For the best experience, open
https://m.punjabitribuneonline.com
on your mobile browser.
Advertisement

ਹਰਸਿਮਰਤ ਵੱਲੋਂ ਵਿਕਾਸ ਕੰਮਾਂ ਦੇ ਆਧਾਰ ’ਤੇ ਵੋਟ ਪ੍ਰਚਾਰ ਸ਼ੁਰੂ

07:46 AM Apr 11, 2024 IST
ਹਰਸਿਮਰਤ ਵੱਲੋਂ ਵਿਕਾਸ ਕੰਮਾਂ ਦੇ ਆਧਾਰ ’ਤੇ ਵੋਟ ਪ੍ਰਚਾਰ ਸ਼ੁਰੂ
ਪਿੰਡ ਬੱਪੀਆਣਾ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ। -ਫੋਟੋ: ਮਾਨ
Advertisement

ਪੱਤਰ ਪ੍ਰੇਰਕ
ਮਾਨਸਾ, 10 ਅਪਰੈਲ
ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦੀ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਚੌਥੀ ਪਾਰੀ ਜਿੱਤਣ ਲਈ ਹੁਣ ਲੋਕਾਂ ਤੋਂ ਆਪਣੇ ਵਿਕਾਸ ਕੰਮਾਂ ਦੇ ਨਾਂ ’ਤੇ ਵੋਟ ਮੰਗਣੀ ਆਰੰਭ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੇ ਜਿਵੇਂ ਲਗਾਤਾਰ ਤਿੰਨ ਵਾਰ ਉਨ੍ਹਾਂ ਨੂੰ ਵੋਟ ਪਾ ਕੇ ਸੰਸਦ ਵਿੱਚ ਭੇਜਿਆ ਹੈ, ਉਵੇਂ ਹੁਣ ਵੋਟਰ ਵੱਡੀ ਗਿਣਤੀ ਵਿੱਚ ਇਲਾਕੇ ਵਿੱਚ ਹੋਈਆਂ ਤਰੱਕੀਆਂ ਅਤੇ ਗ੍ਰਾਂਟਾਂ ਦੇ ਗੱਫਿਆਂ ਦੇ ਆਧਾਰ ’ਤੇ ਉਨ੍ਹਾਂ ਨੂੰ ਮੁੜ ਪਾਰਲੀਮੈਂਟ ਵਿੱਚ ਭੇਜਣਗੇ। ਉਹ ਅੱਜ ਮਾਨਸਾ ਨੇੜਲੇ ਪਿੰਡ ਬੁਰਜ ਰਾਠੀ, ਬੁਰਜ ਢਿੱਲਵਾਂ, ਉਭਾ, ਮਲਕਪੁਰ ਖਿਆਲਾ, ਖਿਆਲਾ ਕਲਾਂ, ਬੱਪੀਆਣਾ ਵਿੱਚ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ। ਅੱਜ ਦੇ ਇਕੱਠਾਂ ਵਿੱਚ ਸੰਯੁਕਤ ਅਕਾਲੀ ਦਲ ਤੇ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਦੇ ਇਸ ਖੇਤਰ ਵਿਚਲੇ ਪ੍ਰਮੁੱਖ ਆਗੂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬੱਪੀਆਣਾ ਮੁੱਖ ਰੂਪ ਵਿੱਚ ਸ਼ਾਮਲ ਸਨ।
ਦਿਲਚਸਪ ਗੱਲ ਹੈ ਕਿ ਭਾਵੇਂ ਅਜੇ ਤੱਕ ਅਕਾਲੀ ਦਲ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦਾ ਪਾਰਟੀ ਦੇ ਉਮੀਦਵਾਰ ਵਜੋਂ ਬਕਾਇਦਾ ਐਲਾਨ ਨਹੀਂ ਕੀਤਾ ਹੈ, ਪਰ ਇਸ ਇਲਾਕੇ ਵਿੱਚ ਬੀਬਾ ਬਾਦਲ ਨੇ ਆਪਣੀ ਚੋਣ ਮੁਹਿੰਮ ਨੂੰ ਸ਼ੁਰੂ ਕਰ ਲਿਆ ਹੈ।
ਅੱਜ ਬੀਬਾ ਬਾਦਲ ਨੇ ਪਿੰਡਾਂ ਵਿੱਚ ਦਿੱਤੀਆਂ ਤਕਰੀਰਾਂ ਦੌਰਾਨ ਲੋਕਾਂ ਤੋਂ ਆਪਣੇ ਵਿਕਾਸ ਕਾਰਜਾਂ ਦੇ ਨਾਂ ’ਤੇ ਵੋਟਾਂ ਮੰਗਦਿਆਂ ਕਿਹਾ ਕਿ ਉਨ੍ਹਾਂ ਨੂੰ ਬਠਿੰਡਾ ਲੋਕ ਸਭਾ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਦੇ ਵਾਰਡ ਵਿੱਚ ਜਾਣ ਦਾ ਮੌਕਾ ਪ੍ਰਾਪਤ ਹੋਇਆ ਹੈ ਅਤੇ ਉੱਥੇ ਜਾ ਕੇ ਗ੍ਰਾਂਟਾਂ ਦੇ ਗੱਫੇ ਦੇਣ ਦੇ ਨਾਲ-ਨਾਲ ਦੁੱਖ ਤਕਲੀਫ਼ਾਂ ਨੂੰ ਸੁਣਿਆ ਹੈ, ਜਦੋਂਕਿ ਉਨ੍ਹਾਂ ਦੇ ਮੁਕਾਬਲੇ ਚੋਣ ਮੈਦਾਨ ਵਿੱਚ ਉਤਰਨ ਵਾਲੇ ਵਿਰੋਧੀ ਉਮੀਦਵਾਰ ਹਲਕੇ ਦੇ ਪਿੰਡਾਂ ਤੱਕ ਨੂੰ ਵੀ ਨਹੀਂ ਜਾਣਦੇ ਹਨ।
ਇਸ ਮੌਕੇ ਗੁਰਪ੍ਰੀਤ ਸਿੰਘ ਝੱਬਰ, ਪ੍ਰੇਮ ਅਰੋੜਾ, ਗੁਰਮੇਲ ਸਿੰਘ ਫਫੜੇ, ਗੁਰਪ੍ਰੀਤ ਸਿੰਘ ਚਾਹਲ, ਹਨੀਸ਼ ਬਾਂਸਲ ਵੀ ਮੌਜੂਦ ਸਨ।

Advertisement

ਹਰਸਿਮਰਤ ਦੀ ਪ੍ਰਚਾਰ ਮੁਹਿੰਮ ’ਚ ਸ਼ਾਮਲ ਹੋਏ ਮਲੂਕਾ

ਬਠਿੰਡਾ (ਪੱਤਰ ਪ੍ਰੇਰਕ): ਮਲੂਕਾ ਪਰਿਵਾਰ ਦੇ ਭਾਜਪਾ ਵਿੱਚ ਜਾਣ ਨੂੰ ਵਿਰਾਮ ਚਿੰਨ੍ਹ ਲਗਾਉਂਦੇ ਹੋਏ ਬੁੱਧਵਾਰ ਨੂੰ ਮੌੜ ਹਲਕੇ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਹਰਸਿਮਰਤ ਕੌਰ ਬਾਦਲ ਦੇ ਦੌਰੇ ਦੀ ਅਗਵਾਈ ਕਰਦੇ ਨਜ਼ਰ ਆਏ। ਗ਼ੌਰਤਲਬ ਹੈ ਕਿ ਪਿਛਲੇ ਦਿਨੀਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਆਈਏਐੱਸ ਨੂੰਹ ਵੱਲੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਬੁੱਧਵਾਰ ਨੂੰ ਸ੍ਰੀ ਮਲੂਕਾ ਵੱਲੋਂ ਚੋਣ ਜਲਸਿਆ ਨੂੰ ਸੰਬੋਧਨ ਕੀਤਾ ਗਿਆ। ਇਸ ਸਬੰਧੀ ਮਲੂਕਾ ਦੇ ਮੀਡੀਆ ਇੰਚਾਰਜ ਰਤਨ ਦੇਵ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਸ੍ਰੀ ਮਲੂਕਾ ਮੌੜ ਹਲਕੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਮੌੜ ਦੇ ਸੱਤ ਪ੍ਰੋਗਰਾਮ ਰੱਖੇ ਗਏ ਸਨ ਪਰ ਬਿਮਾਰ ਹੋਣ ਕਾਰਨ ਉਹ ਦੋ ਪ੍ਰੋਗਰਾਮ ਛੱਡ ਕੇ ਵਾਪਸ ਚਲੇ ਗਏ।

Advertisement
Author Image

sukhwinder singh

View all posts

Advertisement
Advertisement
×