੈਂਟੀਗਰੇਡ, ਨਮੀ 85-95 ਫ਼ੀਸਦੀ) ’ਚ 25 ਦਿਨਾਂ ਤੱਕ ਸਹੀ ਹਾਲਤ ਵਿੱਚ ਰੱਖਿਆ ਜਾ ਸਕਦਾ ਹੈ। ਆੜੂ ਦੇ ਫਲਾਂ ਨੂੰ ਪੇਪਰ ਮੋਲਡਡ ਟਰੇਅ ਵਿੱਚ ਗਰਮ ਸੰਗੜਨ ਵਾਲੀ ਸੀਟ ਜਾਂ ਅੱਛੀ ਪਕੜ ਵਾਲੀ ਸ਼ੀਟ ’ਚ ਵੀ ਲਪੇਟ ਕੇ ਪੈਕ ਕਰ ਸਕਦੇ ਹਾਂ। ਇਸ ਤਰੀਕੇ ਨਾਲ ਫਲਾਂ ਨੂੰ ਸੁਪਰ ਮਾਰਕੀਟ ਲਈ (18-20 ਸੈਂਟੀਗਰੇਡ ਤਾਪਮਾਨ) 9 ਦਿਨਾਂ ਲਈ ਆਮ ਮਾਰਕੀਟ ਲਈ (28-30 ਸੈਂਟੀਗਰੇਡ ਤਾਪਮਾਨ) 4 ਦਿਨਾਂ ਤੱਕ ਸਟੋਰ ਕਰ ਸਕਦੇ ਹਾਂ।
ਅਲੂਚਾ: ਅਲੂਚਾ ਦੇ ਫਲਾਂ ਦੀ ਤੁੜਾਈ ਮਈ ਦੇ ਪਹਿਲੇ ਪੰਦਰਵਾੜੇ ਵਿੱਚ ਹੁੰਦੀ ਹੈ। ਫਲਾਂ ਦੇ ਆਕਾਰ ਅਤੇ ਰੰਗ ਅਖ਼ਤਿਆਰ ਕਰਨ ਤੇ ਇਨ੍ਹਾਂ ਦੀ ਤੁੜਾਈ ਕੀਤੀ ਜਾਂਦੀ ਹੈ। ਲੋਕਲ ਮੰਡੀਕਰਨ ਲਈ ਪੂਰੇ ਪੱਕੇ ਹੋਏ ਫਲ ਅਤੇ ਦੂਰ ਦੀਆਂ ਮੰਡੀਆਂ ਲਈ 50 ਪ੍ਰਤੀਸ਼ਤ ਰੰਗ ਆਉਣ ’ਤੇ ਸਖ਼ਤ ਫਲ ਤੋੜੇ ਜਾਂਦੇ ਹਨ। ਫਲ ਟੋਕਰੀਆਂ ਵਿੱਚ ਘਾਹ ਵਿਛਾ ਕੇ ਫਿਰ ਇਕੱਠੇ ਕਰੋ ਤਾਂ ਜੋ ਫਲਾਂ ਨੂੰ ਰਗੜਾਂ ਤੋਂ ਬਚਾਇਆ ਜਾ ਸਕੇ। ਤੁਰੰਤ ਬਾਅਦ ਫਲਾਂ ਨੂੰ ਛਾਂ ਹੇਠ ਤਰਪਾਲ ਜਾਂ ਪੱਲੀ ਵਿਛਾ ਕੇ ਉੱਪਰ ਢੇਰੀ ਕਰੋ। ਫਲ ਸਵੇਰ ਸਮੇਂ ਹੀ ਪੈਕ ਕਰੋ। ਛਾਂਟੀ ਕਰਨ ਉਪਰੰਤ ਦਰਜਾਬੰਦੀ ਕਰ ਕੇ ਮੰਡੀਕਰਨ ਕਰੋ। ਦੂਰ ਦੀਆਂ ਮੰਡੀਆਂ ਲਈ ਫਲ ਸ਼ਾਮ ਵੇਲੇ ਤੋੜੋ ਅਤੇ ਰਾਤ ਨੂੰ ਠੰਢੇ ਹੋਣ ਤੋਂ ਬਾਅਦ ਦਰਜਾਬੰਦੀ ਕਰ ਕੇ ਫਿਰ ਮੰਡੀਕਰਨ ਕਰੋ। ਛਾਂਟੀ ਕਰਦੇ ਸਮੇਂ ਨਰਮ, ਦਾਗੀ, ਜ਼ਿਆਦਾ ਪੱਕੇ ਅਤੇ ਕੱਚੇ ਫਲ ਬਾਹਰ ਕੱਢ ਦਿਓ। ਦਰਜਾਬੰਦੀ ਫਲਾਂ ਦੇ ਆਕਾਰ ਅਨੁਸਾਰ ਕਰਨੀ ਚਾਹੀਦੀ ਹੈ।
ਫਲਾਂ ਦੀ ਡੱਬਾਬੰਦੀ ਸਾਧਾਰਨ ਤੌਰ ’ਤੇ 5 ਕਿਲੋ ਲੱਕੜ ਦੀ ਪੇਟੀ ’ਚ ਕਰਨੀ ਚਾਹੀਦੀ ਹੈ ਫਲਾਂ ਨੂੰ ਰਗੜਾਂ ਤੋਂ ਬਚਾਉਣ ਲਈ ਹੇਠ ਨਰਮ ਕਾਗਜ਼ ਦੀਆਂ ਕਤਰਾਂ (8-10 ਸੈਂਟੀਮੀਟਰ ਤਹਿ) ਵਿਛਾ ਕੇ ਉੱਤੇ ਅਖ਼ਬਾਰ ਦਾ ਕਾਗਜ਼ ਲਗਾ ਦਿਓ। ਪੇਟੀ ਵਿੱਚ ਖ਼ਲਾਂ ਦੀ ਇਕਹਿਰੀ ਤਹਿ ਵਿਛਾਓ ਤੇ ਉਪਰ ਕਾਗਜ਼ ਦੀਆਂ ਕਤਰਾਂ ਵਿਛਾਓ ਫਿਰ ਦੂਜੀ, ਤੀਜੀ ਅਤੇ ਆਖਰੀ ਤਹਿ ਇਸੇ ਤਰ੍ਹਾਂ ਰੱਖੋ। ਆਖ਼ਰੀ ਤਹਿ ਉੱਪਰ ਕਤਰਾਂ ਰੱਖ ਕੇ ਅਖ਼ਬਾਰ ਦਾ ਕਾਗਜ਼ ਵਿਛਾ ਕੇ ਪੇਟੀ ਦਾ ਢੱਕਣ ਲਗਾ ਦਿਓ। ਕੋਲਡ ਸਟੋਰ ਵਿੱਚ ਆਲੂਚੇ 25 ਦਿਨਾਂ ਤੱਕ ਵਧੀਆ ਰੱਖੇ ਜਾ ਸਕਦੇ ਹਨ। ਮੰਡੀਕਰਨ ਲਈ ਫਲਾਂ ਦੀ ਢੋਆ-ਢੁਆਈ ਠੰਢੀਆਂ ਵੈਨਾਂ ’ਚ ਕਰਨੀ ਚਾਹੀਦੀ ਹੈ। ਅਲੂਚੇ ਦੀ ਸਤਲੁਜ ਪਰਪਲ ਕਿਸਮ ਦੇ ਫਲਾਂ ਨੂੰ ਰੰਗ ਬਦਲਣ ਦੀ ਹਾਲਤ ’ਚ ਤੋੜ ਕੇ 2 ਫ਼ੀਸਦੀ ਕੈਲਸ਼ੀਅਮ ਨਾਈਟਰੇਟ ਦੇ ਘੋਲ ’ਚ 5 ਮਿੰਟ ਡੋਬਣ ਤੋਂ ਬਾਅਦ 0-1 ਸੈਂਟੀਗਰੇਡ ਤਾਪਮਾਨ ’ਤੇ 90-95 ਫ਼ੀਸਦੀ ਨਮੀ ’ਤੇ ਇਕ ਮਹੀਨਾ ਕੋਲਡ ਸਟੋਰ ’ਚ ਰੱਖੇ ਜਾ ਸਕਦੇ ਹਨ। ਇਹ ਫਲ ਕੋਲਡ ਸਟੋਰ ਵਿੱਚੋਂ ਕੱਢਣ ਉਪਰੰਤ 2 ਦਿਨ ਸਾਧਾਰਨ ਤਾਪਮਾਨ ’ਤੇ ਰਹਿ ਸਕਦੇ ਹਨ।
ਲੀਚੀ: ਲੀਚੀ ਜੂਨ ਮਹੀਨੇ ਵਿੱਚ ਪੱਕਦੀ ਹੈ। ਫਲਾਂ ਦਾ ਰੰਗ ਹਰੇ ਤੋਂ ਲਾਲ ਜਾਂ ਗੁਲਾਬੀ ਹੋ ਜਾਂਦਾ ਹੈ। ਦੂਰ ਦੀਆਂ ਮੰਡੀਆਂ ਲਈ ਫਲ ਹਲਕੇ ਗੁਲਾਬੀ ਰੰਗ ’ਤੇ ਤੋੜੇ ਜਾਂਦੇ ਹਨ। ਇਸ ਦਾ ਫਲ ਗੁੱਛੇ ਨਾਲ ਕੁਝ ਪੱਤੇ ਰੱਖ ਕੇ ਤੋੜਿਆ ਜਾਂਦਾ ਹੈ। ਇਸ ਤਰ੍ਹਾਂ ਫਲ ਛੇਤੀ ਮੁਰਝਾਉਂਦਾ ਨਹੀਂ। ਤੁੜਾਈ ਕਈ ਪੂਰਾ ’ਚ ਕੀਤੀ ਜਾਂਦੀ ਹੈ। ਤੁੜਾਈ ਉਪਰੰਤ ਦਰਜਾਬੰਦੀ ਕਰ ਕੇ ਫਲ ਟੋਕਰੀਆਂ ਵਿਚ ਬੰਦ ਕਰ ਕੇ ਮੰਡੀਕਰਨ ਕੀਤਾ ਜਾਂਦਾ ਹੈ। ਟੋਕਰੀ ਦੇ ਚੁਫੇਰੇ ਮੌਸ ਘਾਹ ਜਾਂ ਕੇਲੇ ਦੇ ਪੱਤੇ ਲਪੇਟ ਕੇ ਉੱਪਰ ਗਿੱਲੀ ਬੋਰੀ ਬੰਨ੍ਹ ਦੇਣੀ ਚਾਹੀਦੀ ਹੈ।
ਫਾਲਸਾ: ਇਸ ਦਾ ਫਲ ਮਈ ਅੰਤ ਤੱਕ ਪੱਕਣਾ ਸ਼ੁਰੂ ਕਰਦਾ ਹੈ। ਜੂਨ ਤੱਕ ਪੱਕਦਾ ਰਹਿੰਦਾ ਹੈ। ਪੱਕੇ ਹੋਏ ਫਲ ਹਰ ਤੀਜੇ ਦਿਨ ਤੋੜ ਕੇ ਨੇੜਲੀ ਮੰਡੀ ’ਚ ਭੇਜ ਦੇਣੇ ਚਾਹੀਦੇ ਹਨ।
ਨਾਸ਼ਪਾਤੀ: ਪੱਥਰਨਾਖ ਕਿਸਮ ਦਾ ਫਲ ਲੱਗਣ ਤੋਂ 145 ਦਿਨ, ਪੰਜਾਬ ਬਿਊਟੀ ਦਾ ਫਲ 135 ਦਿਨਾਂ ਅਤੇ ਪੰਜਾਬ ਨੈਕਟਰ ਤੇ ਪੰਜਾਬ ਗੋਲਡ ਦਾ ਫਲ 140 ਦਿਨਾਂ ਬਾਅਦ ਤੋੜਨ ਲਈ ਤਿਆਰ ਹੋ ਜਾਂਦਾ ਹੈ। ਫਲ ਉੱਪਰ ਵੱਲ ਘੁਮਾਉਣ ਨਾਲ ਛੇਤੀ ਟੁੱਟ ਜਾਂਦੇ ਹਨ, ਜਿਸ ਨਾਲ ਖੁੰਘੇ ਨੂੰ ਨੁਕਸਾਨ ਨਹੀਂ ਪਹੁੰਚਦਾ। ਪੰਜਾਬ ਬਿਊਟੀ ਕਿਸਮ ਦੇ ਫਲਾਂ ਨੂੰ 0 ਡਿਗਰੀ ਸੈਂਟੀਗਰੇਡ ’ਤੇ ਤਿੰਨ ਦਿਨਾਂ ਲਈ ਠੰਢਾ ਕਰਨ ਤੋਂ ਬਾਅਦ ਤਿੰਨ ਦਿਨਾਂ ਲਈ 20 ਡਿਗਰੀ ਤਾਪਮਾਨ ’ਤੇ ਰੱਖ ਕੇ ਪਕਾਇਆ ਜਾ ਸਕਦਾ ਹੈ। ਪੱਥਰਨਾਖ ਕਿਸਮ ਦੇ ਫਲਾਂ ਨੂੰ 0 ਡਿਗਰੀ ਸੈਂਟੀਗਰੇਡ ’ਤੇ ਤਿੰਨ ਦਿਨਾਂ ਲਈ ਅਤੇ 20 ਡਿਗਰੀ ਸੈਂਟੀਗਰੇਡ ’ਤੇ ਚਾਰ ਦਿਨਾਂ ਲਈ ਰੱਖਣ ’ਤੇ ਫਲਾਂ ਦੀ ਪਕਾਈ ਅਤੇ ਗੁਣਵੱਤਾ ਵਧਾਈ ਜਾ ਸਕਦੀ ਹੈ। ਨਾਖਾਂ ਦੇ ਫਲਾਂ ਨੂੰ ਢੁੱਕਵੀਂ ਪਕਾਈ ਅਤੇ ਚੰਗੀ ਗੁਣਵੱਤਾ ਲਈ ਇਨ੍ਹਾਂ ਨੂੰ 1000 ਪੀਪੀਐਮ ਇਥੀਫੋਨ (2.5 ਮਿਲੀਲਿਟਰ/ ਲਿਟਰ ਪਾਣੀ) ਦੇ ਘੋਲ ਵਿੱਚ 3 ਤੋਂ 4 ਮਿੰਟਾਂ ਲਈ ਡੋਬੋ ਜਾਂ 100 ਪੀਪੀਐਮ 24 ਘੰਟੇ ਲਈ ਇਥੀਲੀਨ ਗੈਸ ਦੇਵੋ ਅਤੇ 20 ਡਿਗਰੀ ਸੈਂਟੀਗਰੇਡ ’ਤੇ ਸਟੋਰ ਕਰੋ। ਇਸ ਵਿਧੀ ਰਾਹੀਂ ਪੱਥਰਨਾਮ ਦੇ ਫਲ 8 ਦਿਨਾਂ ਅਤੇ ਪੰਜਾਬ ਬਿਊਟੀ ਦੇ ਫਲ 4 ਦਿਨਾਂ ਵਿੱਚ ਪੱਕ ਜਾਂਦੇ ਹਨ।
*ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਅਤੇ ਫਲ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।