ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰਸਿਮਰਤ ਦੀ ਜਿੱਤ ਨੇ ਬਠਿੰਡਾ ’ਚ ਬਾਦਲਾਂ ਦੇ ਆਧਾਰ ’ਤੇ ਮੋਹਰ ਲਾਈ

10:02 AM Jun 05, 2024 IST
ਬਠਿੰਡਾ ਵਿੱਚ ਸਰਟੀਫਿਕੇਟ ਹਾਸਲ ਕਰਦੇ ਹੋਏ ਹਰਸਿਮਰਤ ਕੌਰ ਬਾਦਲ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 4 ਜੂਨ
ਹਰਸਿਮਰਤ ਕੌਰ ਬਾਦਲ ਦੀ ਲਗਾਤਾਰ ਚੌਥੀ ਵਾਰ ਬਠਿੰਡਾ ਸੀਟ ਤੋਂ ਜਿੱਤ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਨੱਕ ਨਮੂਜ਼ ਬਚਾ ਲਿਆ ਹੈ, ਉੱਥੇ ਹੀ ਬਾਦਲਾਂ ਦੇ ਇਸ ਹਲਕੇ ’ਚ ਆਧਾਰ ’ਤੇ ਵੀ ਮੋਹਰ ਲਾਈ ਹੈ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵੱਡੇ ਵੋਟ ਫਰਕ ਨਾਲ ਹਰਾਇਆ ਹੈ।
ਹਾਲਾਂਕਿ ਹਰਸਿਮਰਤ ਨੂੰ ਇਸ ਵਾਰ ਕਠਿਨ ਚੁਣੌਤੀਆਂ ਦਾ ਸਾਹਮਣਾ ਸੀ। ਬਠਿੰਡਾ (ਸ਼ਹਿਰੀ) ਹਲਕੇ ਤੋਂ ਵਿਧਾਇਕ ਰਹੇ ਸਰੂਪ ਚੰਦ ਸਿੰਗਲਾ ਲੰਘੀਆਂ ਵਿਧਾਨ ਸਭਾ ਚੋਣਾਂ ’ਚ ਹਾਰਨ ਮਗਰੋਂ ਇਨ੍ਹਾਂ ਇਲਜ਼ਾਮਾਂ ਨਾਲ ਅਕਾਲੀ ਦਲ ਤੋਂ ਵੱਖ ਹੋ ਗਏ ਸਨ ਕਿ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਅੰਦਰਖਾਤੇ ਮਦਦ ਕਰਦਿਆਂ ਬਾਦਲ ਪਰਿਵਾਰ ਨੇ ਉਨ੍ਹਾਂ ਦੀਆਂ ਲੱਤਾਂ ਖਿੱਚੀਆਂ ਸਨ। ਬਾਅਦ ’ਚ ਸਿੰਗਲਾ ਬੀਜੇਪੀ ’ਚ ਸ਼ਾਮਲ ਹੋਏ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਣੇ। ਇਸੇ ਤਰ੍ਹਾਂ ਮੌਜੂਦਾ ਚੋਣਾਂ ’ਚ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ, ਕਾਂਗਰਸ ’ਚ ਰਲ ਗਏ ਸਨ। ਸਿੱਧੂ ਤਲਵੰਡੀ ਸਾਬੋ ਹਲਕੇ ਤੋਂ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ। ਸੁਖਬੀਰ ਬਾਦਲ ਦੇ ਹਮ-ਜਮਾਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਜਗਦੀਪ ਸਿੰਘ ਨਕੱਈ ਵੀ ਦਲ ਛੱਡ ਕੇ ਭਾਜਪਾ ’ਚ ਚਲੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਵੀ ਪਿਛਲੇ ਦਿਨੀਂ ‘ਆਪ’ ਵਿੱਚ ਐਂਟਰੀ ਮਾਰ ਗਏ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ (ਦਿਹਾਤੀ) ਤੋਂ ਚੋਣ ਲੜ ਚੁੱਕੇ ਅਮਿਤ ਰਤਨ ਕੋਟਫੱਤਾ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ‘ਆਪ’ ਦੇ ਮੌਜੂਦਾ ਵਿਧਾਇਕ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਆਈਏਐਸ ਨੂੰਹ ਪਰਮਪਾਲ ਕੌਰ ਭਾਜਪਾ ਤਰਫ਼ੋਂ ਉਮੀਦਵਾਰ ਵਜੋਂ ਇਨ੍ਹਾਂ ਚੋਣਾਂ ’ਚ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਸਨ। ਕਦਮ ਦਰ ਕਦਮ ਇੰਨੀਆਂ ਚੁਣੌਤੀਆਂ ਦੇ ਬਾਵਜੂਦ ਹਰਸਿਮਰਤ ਦਾ ਬਠਿੰਡਾ ਤੋਂ ਵੱਡੇ ਵੋਟ ਫ਼ਰਕ ਨਾਲ ਚੋਣ ਜਿੱਤਣਾ ਹੈਰਾਨੀਜਨਕ ਪਹਿਲੂ ਹੈ।
ਅਕਾਲੀ ਦਲ ਦੇ ਪੰਜਾਬ ਦੇ ਹੋਰਨਾਂ ਖੇਤਰਾਂ ’ਚ ਖਾਤਾ ਨਾ ਖੁੱਲ੍ਹਣ ਤੋਂ ਇਲਾਵਾ ਉਮੀਦਵਾਰਾਂ ਦਾ ਕੁਝ ਥਾਵਾਂ ’ਤੇ ਚੌਥੇ ਪੰਜਵੇਂ ਨੰਬਰ ’ਤੇ ਰਹਿਣਾ ਅਤੇ ਬਠਿੰਡਾ ਸੀਟ ’ਤੇ ਜਿੱਤ ਦਰਜ ਕਰਾਉਣ ਦੇ ਪਿਛੋਕੜੀ ਕਾਰਣ ਭਾਵੇਂ ਕਈ ਹੋ ਸਕਦੇ ਹਨ ਪਰ ਸਿਆਸੀ ਮਾਹਿਰਾਂ ਦਾ ਮੁੱਖ ਰੂਪ ’ਚ ਮੰਨਣਾ ਹੈ ਕਿ ਪੰਜਾਬ ’ਚ ਬਾਦਲ ਸਰਕਾਰ ਅਤੇ ਕੇਂਦਰ ’ਚ ਹਰਸਿਮਰਤ ਦੇ ਕੇਂਦਰੀ ਮੰਤਰੀ ਹੋਣ ਸਮੇਂ ਹਲਕੇ ਵਿੱਚ ਕੀਤੇ ਬਹੁਤ ਸਾਰੇ ਆਹਲਾ ਕੰਮ ਇਸ ਜਿੱਤ ਦੀ ਬੁਨਿਆਦ ਬਣੇ ਹਨ। ਸ੍ਰੀਮਤੀ ਬਾਦਲ ਬਠਿੰਡਾ ’ਚ ਤੇਲ ਸੋਧਕ ਕਾਰਖਾਨਾ, ਏਮਸ, ਕੇਂਦਰੀ ਯੂਨੀਵਰਸਿਟੀ ਅਤੇ ਬਠਿੰਡਾ ਏਅਰਪੋਰਟ ਨੂੰ ਇਨ੍ਹਾਂ ਕੰਮਾਂ ’ਚੋਂ ਅਹਿਮ ਮੰਨਦੇ ਆ ਰਹੇ ਹਨ।

Advertisement

Advertisement
Advertisement